ਸਿਆਸੀ ਖਬਰਾਂ » ਸਿੱਖ ਖਬਰਾਂ

ਡੇਰਾ ਸਿਰਸਾ ਦੀ ਵੋਟਾਂ ‘ਤੇ ਟੇਕ ਰੱਖਣ ਵਾਲੇ ਸਿੱਖ ਨਹੀਂ ਹੋ ਸਕਦੈ : ਦਲ ਖ਼ਾਲਸਾ

February 2, 2017 | By

ਅੰਮ੍ਰਿਤਸਰ: ਦਲ ਖ਼ਾਲਸਾ ਦਾ ਮੰਨਣਾ ਹੈ ਕਿ ਅਖੌਤੀ ਡੇਰਾ ਸਿਰਸਾ ਨਾਲ ਹੱਥ ਮਿਲਾਉਣ ਦੇ ਨਾਲ ਅਕਾਲੀ ਦਲ ਬਾਦਲ ਦਾ ਪਤਨ 4 ਫਰਵਰੀ ਨੂੰ ਨਿਸ਼ਚਿਤ ਹੈ। ਜਥੇਬੰਦੀ ਨੇ ਕਿਹਾ ਕਿ 11 ਮਾਰਚ ਤੋਂ ਬਾਅਦ ਪੰਜਾਬ ਦਾ ਚਿਹਰਾ ਕੋਈ ਵੀ ਬਣੇ, ਸਿੱਖ ਕੌਮ ਸਿਰਸਾ ਡੇਰੇ ਨੂੰ ਪੰਜਾਬ ਦੀ ਧਰਤੀ ‘ਤੇ ‘ਗੁਰਮਤਿ ਵਿਰੋਧੀ ਕੋਈ ਵੀ ਸਤਿਸੰਗ ਜਾਂ ਸਮਾਗਮ’ ਕਰਨ ਦੀ ਇਜ਼ਾਜਤ ਨਹੀਂ ਦੇਵੇਗੀ।

ਪਾਰਟੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਯਕੀਨ ਰੱਖਣ ਵਾਲੇ ਸਿੱਖ, ਅਕਾਲੀਆਂ ਨੂੰ ਪੰਥ-ਵਿਰੋਧੀ ਅਨਸਰਾਂ ਨਾਲ ਯਾਰੀਆਂ ਲਾਉਣ ਅਤੇ ਧਰਮ ਦੇ ਮਾਰਗ ਤੋਂ ਭਟਕਣ ਲਈ ਸਬਕ ਜ਼ਰੂਰ ਸਿਖਾਉਣਗੇ।

ਉਹਨਾਂ ਕਿਹਾ ਕਿ ਅਕਾਲੀਆਂ ਨੇ ਜੋ ਸਮਰਥਨ ਡੇਰਾ ਸਿਰਸਾ ਤੋਂ ਹਾਸਿਲ ਕੀਤਾ ਹੈ ਅਤੇ ਜਿਸ ਦੇ ਇਵਜ਼ ਵਿਚ ਅਕਾਲੀਆਂ ਨੇ ਡੇਰੇ ਨੂੰ ਉਸਦੇ ਪ੍ਰੋਗਰਾਮ ਪੰਜਾਬ ਵਿਚ ਕਰਾਉਣ ਦਾ ਭਰੋਸਾ ਦਿੱਤਾ ਹੈ ਉਹ 17 ਅਤੇ 20 ਮਈ 2007 ਨੂੰ ਪੰਜ ਤਖ਼ਤਾਂ ਦੇ ਜਥੇਦਾਰਾਂ ਵਲੋਂ ਜਾਰੀ ਕੀਤੇ ਹੁਕਮਨਾਮੇ ਦੀ ਘੋਰ ਉਲੰਘਣਾ ਹੈ।

ਦਲ ਖ਼ਾਲਸਾ ਆਗੂ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਦਲ ਖ਼ਾਲਸਾ ਆਗੂ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਉਹਨਾਂ ਸੁਖਬੀਰ ਬਾਦਲ ਉੱਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਥ ਨੂੰ ਧੋਖਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਗੱਲ ਸਿੱਧ ਹੋ ਗਈ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਸਤੰਬਰ 2016 ਵਿਚ ਖ਼ਾਲਸਾ ਪੰਥ ਵਲੋਂ ਰੱਦ ਕੀਤੇ ਜਾ ਚੁੱਕੇ ਜਥੇਦਾਰਾਂ ਵਲੋਂ ਮੁਆਫੀ ਦਿੱਤੇ ਜਾਣ ਦੇ ਡਰਾਮੇ ਦੀ ਘਾੜਤ ਸੁਖਬੀਰ ਬਾਦਲ ਨੇ ਇਕ ਗੁਪਤ ਸਮਝੌਤੇ ਤਹਿਤ ਘੜੀ ਸੀ। ਉਸ ਮੁਆਫੀ ਵਾਲੇ ਫੈਸਲੇ ਤੋਂ ਬਾਅਦ ਪੰਜਾਬ ਅੰਦਰ ਪੈਦਾ ਹੋਏ ਹਾਲਤਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਜੋ ਉਥਲ-ਪੁਥਲ ਦਾ ਸਾਹਮਣਾ ਕਰਨਾ ਪਿਆ ਉਸ ਲਈ ਦਲ ਖਾਲਸਾ ਨੇ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ।

ਉਹਨਾਂ ਕਿਹਾ ਕਿ ਬਾਦਲਾਂ ਦੀ ਅਗਵਾਈ ਵਿਚ “ਅਕਾਲੀ” ਆਪਣੇ ਨਿਸ਼ਾਨੇ ਅਤੇ ਸਿਧਾਂਤ ਤੋਂ ਭਟਕ ਗਏ ਹਨ। “ਪਹਿਲਾਂ ਅਕਾਲੀਆਂ ਨੇ ਸਿੱਖ ਏਜੰਡਾ ਤਿਆਗਿਆ ਅਤੇ ਸਿੱਖਾਂ ਦੀਆਂ ਇਛਾਵਾਂ ਦੀ ਤਰਜ਼ਮਾਨੀ ਕਰਨੀ ਛੱਡੀ। ਹੁਣ ਅਕਾਲੀਆਂ ਨੇ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰ ਲਈ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਅਕਾਲੀ ਰਾਜਨੀਤੀ ਦਾ ਪੂਰੀ ਤਰ੍ਹਾਂ ਪਤਨ ਹੋ ਗਿਆ ਹੈ।” ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬੰਡੂਗਰ ਨੂੰ ਕਿਹਾ ਕਿ ਉਹ ਇਸ ਬਿਖੜੇ ਸਮੇ ਅੰਦਰ ਨਿਘਾਰ ਵੱਲ ਜਾ ਚੁੱਕੀ ਸਿੱਖ ਰਾਜਨੀਤੀ ਉਤੇ ਧਰਮ ਦਾ ਖੁੰਡਾ ਮੁੜ ਬਹਾਲ ਕਰਨ ਲਈ ਹਿੰਮਤ ਦਿਖਾਉਣ।

ਦਲ ਖ਼ਾਲਸਾ ਦੇ ਆਗੂ ਮਹਿਸੂਸ ਕਰਦੇ ਹਨ ਕਿ ਸੁਖਬੀਰ ਅਤੇ ਉਸਦੇ ਸਹਿਯੋਗੀ ਇਹਨਾਂ ਆਖਰੀ ਪਲਾਂ ਦੌਰਾਨ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਬਿਨਾਂ ਸਿਰ-ਪੈਰ ਹੱਥ ਮਾਰ ਰਹੇ ਹਨ। ਉਹਨਾਂ ਕਿਹਾ ਕਿ ਆਪਣੀ ਹਾਰ ਹੁੰਦੀ ਮਹਿਸੂਸ ਕਰਦਿਆਂ ਬਾਦਲ ਦਲ ਦੇ ਆਗੂਆਂ ਨੇ ਬੁਖਲਾਹਟ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਆਪ ਅਤੇ ਖ਼ਾਲਿਸਤਾਨੀਆਂ ਦੇ ਇਕਮਿਕ ਹੋਣ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਟਿਪਣੀ ਕਰਦਿਆਂ ਸਪੱਸ਼ਟ ਕੀਤਾ ਕਿ ਖ਼ਾਲਿਸਤਾਨੀ ਜਥੇਬੰਦੀਆਂ ਦਾ ‘ਆਪ’ ਨਾਲ ਕੋਈ ਰਿਸ਼ਤਾ ਨਹੀਂ ਹੈ। ਦਲ ਖ਼ਾਲਸਾ ਆਗੂਆਂ ਨੇ ਸੁਖਬੀਰ ਨੂੰ ਚੇਤਾਵਨੀ ਦਿੱਤੀ ਕਿ ਉਹ ਹੋਰਨਾਂ ਨੂੰ ਨੀਵਾ ਦਿਖਾਉਣ ਦੀ ਥਾਂ ਆਪਣੀ ਜਗੀਰੂ ਅਤੇ ਹੰਕਾਰੀ ਮਾਨਸਿਕਤਾ ਨੂੰ ਬਦਲਣ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

With Sirsa cult by its’ side, Badals will meet their Waterloo: Dal Khalsa …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,