
November 23, 2022 | By ਪ੍ਰੌ. ਕੰਵਲਜੀਤ ਸਿੰਘ
( ਭਾਗ ੧) ਆਧੁਨਿਕ ਪਰਚਾਰ ਜੁਗਤਾਂ ਅਤੇ ਰਵਾਇਤ
ਆਧੁਨਿਕਤਾ ਅਤੇ ਤਰਕਸ਼ੀਲਤਾ ਕਾਰਨ ਕਈ ਵਾਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਸਾਨੂੰ ਆਪਣਾ ਪ੍ਰਚਾਰ ਸਮੇਂ ਦਾ ਹਾਣੀ ਬਣਾਉਣ ਲਈ ਨਵੀਆਂ ਜੁਗਤਾਂ ਅਪਣਾਉਣੀਆਂ ਚਾਹੀਦੀਆਂ ਹਨ। ਨਵੀਆਂ ਜੁਗਤਾਂ ਅਪਨਾਉਣ ਵਿੱਚ ਕੋਈ ਹਰਜ ਨਹੀਂ ਹੈ ਪਰ ਜੇਕਰ ਉਹ ਕੇਵਲ ਮਨ ਦੀ ਉਡਾਰੀ ਉੱਤੇ ਕੇਂਦ੍ਰਿਤ ਹਨ ਅਤੇ ਉਸ ਨੂੰ ਪਹਿਲ ਦਿੰਦੀਆਂ ਹਨ ਤਾਂ ਇਹ ਜੁਗਤਾਂ ਇਕ ਬੱਚੇ ਨੂੰ ਦੂਜੇ, ਤੀਜੇ ਦਰਜੇ ਦੀ ਧਾਰਮਿਕਤਾ ਤੋਂ ਵੱਧ ਹੋਰ ਕੁਝ ਨਹੀਂ ਦੇ ਸਕਦੀਆਂ। ਫੈਂਟਾਸੀ ਵਿਚ ਲਪੇਟਿਆ ਕਿਰਦਾਰ ਜੀਵਨ ਦੀ ਵਿਹਾਰਕਤਾ ਨਾਲ ਕਦਮ ਮੇਚ ਕੇ ਤੁਰਨ ਤੋਂ ਅਸਮਰਥ ਹੁੰਦਾ ਹੈ। ਇਹ ਮਾਸੂਮ ਮਨ ਦੀ ਉਤਸੁਕਤਾ ਨੂੰ ਕੁਝ ਦੇਰ ਲਈ ਚਕ੍ਰਿਤ ਕਰ ਸਕਦਾ ਹੈ ਜਾਂ ਸੂਖਮ ਅਚੰਭੇ ਨਾਲ਼ ਮਾਸੂਮ ਬੁਧ ਵਿਚ ਕਿਸੇ ਮਹਾਨ ਇਤਿਹਾਸਕ ਕਿਰਦਾਰ ਦਾ ਅੰਸ਼ਿਕ ਅਜਿਹਾ ਬੁੱਤ ਸਿਰਜ ਸਕਦਾ ਹੈ। ਇਸ ਤੋਂ ਵਧੇਰੇ ਇਸ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਬੁੱਤਾਂ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਉਹ ਇਤਹਾਸ ਦੇ ਭੀਖਣ ਦਵੰਦ ਵਿੱਚ ਉਤਰਨ ਲਈ ਕਿਸੇ ਸ਼ਖਸੀਅਤ ਨੂੰ ਤਿਆਰ ਕਰ ਦੇਣ। ਹਾਂ ਇਹ ਜਰੂਰ ਹੈ ਕਿ ਵੀਡੀਓ ਪਲੇਅਰ ਨਾਲ ਫੁੱਟਬਾਲ ਜਾਂ ਕਾਰ ਰੇਸ ਦੇ ਅਭਿਆਸ ਵੇਚ ਕੋਈ ਬੱਚਾ ਪਰਪੱਕ ਹੋ ਜਾਏ। ਧਰਮ ਪ੍ਰਚਾਰ ਲਈ ਫੈਂਟੈਸੀ ਦੀ ਜੁਗਤ ਵਜੋਂ ਐਨੀਮੇਸ਼ਨ ਫਿਲਮ ਦੇ ਹਮਾਇਤੀ ਇਹ ਜ਼ਰੂਰ ਸੋਚਣ ਕੇ ਕੀ ਸਿੱਖੀ ਅਚੰਭਾ-ਰਸ ਉਪਰ ਟਿਕ ਸਕਦੀ ਹੈ ?
( ਭਾਗ ੨) ਫਿਲਮਾਂ ਰਾਹੀਂ ਪ੍ਰਚਾਰ ਦਾ ਤਰਕ
ਆਧੁਨਿਕਤਾ ਨੇ ਮਨੁੱਖ ਦੀ ਜੀਵਨ ਸ਼ੈਲੀ ਨੂੰ ਇੰਨਾ ਜ਼ਿਆਦਾ ਪ੍ਰਭਾਵਤ ਕਰ ਦਿੱਤਾ ਹੈ ਕਿ ਇਸ ਨਾਲ ਪਰਿਵਾਰ ਦੇ ਰਿਸ਼ਤੇ ਵੀ ਨਵੀਂ ਪਰਿਭਾਸ਼ਾ ਗ੍ਰਹਿਣ ਕਰ ਗਏ ਹਨ। ਜੀਵਨ ਸ਼ੈਲੀ ਦੇ ਅਸਰ ਕਾਰਨ ਮਾਪਿਆਂ ਕੋਲ ਆਪਣੇ ਬੱਚਿਆਂ ਨੂੰ ਧਰਮ ਦੀ ਮੌਲਿਕਤਾ ਨਾਲ ਜੋੜਨ ਦੀ ਪ੍ਰਤਿਭਾ ਖਤਮ ਹੋ ਚੁੱਕੀ ਹੈ। ਆਧੁਨਿਕ ਸਮਾਜ ਵਿਚ ਧਰਮ ਅਕਾਲ ਪੁਰਖ ਨਾਲ ਰਿਸ਼ਤੇ ਦਾ ਪੰਧ ਨਹੀਂ ਹੈ ਬਲਕਿ ਧਰਮ ਮਨੋਵਿਗਿਆਨਕ ਲੋੜ ਵਜੋਂ, ਪਛਾਣ ਅਤੇ ਮਾਨਸਿਕ ਤਨਾਵ ਘਟ ਕਰਨੇ ਦੀ ਕਸਰਤ ਬਣਦਾ ਜਾ ਰਿਹਾ ਹੈ। ਇਸ ਜੀਵਨ ਸ਼ੈਲੀ ਨਾਲ ਨਵੀਂ ਪੀੜ੍ਹੀ ਦੇ ਬੱਚੇ ਧਰਮ ਤੋਂ ਬਹੁਤ ਦੂਰ ਜਾ ਰਹੇ ਹਨ। ਨਵੀਂ ਪੀੜ੍ਹੀ ਦੇ ਬੱਚੇ ਆਪਣੀ ਤਰਕਸ਼ੀਲਤਾ ਕਾਰਨ ਨਵੀਂ ਕਿਸਮ ਦੇ ਮੁੱਲ ਪ੍ਰਬੰਧ ਦੇ ਧਾਰਨੀ ਹੋ ਰਹੇ ਹਨ ਜੋ ਆਮ ਤੌਰ ‘ਤੇ ਰਵਾਇਤੀ ਮੁੱਲ ਪ੍ਰਬੰਧ ਨਾਲ ਟਕਰਾਅ ਵਾਲੀ ਸਥਿਤੀ ਪੈਦਾ ਕਰਦਾ ਰਹਿੰਦਾ ਹੈ। ਮਾਪਿਆਂ ਨੂੰ ਇਹ ਗੱਲ ਬਹੁਤ ਚਿੰਤਾਤੁਰ ਕਰਦੀ ਹੈ ਪ੍ਰੰਤੂ ਧਰਮ ਦੀ ਮੌਲਿਕਤਾ ਤੋਂ ਸੱਖਣੇ ਹੋਣ ਕਾਰਨ ਉਹ ਧਰਮ ਦੇ ਅਸਲੀ ਅਨੁਭਵ ਦਾ ਸੰਚਾਰ ਕਰਨ ਵਿਚ ਅਸਮਰੱਥ ਰਹਿੰਦੇ ਹਨ। ਉਹ ਆਪਣੇ ਬੱਚਿਆਂ ਨੂੰ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਖਾਤਰ ਜਾਂ ਕਈ ਵਾਰ ਆਪਣੀ ਧਾਰਮਕ ਜਿੰਮੇਵਾਰੀ ਪੂਰੀ ਕਰਨ ਖਾਤਰ ਆਧੁਨਿਕ ਜੀਵਨ ਸ਼ੈਲੀ ਵਿਚੋਂ ਉਪਜੇ ਸਾਧਨਾਂ ਰਾਹੀਂ ਧਰਮ ਪ੍ਰਚਾਰ ਅਤੇ ਧਾਰਮਿਕਤਾ ਦੀ ਤਲਾਸ਼ ਕਰਦੇ ਹਨ।
ਗੁਰਸਿਖ ਅਤੇ ਗੁਰਮੁਖ ਬਾਹਰੀ ਤੌਰ ‘ਤੇ ਰੁੱਖਾਂ ਦੀ ਜੀਰਾਂਦ ਦੇ ਧਾਰਨੀ ਹੁੰਦੇ ਹਨ ਪਰੰਤੂ ਉਨ੍ਹਾਂ ਦੀ ਸੁਰਤਿ ਅਕਾਲਪੁਰਖ ਵੱਲ ਗਰਜ਼ਦੇ ਨਾਦ ਸਹਿਤ ਪ੍ਰਵਾਹਮਾਨ ਹੁੰਦੀ ਹੈ ਭਾਵ ਗੁਰਸਿੱਖ ਸੁਰਤਿ ਕਰ ਕੇ ਹਰ ਖਿਣ ਗੁਰੂ ਅਤੇ ਅਕਾਲਪੁਰਖ ਵੱਲ ਗਾਮਜਨ ਰਹਿੰਦਾ ਹੈ, ਪ੍ਰੰਤੂ ਹਰੇਕ ਸਿੱਖ ਦੀ ਸੁਰਤਿ ਕਰਤਾਰੀ ਸ਼ਕਤੀਆਂ ਨਾਲ ਸ਼ਿੰਗਾਰੀ, ਕਰਮਸ਼ੀਲ ਅਤੇ ਬੇ ਪ੍ਰਵਾਹ ਨਹੀਂ ਹੋ ਸਕਦੀ । ਕਈ ਵਾਰ ਕਮਜ਼ੋਰ ਧਰਮ-ਪਰਤੀਤੀ, ਆਲਸੀ ਬਿਰਤੀਆਂ ਅਤੇ ਕਰਮਹੀਣਤਾ ਕਾਰਨ, ਕਈ ਵਾਰ ਤਰਕਸ਼ੀਲਤਾ ਵਿਚੋਂ ਪੈਦਾ ਹੋਏ ਡਰ ਕਾਰਨ ਤੇ ਕਈ ਵਾਰ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਰਾਜਸੀ ਸ਼ਕਤੀਆਂ ਦੇ ਦਬਾਅ ਅਤੇ ਧਰਮ ਪ੍ਰਤੀ ਅਗਿਆਨ ਕਾਰਨ ਸਿੱਖ ਸੱਭਿਆਚਾਰ ਵਿੱਚ ਵਿਚ ਰਹਿਣ ਵਾਲੇ ਲੋਕ, ਗੁਰੂ-ਸੱਚ ਦੀ ਅਸਲ ਪਛਾਣ ਖਤਮ ਕਰਨ ਵਾਲੇ ਪ੍ਰਗਟਾਵੇ ਕਰਨ ਲੱਗ ਜਾਂਦੇ ਹਨ ਜਿਨ੍ਹਾਂ ਨੂੰ ਉਹ ਸਿਰਜਨਾਤਮਕ ਪ੍ਰਗਟਾਵਾ ਕਹਿ ਰਹੇ ਹੁੰਦੇ ਹਨ । ਅਸਲ ਵਿੱਚ ਉਹ ਬਿਪਰ ਸੰਸਕਾਰ ਦੇ ਛਲਾਵੇ ਹੇਠ ਬੁੱਤ ਪ੍ਰਸਤੀ ਦੇ ਨਵੇਂ ਰੂਪ ਪ੍ਰਗਟ ਕਰਦੇ ਹਨ।
ਬੁੱਤ ਘੜਨ ਦਾ ਅਮਲ ਮਾਨਸਿਕਤਾ ਦੇ ਡੂੰਘੇ ਧਰਾਤਲਾਂ ‘ਤੇ ਧਰਮ ਅਨੁਭੂਤੀ ਦੇ ਨਿਰਾਕਾਰ ਮੰਡਲਾਂ ਵਿਚ ਵਾਪਰਦਾ ਹੈ। ਜਦੋਂ ਮਨੁੱਖ ਦੀ ਧਰਮ ਪ੍ਰਤੀਤੀ ਜਾਗ੍ਰਿਤ ਹੁੰਦੀ ਹੈ ਤਾਂ ਉਹ ਰੱਬ ਦੇ ਦੇਸ਼ ਵੱਲ ਸਫ਼ਰ ਕਰਦਾ ਹੈ। ਇਹ ਸਫ਼ਰ ਸੁਰਤ ਦੇ ਨਿਰਾਕਾਰ ਮੰਡਲਾਂ ਵਿਚ ਕੀਤਾ ਜਾਂਦਾ ਹੈ ਅਤੇ ਇਸ ਦਾ ਅਸਰ ਸ਼ਖ਼ਸੀਅਤ ਉਪਰ ਦਿਸਣਾ ਆਰੰਭ ਹੋ ਜਾਂਦਾ ਹੈ। ਇਸ ਸਫ਼ਰ ਨਾਲ ਸਾਧਕ ਦੀ ਸੁਰਤਿ ਉੱਚੀ ਉਠਣੀ ਸ਼ੁਰੂ ਹੁੰਦੀ ਹੈ ਤੇ ਉੱਚੀ ਸੁਰਤ ਦੇ ਨਾਲ ਹੀ ਉਸ ਦੀ ਫਿਤਰਤ ਵਿਚ ਪਈਆਂ ਆਲਸੀ ਬਿਰਤੀਆਂ ਵੀ ਤਾਕਤਵਰ ਹੋ ਜਾਂਦੀਆ ਹਨ । ਮਨੁੱਖ ਦਾ ਆਪਣਾ ਆਲਸ ਹੀ ਉਸ ਨੂੰ ਬੰਦਗੀ ਦੇ ਨਿਰਾਕਾਰ ਮੰਡਲਾਂ ਵਿਚ ਜ਼ਿਆਦਾ ਸਮਾਂ ਨਹੀਂ ਰਹਿਣ ਦਿੰਦਾ ਅਤੇ ਉਹ ਰੱਬ ਦੀ ਪ੍ਰਾਪਤੀ ਦੇ ਸੌਖੇ ਰਾਹਾਂ ਦੀ ਤਲਾਸ਼ ਕਰਨ ਲੱਗਦਾ ਹੈ। ਇਹ ਤਲਾਸ਼ ਉਸ ਨੂੰ ਬਿਪਰ-ਸੰਸਕਾਰ ਦੇ ਖਾਰੇ ਸਮੁੰਦਰ ਵੱਲ ਲੈ ਜਾਂਦੀ ਹੈ। ਬਿਪਰ ਸੰਸਕਾਰ ਮਨੁੱਖ ਦੀ ਧਰਮ ਪ੍ਰਤੀਤੀ ਵਿਚ ਅਕਾਲ ਪੁਰਖ ਪ੍ਰਤੀ ਨਿਸ਼ੇਧ ਪ੍ਰਕਿਰਿਆ ਦਾ ਦਖ਼ਲ ਕਰਵਾ ਦਿੰਦਾ ਹੈ। ਇਸ ਨਾਲ ਮਨੁੱਖ ਦਾ ਪ੍ਰਤੀਤੀ ਸੱਤਿਆ ਨਾਲ ਕੀਤਾ ਜਾਣ ਵਾਲਾ ਸਫ਼ਰ ਰੁਕ ਜਾਂਦਾ ਹੈ ਅਤੇ ਸੁਰਤਿ ਵਿਚ ਅਕਾਲ ਪੁਰਖ ਦੇ ਬੁੱਤ ਬਣਨੇ ਸ਼ੁਰੂ ਹੋ ਜਾਂਦੇ ਹਨ । ਜਦੋਂ ਕੋਈ ਇਸ ਰੁਕੇ ਹੋਏ ਅਨੁਭਵ ਦਾ ਕਿਸੇ ਕਿਸਮ ਦਾ ਪਦਾਰਥਕ ਅਤੇ ਭਾਸ਼ਾਈ ਪ੍ਰਗਟਾਵਾ ਕਰਦਾ ਹੈ ਤਾਂ ਉਹ ਅਸਲ ਵਿਚ ਬੁੱਤ ਦੀ ਸਿਰਜਣਾ ਕਰ ਰਿਹਾ ਹੁੰਦਾ ਹੈ।
Related Topics: Pro. Kanwaljit singh, Stop Animation or Cartoon Movies on Sikh Gurus, Stop Dastan E-Sirhind