ਮੁੱਲਾਂਪੁਰ-ਦਾਖਾ (18 ਜੁਲਾਈ, 2015): ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੇ ਸੰਘਰਸ਼ ਦੀ ਸੰਚਾਲਕ ਸੰਘਰਸ਼ ਕਮੇਟੀ ਅਤੇ ਪੰਜਾਬ ਸਰਕਾਰ ਦਰਮਿਆਨ ਹੋਈ ਮੀਟਿੰਗ ਕਿਸੇ ਸਿੱਟੇ ‘ਤੇ ਨਹੀਂ ਪਹੁੰਚੀ।
ਸੰਘਰਸ਼ ਕਮੇਟੀ ਅਹੁਦੇਦਾਰ ਬੰਦੀ ਸਿੰਘਾਂ ਨੂੰ ਪੈਰੋਲ ‘ਤੇ ਰਿਹਾਅ ਕਰਵਾਉਣ ਲਈ ਅੜੇ ਹੋਏ ਹਨ, ਜਦ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਕਾਨੂੰਨੀ ਅੜਚਨਾਂ ਬਾਰੇ ਦੱਸ ਕੇ ਇਹ ਕਹਿ ਰਹੇ ਹਨ ਕਿ ਭਾਈ ਸੂਰਤ ਸਿੰਘ ਖ਼ਾਲਸਾ ਦੇ ਮੁੱਢਲੇ ਇਲਾਜ ਲਈ ਮੈਡੀਕਲ ਜਾਂਚ ਕਰਵਾਈ ਜਾਵੇ ।
ਗੁਰਦੀਪ ਸਿੰਘ ਬਠਿੰਡਾ ਦੱਸਿਆ ਕਿ ਸ਼ਾਂਤਮਈ ਸੰਘਰਸ਼ ਨੂੰ ਸਿੱਖ ਕੌਮ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉਨ੍ਹਾਂ ਦੱਸਿਆ ਕਿ 21 ਜੁਲਾਈ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਗਰ ਤੋਂ ਵੰਗਾਰ ਮਾਰਚ ਸਵੇਰ 7 ਵਜੇ ਸ਼ੁਰੂ ਹੋਵੇਗਾ ਜੋ ਦੇਰ ਸ਼ਾਮ ਹਸਨਪੁਰ ਭਾਈ ਸੂਰਤ ਸਿੰਘ ਖ਼ਾਲਸਾ ਦੇ ਗ੍ਰਹਿ ਪੁੱਜੇਗਾ । ਰੋਡੇ ਨਗਰ ਤੋਂ ਸ਼ੁਰੂ ਵੰਗਾਰ ਮਾਰਚ ‘ਚ ਪੰਥਕ ਧਿਰਾਂ ਦੀ ਵੱਡੀ ਸ਼ਮੂਲੀਅਤ ਹੋਵੇਗੀ ।
ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਸੂਰਤ ਸਿੰਘ ਖ਼ਾਲਸਾ ਦੇ ਸੰਘਰਸ਼ ਨੂੰ ਲਾਮਬੰਦ ਰੱਖਣ ਲਈ ਸੰਘਰਸ਼ ਕਮੇਟੀ ਕਨਵੀਨਰ ਗੁਰਦੀਪ ਸਿੰਘ ਬਠਿੰਡਾ, ਦਮਦਮੀ ਟਕਸਾਲ ਅਜਨਾਲਾ ਮੁਖੀ ਅਮਰੀਕ ਸਿੰਘ ਅਜਨਾਲਾ, ਜਸਵੀਰ ਸਿੰਘ ਖੰਡੂਰ, ਦਲ ਖ਼ਾਲਸਾ ਮਨਜਿੰਦਰ ਸਿੰਘ ਜੰਡੀ, ਗੁਰਮਤਿ ਪ੍ਰਚਾਰ ਠੀਕਰੀਵਾਲ ਸੇਵਾ ਲਹਿਰ ਦੇ ਸੁਰਿੰਦਰ ਸਿੰਘ, ਸਤਿਕਾਰ ਕਮੇਟੀ ਮੁਖੀ ਸੁਖਜੀਤ ਸਿੰਘ ਖੋਸਾ ਤੇ ਹੋਰ ਸੰਘਰਸ਼ ਕਮੇਟੀ ਮੈਂਬਰਾਂ ਦੁਆਰਾ ਅਗਲੀ ਰਣਨੀਤੀ ਘੜਨ ਲਈ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।