ਵਿਕੀਲੀਕਸ ਦੇ ਮੋਢੀ ਜੁਲੀਅਨ ਅਸਾਂਜੇ

ਕੌਮਾਂਤਰੀ ਖਬਰਾਂ

ਖੂਫੀਆ ਜਾਣਕਾਰੀ ਜਨਤਕ ਕਰਨ ਵਾਲੀ ਵਿਕੀਲੀਕਸ ਦੇ ਮੋਢੀ ਜੁਲੀਅਨ ਅਸਾਂਜੇ ਦੀ ਰਾਜਸੀ ਸ਼ਰਣ ਖਤਮ ਕਰ ਸਕਦਾ ਹੈ ਇਕੁਆਡੋਰ

By ਸਿੱਖ ਸਿਆਸਤ ਬਿਊਰੋ

July 29, 2018

ਲੰਡਨ: ਸਰਕਾਰਾਂ ਦੀ ਖੂਫੀਆ ਜਾਣਕਾਰੀ ਨੂੰ ਲੋਕਾਂ ਸਾਹਮਣੇ ਨਸ਼ਰ ਕਰਨ ਵਾਲੀ ਵੈਬਸਾਈਟ ਵਿਕੀਲੀਕਸ ਦੇ ਮੋਢੀ ਜੁਲੀਅਨ ਅਸਾਂਜੇ ਨੂੰ ਲੰਡਨ ਸਥਿਤ ਇਕੁਆਡੋਰ ਦੇਸ਼ ਦੀ ਅੰਬੈਸੀ ਤੋਂ ਕੱਢਿਆ ਜਾ ਸਕਦਾ ਹੈ ਜਿੱਥੇ ਉਹ 6 ਸਾਲਾਂ ਤੋਂ ਸ਼ਰਨ ਲੈ ਕੇ ਰਹਿ ਰਿਹਾ ਸੀ। ਇੰਡੀਅਨ ਐਕਸਪ੍ਰੈਸ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਛਾਪਿਆ ਹੈ ਕਿ ਇਕੁਆਡੋਰ ਦੇ ਰਾਸ਼ਟਰਪਤੀ ਲੇਨਿਨ ਮੋਰਿਨੋ ਨੇ ਅਸਟ੍ਰੇਲੀਅਨ ਮੂਲ ਦੇ ਅਸਾਂਜੇ ਨੂੰ ਅੰਬੇਸੀ ਛੱਡ ਕੇ ਜਾਣ ਲਈ ਕਹਿ ਦਿੱਤਾ ਹੈ।

47 ਸਾਲਾ ਅਸਾਂਜੇ 2012 ਵਿਚ ਰਾਜਨੀਤਕ ਸ਼ਰਣ ਮਿਲਣ ਤੋਂ ਬਾਅਦ ਕੇਂਦਰੀ ਲੰਡਨ ਦੇ ਨਾਈਟਸਬ੍ਰਿਜ ਵਿਚ ਸਥਿਤ ਇਕੁਆਡੋਰ ਦੀ ਅੰਬੇਸੀ ਵਿਚ ਰਹਿ ਰਿਹਾ ਹੈ।

“ਦਾ ਟਾਈਮਜ਼” ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਹੈ ਕਿ ਅਸਾਂਜੇ ਨੂੰ ਛੇਤੀ ਹੀ ਰਾਜਨੀਤਕ ਸ਼ਰਨਾਰਥੀ ਦਾ ਰੁਤਬਾ ਛੱਡਣਾ ਪਵੇਗਾ, ਜਿਸ ਦਾ ਮਤਲਬ ਹੈ ਕਿ ਉਸਨੂੰ ਅੰਬੈਸੀ ਵਿਚੋਂ ਕੱਢ ਦਿੱਤਾ ਜਾਵੇਗਾ। ਪਰ ਇਹ ਕਦੋਂ ਹੋਵੇਗਾ ਇਸ ਬਾਰੇ ਸਪਸ਼ਟ ਨਹੀਂ ਕਿਹਾ ਜਾ ਸਕਦਾ।”

ਗੋਰਤਲਬ ਹੈ ਕਿ ਇਕੁਆਡੋਰ ਦੇ ਰਾਸ਼ਟਰਪਤੀ ਨੇ ਪਿਛਲੇ ਦਿਨੀਂ ਸਪੇਨ ਵਿਚ ਇਕ ਬਿਆਨ ਦਿੱਤਾ ਸੀ ਕਿ ਕਿਸੇ ਨੂੰ ਵੀ ਬਹੁਤ ਜਿਆਦਾ ਸਮੇਂ ਲਈ ਸ਼ਰਣ ਵਿਚ ਨਹੀਂ ਰਹਿਣਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਅਸਾਂਜੇ ਦੀਆਂ ਗਤੀਵਿਧੀਆਂ ਨਾਲ ਵੀ ਅਸਿਹਮਤੀ ਪ੍ਰਗਟ ਕੀਤੀ ਸੀ।

ਜ਼ਿਕਰਯੋਗ ਹੈ ਕਿ ਅਸਾਂਜੇ ਨੂੰ ਅਮਰੀਕਾ ਭੇਜਿਆ ਜਾ ਸਕਦਾ ਹੈ ਜਿੱਥੇ ਉਸ ਖਿਲਾਫ ਵਿਕੀਲੀਕਸ ਰਾਹੀਂ ਸੰਵੇਦਨਸ਼ੀਲ ਜਾਣਕਾਰੀ ਜਨਤਕ ਕਰਨ ਦਾ ਦੋਸ਼ ਹੈ।

ਅਸਾਂਜੇ ਨੂੰ ਇਕੁਆਡੋਰ ਵਲੋਂ ਇਸ ਅਧਾਰ ‘ਤੇ ਰਾਜਸੀ ਸ਼ਰਣ ਦਿੱਤੀ ਗਈ ਸੀ ਕਿ ਉਸਨੂੰ ਅਮਰੀਕਾ ਵਿਚ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਾ ਉਸ ਉੱਤੇ ਤਸ਼ੱਦਦ ਹੋ ਸਕਦਾ ਹੈ।

ਇਕੁਆਡੋਰ ਦੇ ਰਾਸ਼ਟਰਪਤੀ ਨੇ ਇਸ਼ਾਰਾ ਕੀਤਾ ਹੈ ਕਿ ਬਰਤਾਨੀਆ ਨਾਲ ਗੱਲਬਾਤ ਚਲ ਰਹੀ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਜੇਕਰ ਅਸਾਂਜੇ ਨੂੰ ਅਮਰੀਕਾ ਹਵਾਲੇ ਕੀਤਾ ਜਾਂਦਾ ਹੈ ਤਾਂ ਉਸਨੂੰ ਉੱਥੇ ਫਾਂਸੀ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ।

ਅਮਰੀਕਾ ਦੇ ਅਟੋਰਨੀ ਜਨਰਲ ਜੇਫ ਸੈਸ਼ਨਜ਼ ਨੇ ਸਾਫ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਅਸਾਂਜੇ ਦੀ ਗ੍ਰਿਫਤਾਰੀ ਚਾਹੁੰਦਾ ਹੈ।

ਜੇਕਰ ਇਕੁਆਡੋਰ ਅੰਬੈਸੀ ਵਿਚੋਂ ਅਸਾਂਜੇ ਨੂੰ ਕੱਢ ਦਿੱਤਾ ਜਾਂਦਾ ਹੈ ਤਾਂ ਉਸਦੇ ਕੂਟਨੀਤਕ ਖੇਤਰ ਤੋਂ ਬਾਹਰ ਨਿਕਲਦਿਆਂ ਹੀ ਉਸਨੂੰ ਸਕੋਟਲੈਂਡ ਯਾਰਡ ਵਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ।

ਲੰਡਨ ਵਿਚ ਅਸਾਂਜੇ ਦੀ ਵਕੀਲ ਜੇਨੀਫਰ ਰੋਬਿਨਸਨ ਨੇ ਕਿਹਾ ਕਿ ਉਹ ਪਿਛਲੇ ਹਫਤੇ ਅਸਾਂਜੇ ਨੂੰ ਮਿਲੀ ਸੀ ਤੇ ਉਸਦੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅਸਾਂਜੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਦਾਲਤ ਵਿਚ ਪਹੁੰਚ ਕਰਨਗੇ ਤੇ ਅਮਰੀਕਾ ਹਵਾਲਗੀ ਦਾ ਵਿਰੋਧ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: