Site icon Sikh Siyasat News

ਖੁਦ ਹਮਲਾ ਕਰਵਾਉਣ ਵਾਲੇ, ਪਾਣੀ ਲੁਟਾਉਣ ਵਾਲੇ ਅਕਾਲ ਤਖ਼ਤ ‘ਤੇ ਵੀ ਸੱਚ ਨਹੀਂ ਦੱਸਣਗੇ : ਖਾਲੜਾ ਮਿਸ਼ਨ

ਜੂਨ 1984 'ਚ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਦੀ ਅਗਵਾਈ ਕਰਨ ਵਾਲਾ ਭਾਰਤੀ ਫੌਜ ਦਾ ਜਨਰਲ ਕੁਲਦੀਪ ਬਰਾੜ (ਫਾਈਲ ਫੋਟੋ)

ਤਰਨ ਤਾਰਨ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਸਰਪ੍ਰਸਤ ਪਰਮਜੀਤ ਕੌਰ ਖਾਲੜਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪ੍ਰਧਾਨ ਹਰਮਨਦੀਪ ਸਿੰਘ, ਸਤਵੰਤ ਸਿੰਘ ਮਾਣਕ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਜਿੰਨ੍ਹਾਂ ਲੋਕਾਂ ਨੇ ਤੋਪਾਂ ਟੈਂਕਾਂ ਨਾਲ ਬੰਬਾਰੀ ਕਰਾ ਕੇ ਅਕਾਲ ਤਖਤ ਸਾਹਿਬ ਢਹਿਢੇਰੀ ਕਰਾਇਆ ਹੋਵੇ ਉਹ ਲੋਕ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਵੀ ਸੱਚ ਨਹੀਂ ਦੱਸਣਗੇ। ਉਨ੍ਹਾਂ ਵਲੋਂ ਇਹ ਟਿੱਪਣੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸ ਬਿਆਨਬਾਜ਼ੀ ਦੇ ਸੰਦਰਭ ਵਿੱਚ ਕੀਤੀ ਜਿਸ ਵਿੱਚ ਦੋਵੇਂ ਆਗੂ ਐੱਸ.ਵਾਈ.ਐੱਲ. ਨਹਿਰ ਲਈ ਇਕ ਦੂਜੇ ਨੂੰ ਦੋਸ਼ੀ ਠਹਿਰਾ ਕੇ ਅਕਾਲ ਤਖਤ ਸਾਹਿਬ ‘ਤੇ ਜਾ ਕੇ ਸੱਚ ਦੱਸਣ ਦੀਆਂ ਬਿਆਨਬਾਜ਼ੀਆਂ ਕਰ ਰਹੇ ਹਨ।

ਖਾਲੜਾ ਮਿਸ਼ਨ ਆਰਗੇਰਨਾਈਜ਼ੇਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ (ਫਾਈਲ ਫੋਟੋ)

ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਪਾਰਟੀ ਪੰਜਾਬ ਦਾ ਪਾਣੀ, ਬਿਜਲੀ, ਇਲਾਕੇ ਤੇ ਰਾਜਧਾਨੀ ਖੋਹਣ ਲਈ ਦੋਸ਼ੀ ਹੈ ਉੱਥੇ ਪ੍ਰਕਾਸ਼ ਸਿੰਘ ਬਾਦਲ ਵੀ ਐੱਸ.ਵਾਈ.ਐੱਲ ਨਹਿਰ ਬਣਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਮੀਨ ਐਕਵਾਇਰ ਕਰਨ ਦਾ ਦੋਸ਼ੀ ਹੈ ਜਿਸ ਤੋਂ ਬਾਅਦ ਇੰਦਰਾ ਗਾਂਧੀ ਨੇ ਨਹਿਰ ਪੁੱਟਣ ਲਈ ਟੱਕ ਲਾਇਆ। ਇਹ ਗੱਲ ਬਾਦਲ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਮੰਨ ਲਈ ਹੈ। ਚੋਣ ਮੈਨੀਫੈਸਟੋ ਵਿੱਚ ਪਾਣੀ ਖੋਹਣ ਵਾਲੀ ਧਾਰਾ (5) ਰੱਦ ਕਰਨ ਦਾ ਵਾਅਦਾ ਕਰਕੇ ਚੋਣ ਜਿੱਤੀ ਪਰ ਅੱਜ ਤੱਕ ਇਹ ਧਾਰਾ ਰੱਦ ਨਹੀਂ ਕੀਤੀ। ਰਾਜੀਵ ਲੋਂਗੋਵਾਲ ਸਮਝੋਤੇ ਤਹਿਤ ਨਹਿਰ ਪੁੱਟ ਕੇ ਦੇਣੀ ਮੰਨੀ ਗਈ ਅਤੇ ਪ੍ਰਕਾਸ ਸਿੰਘ ਬਾਦਲ ਨੇ ਇਸ ਸਮਝੋਤੇ ਨੂੰ ਪ੍ਰਵਾਨ ਕਰਕੇ ਚੋਣਾ ਲੜੀਆਂ।

ਪਾਣੀ ਲਟਾਉਣ ਬਦਲੇ ਹੋਟਲ ਤੇ ਹੋਰ ਜਾਇਦਾਦਾਂ ਬਣਾਈਆਂ, ਜਿਸ ਕਾਰਨ ਇਹ ਪ੍ਰੀਵਾਰ ਕਖਪਤੀ ਤੋਂ ਅਰਬਾਂਪਤੀ ਹੋ ਗਿਆ। ਉਨ੍ਹਾਂ ਕਿਹਾ ਕਿ ਹੁਣ ਬਾਦਲ ਕੇਂਦਰ ਦੀ ਮੋਦੀ ਸਰਕਾਰ ਨਾਲ ਰੱਲ ਕੇ ਪੰਜਾਬ ਦਾ ਪਾਣੀ ਖੁਹਾ ਰਿਹਾ ਹੈ ਅਤੇ ਇਸੇ ਕਰਕੇ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫੀਆ ਬਿਆਨ ਦੇ ਕੇ ਹਰਿਆਣੇ ਦਾ ਪੱਖ ਪੂਰਿਆ ਹੈ। ਬਾਦਲ ਅਜੇ ਵੀ ਕੁਰਬਾਨੀ ਕਰਨ ਦੀ ਡਰਾਮੇਬਾਜ਼ੀ ਕਰ ਰਿਹਾ ਹੈ। ਪੰਜਾਬ ਦਾ ਪਾਣੀ ਤਾਂ ਤਿੰਨੇ ਧਿਰਾ ਬਾਦਲ, ਭਾਜਪਾ ਤੇ ਕਾਂਗਰਸ ਲੁਟਾ ਚੁੱਕੀਆਂ ਹਨ ਪਰ ਗੱਲਾਂ ਕੁਰਬਾਨੀਆਂ ਦੀਆਂ ਹੋ ਰਹੀਆਂ ਹਨ।

ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਕਿ ਪੰਜਾਬ ਹਰਿਆਣਾ, ਰਾਜਸਥਾਨ ਨੂੰ ਬਿਠਾ ਕੇ ਪਾਣੀਆਂ ਦੇ ਮਸਲੇ ਨੂੰ ਹੱਲ ਕੀਤਾ ਜਾਵੇ ਬਾਰੇ ਸਖਤ ਇਤਰਾਜ਼ ਜਿਤਾਉਂਦਿਆ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ, ਰਾਜਸਥਾਨ ਨੂੰ ਪੰਜਾਬ ਦੇ ਪਾਣੀਆਂ ਵਿੱਚ ਧਿਰ ਬਣਾ ਕੇ ਪੰਜਾਬ ਦਾ ਪਾਣੀ ਖੋਹਣ ਦੇ ਰਾਹ ਪੈ ਗਈ ਹੈ। ਇੰਦਰਾ ਗਾਂਧੀ ਨੇ ਵੀ 1981 ਵਿੱਚ ਤਿੰਨਾਂ ਧਿਰਾਂ ਨੂੰ ਬਿਠਾ ਕੇ ਪੰਜਾਬ ਦਾ ਪਾਣੀ ਖੋਹਣ ਦਾ ਅਪਰਾਧ ਕੀਤਾ ਸੀ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਪੰਜਾਬ ਦੇ ਪਾਣੀਆਂ ਬਾਰੇ ਕਾਂਗਰਸ, ਬਾਦਲ ਦਲ ਅਤੇ ਭਾਜਪਾ ਵਾਲੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ, ਰਾਜਸਥਾਨ ਨੂੰ ਪੰਜਾਬ ਦੇ ਪਾਣੀਆਂ ਵਿੱਚ ਧਿਰ ਮੰਨਣਾ ਹੀ ਪੰਜਾਬ ਦੇ ਰਾਏਪੇਰੀਅਨ ਹੱਕ ‘ਤੇ ਡਾਕਾ ਹੈ। ਕੇ.ਐਮ.ਓ. ਨੇ ਕਿਹਾ ਕਿ ਕਾਂਗਰਸੀ, ਬਾਦਲ ਦਲ ਅਤੇ ਭਾਜਪਾ ਦੇ ਆਗੂਆਂ ਦਾ ਨਾਰਕੋਟੈਸਟ ਹੋਣ ਨਾਲ ਦਰਬਾਰ ਸਾਹਿਬ ‘ਤੇ ਫੌਜੀ ਹਮਲੇ, ਪੰਜਾਬ ਅੰਦਰ ਚੱਪੇ-ਚੱਪੇ ‘ਤੇ ਹੋਏ ਝੂਠੇ ਮੁਕਾਬਲਿਆਂ, ਪਾਣੀਆਂ ਦੀ ਲੁੱਟ ਅਤੇ ਪੰਜਾਬ ਨੂੰ ਲੁੱਟ ਕੇ ਜਾਇਦਾਦਾਂ ਬਣਾਉਣ ਦਾ ਸੱਚ ਸਾਹਮਣੇ ਆ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version