ਖਾਸ ਲੇਖੇ/ਰਿਪੋਰਟਾਂ

ਪੰਜਾਬ ਦਾ ਜਲ ਸੰਕਟ: ਪਟਿਆਲੇ ਦੇ ਗੁਰਦੁਆਰਾ ਸਾਹਿਬ ਨੇ ਨਿਵੇਕਲੀ ਪਹਿਲ ਕਦਮੀ ਕੀਤੀ

By ਸਿੱਖ ਸਿਆਸਤ ਬਿਊਰੋ

July 29, 2022

ਕਹਿੰਦੇ ਹਨ ਕਿ ਇਕ ਵਾਰ ਜੰਗਲ ਵਿਚ ਬਹੁਤ ਭਿਆਨਕ ਅੱਗ ਲੱਗ ਗਈ। ਸਭ ਪਾਸੇ ਹਾਹਾਕਾਰ ਮੱਚੀ ਹੋਈ ਸੀ। ਜਨੌਰ ਤੇ ਪਰਿੰਦੇ ਜਾਂ ਤਾਂ ਜੰਗਲ ਛੱਡ ਕੇ ਭੱਜ ਰਹੇ ਹਾਂ ਹਾਲ-ਪਾਰਿਆ ਮਚਾ ਰਹੇ ਹਨ। ਪਰ ਇਕ ਚਿੜੀ ਆਪਣੀ ਚੁੰਝ ਵਿਚ ਪਾਣੀ ਦੀ ਬੂੰਦ ਭਰ ਕੇ ਅੱਜ ਬੁਝਾਉਣ ਜਾ ਰਹੀ ਸੀ। ਕਿਸੇ ਨੇ ਪੁੱਛਿਆ ਕਿ ਤੂੰ ਇਕੱਲੀ ਇੰਨੀ ਭਿਆਨਕ ਅੱਗੁ ਬੁਝਾ ਲਵੇਂਗੀ ਤਾਂ ਉਸ ਨੇ ਕਿਹਾ ਕਿ ਮੇਰਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆ ਵਿਚ ਆਵੇਗਾ। ਉਹ ਚਿੜੀ ਦਾ ਕੀ ਬਣਿਆ, ਕੀ ਜੰਗਲ ਦੀ ਅੱਗ ਬੁਝ ਗਈ? ਬਾਤ ਇਸ ਬਾਰੇ ਕੁਝ ਨਹੀਂ ਦੱਸਦੀ ਕਿਉਂਕਿ ਇਹ ਬਾਤ ਕਿਸੇ ਵੀ ਮੁਸੀਬਤ ਵੇਲੇ ਆਪਣੀ ਸਮਰੱਥਾ ਮਤਾਬਿਕ ਉੱਦਮ ਕਰਨ ਦਾ ਹੋਕਾ ਦਿੰਦੀ ਹੈ।

ਪੰਜਾਬ ਦਾ ਜਲ ਸੰਕਟ ਹੁਣ ਕਿਸੇ ਤੋਂ ਵੀ ਗੁੱਝਾ ਨਹੀਂ ਹੈ। ਪੰਜ ਪਾਣੀਆਂ ਦੇ ਦੇਸ ਦਾ ਧਰਤੀ ਹੇਠਲਾ ਪਾਣੀ ਅਗਲੇ ਕੁਝ ਸਾਲਾਂ ਵਿਚ ਮੁੱਕ ਜਾਣ ਦਾ ਖਤਰਾ ਹੈ। ਇੰਡੀਆ ਦੇ ਕੇਂਦਰੀ ਧਰਤੀ ਹੇਠਲੇ ਜਲ ਬੋਰਡ ਦੇ ਲੇਖੇ ਅਨੁਸਾਰ ਪੰਜਾਬ ਦੇ 150 ਵਿਚੋਂ 117 ਬਲਾਕ ਧਰਤੀ ਹੇਠੋਂ ਪਾਣੀ ਕੱਢਣ ਦੇ ਮਾਮਲੇ ਵਿਚ “ਅਤਿ-ਸ਼ੋਸ਼ਿਤ” (over-exploited) ਹਨ; ਭਾਵ ਕਿ ਇਥੇ ਧਰਤੀ ਹੇਠੋਂ ਹੱਦੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਇਕ ਪਾਸੇ ਪੰਜਾਬ ਵਿਚ ਧਰਤੀ ਹੇਠਾਂ ਪਾਣੀ ਸਿੰਮਣ ਦੇ ਸੋਮੇ ਜਿਵੇਂ ਕਿ ਕੱਚੇ ਵਿਹੜੇ, ਟੋਭੇ, ਤਲਾਅ, ਛੰਭ, ਦਰਿਆਵਾਂ ਦੇ ਵਹਿਣ, ਚੋਅ ਆਦਿ ਘਟ ਗਏ ਹਨ ਤੇ ਖੇਤਾਂ ਵਿਚ ਦਹਾਕਿਆਂ ਤੋਂ ਹੋ ਰਹੇ ਕੱਦੂ ਨੇ ਮਿੱਟੀ ਹੇਠਾਂ ਅਜਿਹਾ ਕੜ ਬੰਨ ਦਿੱਤਾ ਹੈ ਕਿ ਧਰਤੀ ਹੇਠਾਂ ਪਾਣੀ ਦਾ ਸਿੰਮਣਾ ਘਟ ਗਿਆ ਹੈ, ਓਥੇ ਦੂਜੇ ਪਾਣੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁਕੰਮਲ ਹੱਕ ਨਾਲ ਮਿਲਣ ਕਾਰਨ ਪੰਜਾਬ ਧਰਤੀ ਹੇਠੋਂ ਪਾਣੀ ਕੱਢਣ ਤੇ ਮਜਬੂਰ ਹੈ। ਸਿਆਸੀ-ਅਰਥਚਾਰੇ ਦੀਆਂ ਸੀਮਤਾੲਆਂ ਕਾਰਨ ਪੰਜਾਬ ਵਿਚ ਪਾਣੀ ਦੇ ਖੌਅ ਝੋਨੇ ਹੇਠ ਰਕਬਾ 75 ਲੱਖ ਏਕੜ ਤੋਂ ਵੱਧ ਹੈ ਜਦਕਿ ਮਾਹਿਰਾਂ ਮਤਾਬਿਕ ਹੈ 40 ਲੱਖ ਏਕੜ ਤੋਂ ਵੱਧ ਨਹੀਂ ਹੋਣਾ ਚਾਹੀਦਾ। ਅਜਿਹੇ ਵਿਚ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ।

ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਦੀ ਰਫਤਾਰ ਘਟਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਇਹਤਿਆਤ ਨਾਲ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਨ ਦਾ ਉੱਦਮ ਇਕ ਅਜਿਹਾ ਕਾਰਜ ਹੈ ਜਿਹੜਾ ਕਿ ਸਮਾਜਿਕ ਪੱਧਰ ਉੱਤੇ ਕਰਨ ਦੀ ਫੌਰੀ ਲਾਗੂ ਕੀਤਾ ਜਾ ਸਕਦਾ ਹੈ। ਇਸ ਵਾਸਤੇ ਬਰਸਾਤੀ ਪਾਣੀ ਦੀ ਸੰਭਾਲ ਲਈ ਪੂਰੀ ਜਾਣਕਾਰੀ ਹਾਸਿਲ ਕਰਕੇ ਹੀ ਮੀਂਹ ਦੇ ਪਾਣੀ ਨੂੰ ਵਰਤਣ ਵਾਸਤੇ ਇਸ ਦਾ ਭੰਡਾਰਣ ਕਰਨਾ ਚਾਹੀਦਾ ਹੈ ਤੇ ਇਸ ਦੀ ਸ਼ੁੱਧਤਾ ਦੀ ਤਸੱਲੀ ਹੋਣ ਉੱਤੇ ਹੀ ਇਸ ਨੂੰ ਧਰਤੀ ਹੇਠਾਂ ਭੇਜਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਅਜਿਹਾ ਹੀ ਇਕ ਉਪਰਾਲਾ ਪਟਿਆਲਾ ਦੀ ਅਰਬਨ ਅਸਟੇਟ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸਿੱਖ ਸੰਗਤਾਂ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਅਰਬਨ ਅਸਟੇਟ ਨਿਵਾਸੀ ਸ. ਰਣਜੋਧ ਸਿੰਘ ਤੇ ਉਹਨਾ ਦੇ ਸਾਥੀਆਂ ਵਲੋਂ ਕੁਝ ਸਮਾਂ ਪਹਿਲਾਂ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਨਾਲ ਸੰਪਰਕ ਕੀਤਾ ਗਿਆ ਸੀ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਬਰਸਾਤੀ ਜਲ ਸੰਭਾਲ ਪ੍ਰਬੰਧ ਲਾਉਣਾ ਚਾਹੁੰਦੇ ਹਨ। ਜਾਗਰੂਕਤਾ ਕੇਂਦਰ ਦੇ ਜਥੇ ਵਿਚੋਂ ਸ. ਸੁਖਦੇਵ ਸਿੰਘ ਅਤੇ ਸ. ਹਰਿੰਦਰ ਪ੍ਰੀਤ ਸਿੰਘ ਨੇ ਮੌਕੇ ਉੱਤੇ ਜਾ ਕੇ ਜਗ੍ਹਾ ਦਾ ਜਾਇਜ਼ਾ ਲਿਆ।

ਇਸ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ:

1. ਗੁਰਦੁਆਰਾ ਸਾਹਿਬ ਪਹਿਲੀ ਮੰਜਲ ਉੱਤੇ ਹੈ ਤੇ ਇਸ ਦੀ ਛੱਤ (ਦੂਜੀ ਮੰਜਲ) ਵੀ ਪੱਕੀ ਹੈ।

2. ਨੇੜੇ ਕੋਈ ਅਜਿਹਾ ਜਾਂ ਇੰਨਾ ਉੱਚਾ ਰੁੱਖ ਨਹੀਂ ਹੈ ਜਿਸ ਦੇ ਪੱਤੇ ਵਗੈਰਾ ਗੁਰਦੁਆਰਾ ਸਾਹਿਬ ਦੇ ਵਿਹੜੇ ਜਾਂ ਛੱਤ ਉੱਤੇ ਡਿੱਗਦੇ ਹੋਣ।

3. ਗੁਰਦੁਆਰਾ ਸਹਿਬ ਦੇ ਵਿਹੜੇ ਵਿਚ ਸੰਗਮਰਮਰ ਪੱਥਰ ਲੱਗਾ ਹੋਇਆ ਹੈ ਤੇ ਇਹ ਵਿਹੜਾ ਸੇਵਾਦਾਰ ਬੀਬੀਆਂ ਵਲੋਂ ਹਰ ਰੋਜ਼ ਪਾਣੀ ਨਾਲ ਸਾਫ ਕੀਤਾ ਜਾਂਦਾ ਹੈ।

4. ਗੁਰਦੁਆਰਾ ਸਾਹਿਬ ਦਾ ਖੇਤਰਫਲ ਕਰੀਬ 5500 ਵਰਗ ਫੁੱਟ ਹੈ ਜਿੱਥੋਂ ਬਰਸਾਤੀ ਜਲ ਦੀ ਸੰਭਾਲ ਸੁਚੱਜੇ ਤਰੀਕੇ ਨਾਲ ਹੋ ਸਕਦੀ ਹੈ।

     ਇਥੇ ਲਗਾਏ ਗਏ ਬਰਸਾਤੀ ਜਲ ਸੰਭਾਲ ਪ੍ਰਬੰਧ ਦੀ ਖਾਸੀਅਤ:-

1. ਜਲ ਸਰੋਤ ਖੇਤਰ (ਗੁ: ਸਾਹਿਬ ਦਾ ਵਿਹੜਾ ਅਤੇ ਛੱਤ) ਪੱਕਾ ਹੈ ਤੇ ਕਾਫੀ ਹਿੱਸੇ (ਵਿਹੜੇ) ਨੂੰ ਹਰ ਰੋਜ਼ ਪਾਣੀ ਨਾਲ ਧੋਤਾ ਜਾਂਦਾ ਹੈ।

2. ਜਲ ਸੰਭਾਲ ਪ੍ਰਬੰਧ ਵਿਚ ਦੋ ਨਿਕਾਸ ਨਲੀਆਂ ਹਨ, ਜਿਹਨਾਂ ਰਾਹੀਂ ਪਹਿਲੀ ਬਰਸਾਤ ਦਾ ਪਾਣੀ, ਜਾਂ ਹਰ ਮੀਂਹ ਦਾ ਸ਼ੁਰੂਆਤੀ ਪਾਣੀ, ਵੱਖ ਕੱਢਿਆ (ਗਲੀ ਵਿਚ ਛੱਡਿਆ) ਜਾ ਸਕਦਾ ਹੈ।

3. ਜਲ ਸੰਭਾਲ ਪ੍ਰਬੰਧ ਵਿਚ ਪਹਿਲੇ ਪਾਣੀ ਨੂੰ ਵੱਖ ਕਰਨ ਦਾ ਪ੍ਰਬੰਧ (ਫਰਸਟ ਫਲੱਸ਼) ਲਗਿਆ ਹੈ ਤਾਂ ਕਿ ਜੇਕਰ ਰਾਤ-ਬਰਾਤੇ ਮੀਂਹ ਆਵੇ ਤੇ ਸ਼ੁਰੂਆਤੀ ਮੀਂਹ ਦਾ ਪਾਣੀ ਸਿੱਧਾ ਜਲ ਸੰਭਾਲ ਪ੍ਰਬੰਧ ਜਾਣ ਤੋਂ ਪਹਿਲਾਂ ਆਪਣੇ ਆਪ ਵੱਖ ਹੋ ਜਾਵੇ।

4. ਪਾਣੀ ਸਾਫ ਕਰਨ ਲਈ “ਗਰੈਵਿਟੀ ਫਿਲਟਰ” ਲਗਾਇਆ ਗਿਆ ਹੈ ਜਿਸ ਦੀ ਸਮਰੱਥਾ 150 ਲੀਟਰ ਪ੍ਰਤੀ ਸਕਿੰਟ ਤੱਕ ਪਾਣੀ ਨੂੰ ਸਾਫ ਕਰਨ ਦੀ ਹੈ।

5. ਬਰਸਾਤੀ ਪਾਣੀ ਦੀ ਸੰਭਾਲ ਲਈ ਸਾਫ ਹੋਏ ਪਾਣੀ ਨੂੰ ਸਾਂਭਣ ਵਾਸਤੇ ਇੱਕ ਟੈਂਕੀ ਲਗਾਈ ਗਈ ਹੈ ਜਿਸ ਵਿਚ ਬਰਸਾਤ ਦਾ ਪਾਣੀ ਸਾਂਭਿਆ ਜਾਂਦਾ ਹੈ। ਬਾਅਦ ਵਿਚ ਇਹ ਪਾਣੀ ਗੁਰਦੁਆਰਾ ਸਾਹਿਬ ਵਿਖੇ ਵਰਤਿਆ ਜਾਂਦਾ ਹੈ।

6. ਟੈਂਕੀ ਭਰਨ ਤੋਂ ਬਾਅਦ ਹੋਰ ਆ ਰਿਹਾ ਸਾਫ ਹੋਇਆ ਬਰਸਾਤੀ ਪਾਣੀ ‘ਗੁਰਦੁਆਰਾ ਸਾਹਿਬ ਦੇ ਪੁਰਾਣੇ ਬੋਰ ਰਾਹੀਂ ਧਰਤੀ ਹੇਠਾਂ ਭੇਜਿਆ ਜਾਂਦਾ ਹੈ ਕਿਉਂਕਿ ਟੈਂਕੀ ਭਰਨ ਤੱਕ ਮੀਂਹ ਕਾਫੀ ਪੈ ਗਿਆ ਹੁੰਦਾ ਹੈ ਅਤੇ ਪਾਣੀ ਸਾਫ ਹੋ ਚੁੱਕਾ ਹੁੰਦਾ ਹੈ।

     ਸ. ਰਣਜੋਧ ਸਿੰਘ ਹੋਰਾਂ ਨੇ ਇਹ ਗੱਲ ਦਾ ਖਾਸ ਖਿਆਲ ਰੱਖਣ ਦੀ ਜਿੰਮੇਵਾਰੀ ਓਟੀ ਹੈ ਕਿ ਗੁਰਦੁਆਰਾ ਸਾਹਿਬ ਦਾ ਵਿਹੜਾ ਅਤੇ ਛੱਤ ਸਾਫ ਰਹੇਗੀ ਤਾਂ ਕਿ ਮੀਂਹ ਦੇ ਪਾਣੀ ਦੀ ਵੱਧ-ਵੱਧ ਸੁਚੱਜੇ ਤਰੀਕੇ ਨਾਲ ਸੰਭਾਲ ਹੋ ਸਕੇ। ਜੇਕਰ ਕਿਸੇ ਕਾਰਨ ਛੱਤ ਜਾਂ ਵਿਹੜਾ ਸਾਫ       ਨਾ ਹੋਵੇ ਤਾਂ ਪਾਣੀ ਬਰਸਾਤੀ ਜਲ ਸੰਭਾਲ ਪ੍ਰਬੰਧ ਦੀ ਥਾਵੇਂ ਨਿਕਾਸ ਨਲੀਆਂ ਰਾਹੀਂ ਗਲੀ/ਨਾਲੀ ਵਿਚ ਭੇਜ ਦਿੱਤਾ ਜਾਵੇਗਾ।

ਅਸੀਂ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ, ਅਰਬਨ ਅਸਟੇਟ, ਪਟਿਆਲਾ ਦੀ ਸਮੁੱਚੀ ਸੰਗਤ ਨੂੰ ਪੰਜਾਬ ਦੇ ਜਲ ਸੰਕਟ ਦੀ ਰਫਤਾਰ ਮੱਠੀ ਕਰਨ ਲਈ ਆਪਣੇ ਪੱਧਰ ਉੱਤੇ ਇਹ ਉੱਦਮ ਕਰਨ ਉੱਤੇ ਵਧਾਈ ਦਿੰਦੇ ਹਾਂ ਅਤੇ ਸੱਚੇ ਪਾਤਿਸ਼ਾਹ ਦੇ ਚਰਨਾ ਵਿਚ ਅਰਦਾਸ ਕਰਦੇ ਹਾਂ ਕਿ ਇਹ ਸੰਗਤ ਦਾ ਇਹ ਉੱਦਮ ਹੋਰਨਾਂ ਲਈ ਪ੍ਰੇਰਣਾ ਦਾ ਸਰੋਤ ਬਣੇ।

ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਕਿਸੇ ਵੀ ਪੰਜਾਬ ਦਰਦੀ ਵਲੋਂ #ਬਰਸਾਤੀਜਲਸੰਭਾਲ ਬਾਰੇ ਕੀਤੇ ਜਾਣ ਵਾਲੇ ਉਪਰਾਲੇ ਵਿਚ ਸਲਾਹ, ਮਸ਼ਵਰੇ ਅਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਉਣ ਲਈ ਤਤਪਰ ਹੈ ਅਤੇ ਰਹੇਗਾ। ਜੇਕਰ ਤੁਸੀਂ ਵੀ ਅਜਿਹਾ ਉਪਰਾਲਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ +91-90566-84184 ਉੱਤੇ ਸੰਪਰਕ ਕਰ ਸਕਦੇ ਹੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: