ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਅਹੁਦੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਦੇ ਹੋਏ

ਸਿਆਸੀ ਖਬਰਾਂ

ਗੁ: ਗਿਆਨ ਗੋਦੜੀ ਦੀ ਲਹਿਰ ਚਲਾਉਣ ਲਈ ਕਾਹਲੇ ਸ਼੍ਰੋਮਣੀ, ਦਿੱਲੀ ਕਮੇਟੀ ਵਾਲੇ ਗਵਾਲੀਅਰ ਬਾਰੇ ਚੁੱਪ ਕਿਉ?

By ਸਿੱਖ ਸਿਆਸਤ ਬਿਊਰੋ

May 15, 2017

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਹਰਿਦੁਆਰ ਸਥਿਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਲਹਿਰ ਚਲਾਉਣ ਲਈ ਕਾਹਲੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਗਿਆਨੀ ਗੁਰਬਚਨ ਸਿੰਘ ਗਵਾਲੀਅਰ ਸਥਿਤ ਉਸ ਇਤਿਹਾਸਕ ਗੁਰਦੁਆਰੇ ਦੀ ਮੁੜ ਸਥਾਪਨਾ ਪ੍ਰਤੀ ਚੁੱਪ ਕਿਉਂ ਹੈ ਜੋ ਨਵੰਬਰ 1984 ਦੇ ਸਿੱਖ ਕਤਲੇਆਮ ਵੇਲੇ ਢਾਹ ਦਿੱਤਾ ਗਿਆ ਸੀ ਅਤੇ ਉਸਦੀ ਥਾਂ ‘ਤੇ ਮੰਦਰ ਉਸਾਰ ਦਿੱਤਾ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਗਵਾਲੀਅਰ ਸਥਿਤ ਇਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਹੈ। 17 ਅਕਤੂਬਰ 2009 (ਬੰਦੀ ਛੋੜ ਦਿਵਸ) ਮੌਕੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਥਾ ਕਰਦਿਆਂ ਭਾਈ ਹਰਿੰਦਰ ਸਿੰਘ ਅਲਵਰ ਨੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ ਸੀ ਕਿ ਜੋ 52 ਕਲੀਆਂ ਵਾਲਾ ਚੋਲਾ ਛੇਵੇਂ ਗੁਰੂ ਸਾਹਿਬ ਨੇ ਕਿਲ੍ਹੇ ਵਿੱਚ ਕੈਦ 52 ਰਾਜਿਆਂ ਨੂੰ ਰਿਹਾਅ ਕਰਾਉਣ ਹਿੱਤ ਪਹਿਨਿਆ ਸੀ ਉਹ ਇੱਥੇ ਦੇ ਹੀ ਭਾਈ ਹਰਦਾਸ ਜੀ ਨੇ ਤਿਆਰ ਕਰਵਾਇਆ ਸੀ। ਭਾਈ ਅਲਵਰ ਨੇ ਇਤਿਹਾਸਕ ਸਰੋਤਾਂ ਦੇ ਹਵਾਲੇ ਨਾਲ ਦੱਸਿਆ ਸੀ ਕਿ ਕਿਲ੍ਹੇ ਤੋਂ ਰਿਹਾਈ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਅਸਥਾਨ ‘ਤੇ ਭਾਈ ਹਰਦਾਸ ਦੇ ਘਰ ਇੱਕ ਰਾਤ ਆਰਾਮ ਕੀਤਾ।

ਨਵੰਬਰ 1984 ਵਿੱਚ ਦਿੱਲੀ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਉਪਰ ਕੀਤੇ ਗਏ ਹਮਲਿਆਂ ਦੌਰਾਨ ਗੁਰੂ ਸਾਹਿਬ ਦੀ ਭਾਈ ਹਰਦਾਸ ਨਾਲ ਨੇੜਤਾ ਦੇ ਪ੍ਰਤੀਕ ਇਸ ਗੁਰਦੁਆਰਾ ਸਾਹਿਬ ਨੂੰ ਵੀ ਢਾਹ ਦਿੱਤਾ ਗਿਆ ਤੇ ਬਾਅਦ ਵਿੱਚ ਉਸ ਜਗਾਹ ‘ਤੇ ਮੰਦਰ ਉਸਾਰ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਲਈ ਮੱਧ ਪ੍ਰਦੇਸ਼ ਦੇ ਸਿੱਖਾਂ ਨੇ ਇੱਕ ਲੰਬੀ ਕਾਨੂੰਨੀ ਲੜਾਈ ਵੀ ਲੜੀ ਜਿਸ ਬਾਰੇ ਸਾਲ 2009 ਵਿੱਚ ਜਾਣਕਾਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਪਾਸ ਵੀ ਪੁੱਜੀ। ਸਾਲ 2009 ਵਿੱਚ ਬੰਦੀਛੋੜ ਦਿਹਾੜੇ ਮੌਕੇ ਸ਼ੁਰੂ ਹੋਈ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦੀ ਕਾਰਵਾਈ ਦੇ ਚਲਦਿਆਂ ਗਵਾਲੀਅਰ ਦੇ ਇਸ ਇਤਿਹਾਸਕ ਅਸਥਾਨ ਦੇ ਮਾਮਲੇ ਨੂੰ ਵੀ ਠੰਡੇ ਬਸਤੇ ਪਾ ਦਿੱਤਾ ਗਿਆ।

ਹੁਣ ਜਦੋਂ ਕਿ ਬਾਦਲ ਦਲ ਪੰਜਾਬ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਹੈ ਤਾਂ ਉਸਨੇ ਆਪਣੇ ਕਬਜ਼ੇ ਹੇਠਲੀ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਰਸੂਖ ਨੂੰ ਵਰਤਕੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਲਹਿਰ ਚਲਾਉਣ ਦਾ ਫੈਸਲਾ ਲਿਆ ਹੈ। ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਗਵਾਲੀਅਰ ਦੇ ਇਤਿਹਾਸਕ ਅਸਥਾਨ ਦੀ ਮੁੜ ਸਥਾਪਨਾ ਲਈ ਵੀ ਅੱਗੇ ਆਉਣਾ ਪਵੇਗਾ। ਉਧਰ ਅਕਾਲ ਤਖਤ ਸਾਹਿਬ ਦੇ ਸਕਤਰੇਤ ਪਾਸ ਗਵਾਲੀਅਰ ਦੇ ਇਸ ਇਤਿਹਾਸਕ ਅਸਥਾਨ ਬਾਰੇ ਚੱਲ ਰਹੇ ਅਦਾਲਤੀ ਮਾਮਲੇ ਬਾਰੇ ਕੋਈ ਪੁੱਖਤਾ ਜਾਣਕਾਰੀ ਨਹੀਂ ਹੈ। ਪਰ ਸਵਾਲ ਤਾਂ ਅਹਿਮ ਹੈ ਕਿ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਇੱਕ ਦਹਾਕੇ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਅੱਧਵਾਟੇ ਆਪਣੇ ਨਾਮ ਕਰਨ ਲਈ ਕਾਹਲੀ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਸਿਆਸੀ ਆਕਾ 32 ਸਾਲ ਬੀਤ ਜਾਣ ‘ਤੇ ਵੀ ਗਵਾਲੀਅਰ ਦੇ ਗੁਰਦੁਆਰਾ ਸਾਹਿਬ ਬਾਰੇ ਖਾਮੋਸ਼ ਕਿਉਂ ਹਨ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: