ਲੇਖ

ਪੰਜਾਬ ਦਾ ਜਲ ਸੰਕਟ: ਜ਼ਿਲ੍ਹਾ ਨਵਾਂ ਸ਼ਹਿਰ

January 4, 2023 | By

ਕੁਦਰਤੀ ਸਰੋਤਾਂ ਵਿੱਚ ਪਾਣੀ ਸਰਵੋਤਮ ਸੋਮਾ ਹੈ, ਜਿਸ ਤੋਂ ਬਿਨਾਂ ਮਨੁੱਖੀ ਜੀਵਨ ਅਸੰਭਵ ਹੈ। ਇਹ ਸਾਡੀ ਰੋਜ਼ਾਨਾ ਜ਼ਿੰਦਗੀ ਤੇ ਕਾਰ-ਵਿਹਾਰ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਕੇਵਲ ਮਨੁੱਖੀ ਜੀਵਨ ਲਈ ਹੀ ਨਹੀ, ਇਹ ਜੀਵ-ਜੰਤੂਆਂ ਅਤੇ ਬਨਾਸਪਤੀ ਲਈ ਵੀ ਓਨਾ ਹੀ ਜ਼ਰੂਰੀ ਹੈ। ਸੋਚੋ! ਜੇਕਰ ਸਾਡੀ ਜ਼ਿੰਦਗੀ ਵਿੱਚ ਪਾਣੀ ਦੀ ਕਮੀ ਹੋ ਜਾਵੇ ਤਾਂ ਜੀਵਨ ਕਿੰਨਾ ਮੁਸ਼ਕਿਲ ਹੋ ਜਾਵੇਗਾ!

 ਵੱਧ ਰਹੀ ਆਲਮੀ ਤਪਸ਼, ਰੁੱਖਾਂ ਹੇਠ ਰਕਬਾ ਘੱਟ ਹੋਣਾ ਤੇ ਹੋਰ ਗਤੀਵਿਧੀਆਂ ਕਾਰਨ ਦਿਨੋ-ਦਿਨ ਧਰਤੀ ਹੇਠ ਪਾਣੀ ਦਾ ਪੱਧਰ ਘੱਟ ਰਿਹਾ ਹੈ। ਪਾਣੀ ਦਾ ਪੱਧਰ ਕਿੰਨਾ ਘੱਟ ਰਿਹਾ ਹੈ, ਇਹ ਅਸੀਂ ਅੰਕੜਿਆਂ ਤੋਂ ਦੇਖ ਸਕਦੇ ਹਾਂ ਜਿਵੇਂ ਕਿ ਪੰਜਾਬ ਦੇ ਅੰਕੜੇ ਦੇਖੀਏ ਤਾਂ ਇਸਦੇ 150 ਬਲਾਕਾਂ ਵਿੱਚੋਂ 117 ਬਲਾਕ ਅਤਿ ਸ਼ੋਸ਼ਿਤ ਵਰਗ ਵਿਚ ਆਉਂਦੇ ਹਨ।

ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਵੱਲ ਝਾਤ ਮਾਰ ਕੇ ਦੇਖੀਏ ਪਾਣੀ ਦੇ ਅੰਕੜਿਆਂ ਬਾਰੇ। ਭੌਤਿਕ ਤੌਰ ‘ਤੇ, ਇਹ ਖੇਤਰ ਉੱਤਰ-ਪੂਰਬ ਵਿਚ ਪ੍ਰਚਲਿਤ ਸ਼ਿਵਾਲਿਕ ਪਹਾੜੀਆਂ ਅਤੇ ਦੱਖਣ ਵਿੱਚ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ, ਜੋ ਮੁੱਖ ਡਰੇਨੇਜ ਬੇਸਿਨ ਬਣਾਉਂਦਾ ਹੈ।

* ਪਾਣੀ ਕੱਢਣ ਦੀ ਦਰ:

ਜ਼ਿਲ੍ਹੇ ਦੀ ਧਰਤੀ ਹੇਠੋਂ ਪਾਣੀ ਕੱਢਣ ਦੀ ਦਰ 117% ਹੈ। ਨਵਾਂ ਸ਼ਹਿਰ ਜ਼ਿਲ੍ਹੇ ਵਿੱਚ 5 ਹਿੱਸਿਆਂ ਵਿੱਚੋਂ 3 ਹਿੱਸੇ (ਔੜ, ਬੰਗਾ ਅਤੇ ਨਵਾਂਸ਼ਹਿਰ) ਬਹੁਤ ਹੀ ਗੰਭੀਰ ਸਥਿਤੀ ਵਿੱਚ ਹਨ ਭਾਵ ਕਿ ਓਥੇ ਧਰਤੀ ਹੇਠਲੇ ਪਾਣੀ ਕੱਢਣ ਦੀ ਦਰ 100% ਤੋਂ ਵੱਧ ਹੈ, ਜਦੋਂ ਕਿ ਬਾਕੀ ਦੇ ਦੋ ਹਿੱਸੇ ਸਰੋਆ ਅਤੇ ਬਲਾਚੌਰ ਵਿਚ ਧਰਤੀ ਹੇਠਲਾ ਪਾਣੀ ਕੱਢਣ ਦੀ ਦਰ 70% ਤੋਂ ਘੱਟ ਹੈ ਇਹ ਸੁਰੱਖਿਅਤ ਸਥਿਤੀ ਵਿੱਚ ਆਉਂਦੇ ਹਨ।

ਨਵਾਂ ਸ਼ਹਿਰ ਜ਼ਿਲ੍ਹੇ ਅੰਦਰ ਪਾਣੀ ਕੱਢਣ ਦੀ ਦਰ ਇਸ ਤਰਾਂ ਹੈ:
ਸਾਲ 2017 ਸਾਲ 2020
1. ਔੜ : 177% 101%
2. ਬਲਾਚੌਰ : 63% 88%
3. ਬੰਗਾ : 150% 166%
4. ਨਵਾਂਸ਼ਹਿਰ : 108% 158%
5. ਸਰੋਆ : 66% 44%
* ਪਾਣੀ ਦਾ ਕੁੱਲ ਭੰਡਾਰ:
ਧਰਤੀ ਹੇਠਲੇ ਪਾਣੀ ਕੱਢਣ ਦਾ ਕੁੱਲ ਭੰਡਾਰ 136.2 ਲੱਖ ਏਕੜ ਫੁੱਟ ਹੈ। ਇਸ ਜ਼ਿਲ੍ਹੇ ਦੇ ਤਿੰਨੋਂ ਪੱਤਣਾਂ ਵਿੱਚ ਪਾਣੀ ਮੌਜੂਦ ਹੈ ਜਿਸ ਵਿੱਚ ਪਹਿਲੇ ਪੱਤਣ ਵਿੱਚ 68.16, ਦੂਜਾ ਪੱਤਣ ਵਿੱਚ 34.3 ਅਤੇ ਤੀਜੇ ਪੱਤਣ ਵਿੱਚ 33.62 ਲੱਖ ਏਕੜ ਫੁੱਟ ਪਾਣੀ ਹੈ।

*ਝੋਨੇ ਹੇਠ ਰਕਬਾ :
ਜ਼ਿਲੇ ਦਾ ਝੋਨੇ ਹੇਠ ਰਕਬਾ 62% ਹੈ, ਝੋਨੇ ਦੀ ਫ਼ਸਲ ਜ਼ਿਆਦਾ ਉਗਾਉਣ ਕਰਕੇ ਇਸ ਨੂੰ “ਰਾਈਸ ਬਾਊਲ” ਵਜੋਂ ਜਾਣਿਆ ਜਾਂਦਾ ਹੈ। ਧਰਤੀ ਹੇਠਲੇ ਪਾਣੀ ਨੂੰ ਸਿੰਜਾਈ ਲਈ ਲਗਾਤਾਰ ਟਿਊਬਵੈਲਾਂ ਰਾਹੀਂ ਕੱਢਿਆ ਜਾ ਰਿਹਾ ਹੈ ਜਿਸ ਕਾਰਨ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਮੀਂਹ ਦੇ ਪਾਣੀ ਤੇ ਹੋਰਨਾਂ ਸਰੋਤਾਂ ਨਾਲ ਧਰਤੀ ਹੇਠਲੇ ਪਾਣੀ ਦੀ ਜਿਹੜੀ ਪੂਰਤੀ ਹੋਣੀ ਸੀ, ਉਹ ਪਾਣੀ ਕੱਢਣ ਨਾਲੋਂ ਬਹੁਤ ਘੱਟ ਹੈ।
*ਰੁੱਖਾਂ ਹੇਠ ਰਕਬਾ:
ਨਵਾਂ ਸ਼ਹਿਰ ਜ਼ਿਲ੍ਹੇ ਦਾ ਰੁੱਖਾਂ ਹੇਠ ਰਕਬਾ 9.78 % ਹੈ ਜੋ ਕਿ ਬਹੁਤ ਘੱਟ ਹੈ। ਸ਼ਿਵਾਲਿਕ ਦੇ ਪੈਰਾਂ ਵਾਲੇ ਖੇਤਰਾਂ ਵਿੱਚ ਜੰਗਲਾਂ ਦੀ ਕਟਾਈ ਹੋਰ ਵਧ ਗਈ ਹੈ, ਜਿਸ ਨੇ ਹੜ੍ਹਾਂ ਦੇ ਖ਼ਤਰੇ ਨੂੰ ਹੋਰ ਵਧਾ ਦਿੱਤਾ ਹੈ। ਮਾਹਿਰਾਂ ਅਨੁਸਾਰ ਕਿਸੇ ਖਿੱਤੇ ਵਿਚ ਘੱਟ ਤੋਂ ਘੱਟ 33% ਧਰਤੀ ਉੱਤੇ ਜੰਗਲ ਹੋਣਾ ਚਾਹੀਦਾ ਹੈ।
*ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀ ਕਰ ਸਕਦੇ ਹਾਂ?

1.ਬੰਗਾ, ਔੜ ਅਤੇ ਨਵਾਂਸ਼ਹਿਰ ਬਲਾਕਾਂ ਦੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮੀਂਹ ਦੇ ਪਾਣੀ ਨੂੰ ਜ਼ਮੀਨਦੋਜ ਕਰ ਸਕਦੇ ਹਾਂ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਅਨੁਸਾਰ ਨਵਾਂਸ਼ਹਿਰ ਜ਼ਿਲ੍ਹੇ ਦਾ ਕੁੱਲ ਛੱਤ ਦਾ ਖੇਤਰਫਲ 494800 ਵਰਗ ਮੀਟਰ ਹੈ ਅਤੇ ਇਸ ਤੋਂ ਮੌਨਸੂਨ ਅਤੇ ਗੈਰ-ਮੌਨਸੂਨ ਦੌਰਾਨ ਰੀਚਾਰਜ ਕਰਨ ਲਈ ਉਪਲਬਧ ਬਰਸਾਤੀ ਪਾਣੀ ਦੀ ਮਾਤਰਾ ਕ੍ਰਮਵਾਰ 2.107 ਅਤੇ 0.612 MCM(ਮਿਲੀਅਨ ਕਿਊਬਿਕ ਮੀਟਰ) ਹੈ।

2.ਝੋਨੇ ਲਈ ਪਾਣੀ ਦੀ ਲੋੜ ਬਹੁਤ ਜ਼ਿਆਦਾ ਹੈ ਇਸ ਲਈ ਝੋਨੇ ਨੂੰ ਬਦਲ ਕੇ ਰਵਾਇਤੀ ਫ਼ਸਲਾਂ ਲਗਾ ਕੇ ਪਾਣੀ ਦੀ ਵਰਤੋਂ ਘੱਟ ਕਰ ਸਕਦੇ ਹਾਂ।

3. ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਸਾਨੂੰ ਬਰਸਾਤੀ ਪਾਣੀ ਦੀ ਸੁਚੱਜੀਆਂ ਵਿਧੀਆਂ ਨਾਲ ਸੰਭਾਲ ਕਰਨੀ ਚਾਹੀਦੀ ਹੈ ਅਤੇ ਰੁੱਖਾਂ ਹੇਠ ਰਕਬਾ ਵਧਾਉਣਾ ਚਾਹੀਦਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,