ਕੌਮਾਂਤਰੀ ਖਬਰਾਂ » ਖਾਸ ਖਬਰਾਂ » ਵਿਦੇਸ਼ » ਵੀਡੀਓ

ਸਿੱਖ ਕਾਰਕੁਨ ਵਲੇਰੀ ਕੌਰ ਦਾ ਡਰ; ਜੋ ਦੁਨੀਆ ਆਪਣੇ ਪੁੱਤਰ ਲਈ ਛੱਡਾਂਗੀ ਉਹ ਵੱਧ ਭਿਆਨਕ (ਵੀਡੀਓ)

February 8, 2017 | By

ਵਾਸ਼ਿੰਗਟਨ: ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਸਿਵਲ ਰਾਈਟ ਕਾਰਜਕਰਤਾ ਅਤੇ ਸਿੱਖ ਕਾਰਜਕਰਤਾ ਵਲੇਰੀ ਕੌਰ ਦਾ ਹੈ। ਇਹ ਵੀਡੀਓ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੁਸਲਮਾਨਾਂ ‘ਤੇ ਦੇਸ਼ ਵਿਚ ਲਾਈ ਪਾਬੰਦੀ ਦੀ ਨਿੰਦਾ ਹੋ ਰਹੀ ਹੈ। ਇਹ ਸਪੀਚ ਇਕ ਤਰ੍ਹਾਂ ਨਾਲ ਉਮੀਦ ਦੀ ਕਿਰਨ ਵਾਂਗ ਮਹਿਸੂਸ ਹੁੰਦੀ ਹੈ। ਇਸ ਵੀਡੀਓ ਨੂੰ ਫੇਸਬੁਕ ‘ਤੇ ਆਸਕਰ ਵਿਜੇਤਾ ਸੰਗੀਤਕਾਰ ਏ.ਆਰ. ਰਹਿਮਾਨ ਸਮੇਤ ਕਈ ਲੋਕ ਸ਼ੇਅਰ ਕਰ ਰਹੇ ਹਨ। ਵੀਡੀਓ ਵਿਚ ਉਹ ਅਮਰੀਕਾ ਦਾ ਜ਼ਿਕਰ ਕਰ ਰਹੀ ਹੈ। ਕੌਰ ਦਸਦੀ ਹੈ ਕਿ ਅਮਰੀਕਾ ਨੂੰ ਹੋਰ ਬਿਹਤਰ ਬਣਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਉਹ ਮੁਸਲਮਾਨਾਂ, ਸਿਆਹਫਾਮ ਲੋਕਾਂ ਅਤੇ ਔਰਤਾਂ ‘ਤੇ ਹੋਣ ਵਾਲੇ ਜ਼ੁਲਮਾਂ ਦਾ ਜ਼ਿਕਰ ਕਰਦੀ ਹੈ। ਵੀਡੀਓ ਨੂੰ ਫੇਸਬੁੱਕ ‘ਤੇ ਹੁਣ ਤਕ 16 ਹਜ਼ਾਰ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। 1.4 ਮਿਲੀਅਨ ਤੋਂ ਜ਼ਿਆਦਾ ਵਾਰ ਇਸ ਨੂੰ ਦੇਖਿਆ ਜਾ ਚੁੱਕਾ ਹੈ। ਵੀਡੀਓ ਨੂੰ 5 ਜਨਵਰੀ ਨੂੰ ਫੇਸਬੁੱਕ ‘ਤੇ ਪੋਸਟ ਕੀਤਾ ਗਿਆ ਸੀ।

ਕੌਰ ਆਪਣੀ ਗੱਲ ਕਰਦਿਆਂ ਦਸਦੀ ਹੈ ਕਿ ਕਿਵੇਂ ਉਸ ਦੇ ਦਾਦਾ ਜੀ ਨੂੰ ਅਮਰੀਕਾ ਵਿਚ ਸ਼ੱਕ ਹੋਣ ‘ਤੇ ਫੜ ਲਿਆ ਗਿਆ ਸੀ ਤੇ ਜੇਲ੍ਹ ਵਿਚ ਸੁੱਟ ਦਿੱਤਾ ਸੀ ਪਰ ਫਿਰ ਉਨ੍ਹਾਂ ਨੂੰ ਉਥੋਂ ਕੱਢਣ ਵਾਲਾ ਵੀ ਅਮਰੀਕਾ ਦਾ ਹੀ ਇਕ ਨਾਗਰਿਕ ਸੀ। ਕੌਰ ਨੇ ਕਿਹਾ, ‘ਸਾਰਿਆਂ ਨੂੰ ਮਿਲ ਕੇ ਅਜਿਹਾ ਸਮਾਜ ਬਣਾਉਣਾ ਚਾਹੀਦਾ ਹੈ, ਜਿਸ ਵਿਚ ਭੇਦਭਾਵ ਤੇ ਊਚ-ਨੀਚ ਨਾ ਹੋਵੇ।’ ਕੌਰ ਨੇ ਕਿਹਾ, ‘ਮੇਰੇ ਦਾਦਾ ਜੀ ਕਰੀਬ 103 ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਆਏ ਸਨ। ਉਹ ਸਮੁੰਦਰੀ ਜਹਾਜ਼ ਰਾਹੀਂ ਲੰਬਾ ਸਮਾਂ ਰੁਲਦੇ-ਖੁਲਦੇ ਪਹੁੰਚੇ ਸਨ ਪਰ ਅਮਰੀਕਾ ਦੀ ਧਰਤੀ ‘ਤੇ ਪੈਰ ਧਰਦਿਆਂ ਹੀ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਕਿਉਂਕਿ ਉਹ ਅਮਰੀਕੀਆਂ ਵਰਗੇ ਗੋਰੇ ਨਹੀਂ ਸਨ, ਸਗੋਂ ਸਿਆਹਫਾਮ ਸਨ।’ ਕੌਰ ਨੇ ਦੱਸਿਆ, ‘ਸਿੱਖ ਹੋਣ ਕਾਰਨ ਉਸ ਦੇ ਦਾਦਾ ਜੀ ਉਥੇ ਵੱਡੀ ਸਾਰੀ ਪੱਗ ਬੰਨ੍ਹ ਕੇ ਆਏ ਸਨ ਜਿਸ ਕਾਰਨ ਉਹ ਅਮਰੀਕੀਆਂ ਵਰਗੇ ਤਾਂ ਬਿਲਕੁਲ ਨਹੀਂ ਲੱਗ ਰਹੇ ਸਨ। ਉਸ ਦੇ ਦਾਦਾ ਜੀ ਨੂੰ ਕਈ ਮਹੀਨੇ ਜੇਲ੍ਹ ਵਿਚ ਰਹਿਣਾ ਪਿਆ। ਫਿਰ ਇਕ ਅਮਰੀਕੀ ਵਕੀਲ ਨੇ ਉਨ੍ਹਾਂ ਨੂੰ ਜੇਲ੍ਹ ਵਿਚੋਂ ਨਿਕਲਣ ਵਿਚ ਮਦਦ ਕੀਤੀ।’

ਵਲੇਰੀ ਕੌਰ ਦਸਦੀ ਹੈ ਕਿ ਕਿਵੇਂ 9/11 ਦੇ ਦੁਖਾਂਤ ਤੋਂ ਬਾਅਦ ਉਸ ਨੇ ਉਹੋ ਜਿਹਾ ਵਕੀਲ ਬਣਨ ਦਾ ਫੈਸਲਾ ਲਿਆ ਜਿਸ ਨੇ ਉਸ ਦੇ ਦਾਦਾ ਜੀ ਲਈ ਨਵੀਂ ਦੁਨੀਆ ਦੇ ਦਰ ਖੋਲ੍ਹੇ ਸਨ। ਇਸ ਆਸ ਨਾਲ ਕਿ ਮੈਂ ਦੁਨੀਆ ਨੂੰ ਹੋਰ ਜਿਉਣਯੋਗ ਬਣਾਉਣ ਵਿੱਚ ਸਹਿਯੋਗ ਕਰ ਸਕਾਂਗੀ। ਪਰ ਉਹ ਦੁਨੀਆ ਜੋ ਮੈਂ ਆਪਣੇ ਪੁੱਤਰ ਲਈ ਛੱਡ ਕੇ ਜਾਵਾਂਗੀ, ਮੈਨੂੰ ਵਿਰਸੇ ਵਿੱਚ ਮਿਲੀ ਦੁਨੀਆ ਤੋਂ ਕਿਤੇ ਵੱਧ ਭਿਆਨਕ ਹੈ ਕਿਉਂਕਿ ਇਹ ਆਪਸੀ ਘਿਰਣਾ ਅਤੇ ਅਪਰਾਧਾਂ ਨਾਲ ਭਰੀ ਪਈ ਹੈ।

ਤਾੜੀਆਂ ਦੀ ਗੜਗੜਾਹਟ ਵਿੱਚ ਸਿੱਖ ਫਿਲਮਸਾਜ਼ ਨੇ ਕਿਹਾ, ‘ਇਸ ਦੇ ਬਾਵਜੂਦ ਮੈਂ ਹਾਲੇ ਇਹ ਉਮੀਦ ਨਹੀਂ ਛੱਡੀ ਕਿ ਸਭਨਾਂ ਧਰਮਾਂ, ਫਿਰਕਿਆਂ ਅਤੇ ਭਾਈਚਾਰਿਆਂ ਦੇ ਲੋਕਾਂ ਦੇ ਰਲ ਮਿਲ ਕੇ ਰਹਿਣ ਲਈ ਇਸ ਮੁਲਕ ਨੂੰ ਬੇਹਤਰ ਬਣਾਇਆ ਜਾ ਸਕਦਾ ਹੈ। ਪਰ ਜੇ ਇਹ ਹਨੇਰਾ ਕਬਰ ਦਾ ਨਹੀਂ, ਕੁੱਖ ਦਾ ਹਨੇਰਾ ਹੈ? ਜੇ ਅਮਰੀਕਾ ਦੀ ਰੂਹ ਅਜੇ ਮਰੀ ਨਹੀਂ? ਜੇ ਅਜੇ ਮੁਲਕ ਜੰਮਣ ਦੀ ਉਡੀਕ ਵਿੱਚ ਹੈ, ਜੇ ਅਮਰੀਕਾ ਦੀ ਕਹਾਣੀ ਜਦੋ-ਜਹਿਦ ਦੀ ਕਹਾਣੀ ਹੈ?”

ਏ ਆਰ ਰਹਿਮਾਨ ਦੀ ਪੋਸਟ ਉੱਤੇ ਇੱਕ ਟਿਪਣੀ ਇਉਂ ਸੀ, ‘ਰਹਿਮਾਨ ਜੀ, ਬੇਮਿਸਾਲ, ਮੈਂ ਆਪਣੇ ਆਪ ਨੂੰ ਉਸ ਮਾਂ ਵਜੋਂ ਮਹਿਸੂਸ ਕਰ ਸਕਦੀ ਹਾਂ ਜਿਸ ਦੇ ਇੰਡੋ-ਅਮਰੀਕਨ ਸਿਟੀਜ਼ਨ ਪੁੱਤਰ ਨੂੰ ਸਕੂਲ ਵਿੱਚ ਤੰਗ ਪ੍ਰੇਸ਼ਨ ਕਰਕੇ ਕਿਹਾ ਜਾਵੇ ‘ਜਾ ਭਾਰਤ ਦੌੜ ਜਾ’।

ਇੱਕ ਹੋਰ ਦੀ ਟਿਪਣੀ, “ਕੁਖ ਦਾ ਹਨੇਰਾ। ਕਮਾਲ ਦਾ ਵਰਨਣ। ਅਜਿਹੀ ਦਲੇਰਾਨਾ ਔਰਤ ਦੇ ਵਿਚਾਰ ਸਾਡੇ ਤੱਕ ਪੁੱਜਦੇ ਕਰਨ ਲਈ ਤੁਹਾਡਾ (ਰਹਿਮਾਨ) ਸ਼ੁਕਰੀਆ। ਸਾਨੂੰ ਸਭ ਨੂੰ ਇਸ ਤਰ੍ਹਾਂ ਦੇ ਮਾਨਵੀ ਪਿਆਰ ਅਤੇ ਦਲੇਰੀ ਤੋਂ ਪ੍ਰੇਰਨਾ ਲੈਣੀ ਚਾਹੀਦੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Video of thought-provoking speech by Sikh Civil Rights Activist Valarie Kaur goes viral …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,