ਕੌਮਾਂਤਰੀ ਖਬਰਾਂ

ਭਾਰਤ ਸਰਕਾਰ ਵਲੋਂ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਵਰਲਡ ਸਿੱਖ ਪਾਰਲੀਮੈਂਟ ਯੂ.ਐਨ.ਓ ਪਹੁੰਚੀ

March 18, 2019 | By

ਜਨੇਵਾ – ਪੰਜਾਬ ਅੰਦਰ ਨਵਾਂਸ਼ਹਿਰ ਦੀ ਅਦਾਲਤ ਵੱਲੋਂ 3 ਨੌਜਵਾਨਾਂ ਅਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸੁਰਜੀਤ ਸਿੰਘ ਨੂੰ ਸਿੱਖ ਲਿਟਰੇਚਰ ਰੱਖਣ ਅਤੇ ਸ਼ਹੀਦਾਂ ਦੀਆਂ ਫੋਟੋਆਂ ਫੇਸਬੁੱਕ ਉੱਤੇ ਸ਼ੇਅਰ ਕਰਨ ਕਰਕੇ ਦੇਸ਼ ਧ੍ਰੋਹ ਦਾ ਕੇਸ ਪਾ ਕੇ ਉਮਰ ਕੈਦ ਦੀ ਦਿੱਤੀ ਸਜ਼ਾ ਦੇ ਮੁੱਦੇ ਨੂੰ ਲੈ ਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਨੇਵਾ ਵਿੱਚ ਪਹੁੰਚ ਕੇ ਇਨ੍ਹਾਂ ਨੌਜਵਾਨਾਂ ਨਾਲ ਹੋਈ ਬੇਇਨਸਾਫੀ ਅਤੇ ਪ੍ਰਗਟਾਵਾ ਕਰਨ ਦੀ ਅਜ਼ਾਦੀ ਦੇ ਕਾਨੂੰਨ ਦੀ ਉਲੰਘਣਾ ਬਾਰੇ ਯੂ ਐਨ ਓ ਨੂੰ ਜਾਣੂੰ ਕਰਵਾਇਆ ਗਿਆ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਮਸਲੇ ਬਾਰੇ ਜਾਣਕਾਰੀ ਦੇਣ ਲਈ ਭਾਰਤ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ । ਕਸ਼ਮੀਰੀਆਂ ਅਤੇ ਭਾਰਤ ਅੰਦਰ ਹੋਰ ਪੀੜਤ ਘੱਟ ਗਿਣਤੀਆਂ ਨੇ ਵੀ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ

ਇੰਗਲੈਂਡ, ਜਰਮਨੀ, ਫਰਾਂਸ, ਇਟਲੀ ਅਤੇ ਹੋਰ ਯੂਰਪੀਅਨ ਦੇਸ਼ਾਂ ਤੋਂ ਪਹੁੰਚੇ ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇੰਦਿਆਂ ਨੇ ਭਾਰਤ ਦੇ ਅਦਾਲਤੀ ਢਾਂਚੇ ਦੇ ਭਗਵਾਂਕਰਨ ਹੋ ਜਾਣ ਖਿਲਾਫ ਅਵਾਜ਼ ਉਠਾਉਂਦਿਆਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਜਾਣੂੰ ਕਰਵਾਇਆ ਕਿ ਕਿਸ ਤਰ੍ਹਾਂ ਘਟਗਿਣਤੀਆਂ ਨੂੰ ਅਦਾਲਤਾਂ ਵਿੱਚ ਬੇਇਨਸਾਫੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਤਾਜ਼ਾ ਉਦਾਹਰਨ ਪੰਜਾਬ ਅੰਦਰ ਤਿੰਨ ਨੌਜਵਾਨਾਂ ਨੂੰ ਅਦਾਲਤ ਵੱਲੋਂ ਲਿਟਰੇਚਰ ਰੱਖਣ ਕਰਕੇ ਦਿੱਤੀ ਉਮਰ ਕੈਦ ਦੀ ਸਜ਼ਾ ਹੈ ।

ਵਰਲਡ ਸਿੱਖ ਪਾਰਲੀਮੈਂਟ ਵੱਲੋਂ ਯੂ ਅੇਨ ਓ ਦੇ ਜਨੇਵਾ ਸਥਿਤ ਮਨੁੱਖੀ ਹੱਕਾਂ ਦੇ ਕਮਿਸ਼ਨਰ ਨੂੰ ਇੱਕ ਮੈਮੋਰੰਡਮ ਵੀ ਦਿੱਤਾ ਗਿਆ ਜਿਸ ਵਿੱਚ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਭਾਰਤ ਅੰਦਰ ਘਟਗਿਣਤੀਆਂ ਤੇ ਖਾਸ ਕਰਕੇ ਸਿੱਖਾਂ, ਕਸ਼ਮੀਰੀਆਂ ਅਤੇ ਨੂੰ ਸਵੈ ਨਿਰਣੈ ਦਾ ਹੱਕ ਤੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਹੱਕ ਨਹੀਂ ਦਿੱਤਾ ਜਾ ਰਿਹਾ ।

ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇੰਦਿਆਂ ਵੱਲੋਂ ਭਾਰਤ ਸਰਕਾਰ ਖਿਲਾਫ ਅਤੇ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ । ਇਸ ਮੌਕੇ ਬੋਲਦਿਆਂ ਭਾਈ ਰਣਜੀਤ ਸਿੰਘ ਸਰਾਏ, ਭਾਈ ਮਨਪ੍ਰੀਤ ਸਿੰਘ ਅਤੇ ਭਾਈ ਪਿਰਤਪਾਲ ਸਿੰਘ ਸਵਿਟਜ਼ਰਲੈਂਡ ਨੇ ਕਿਹਾ ਕਿ ਅਜ਼ਾਦੀ ਸਾਡਾ ਜਨਮ ਸਿੱਧ ਹੱਕ ਹੈ ਤੇ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਸਿੱਖਾਂ ਅਤੇ ਕਸ਼ਮੀਰੀਆਂ ਨੂੰ ਸਵੈ ਨਿਰਣੈ ਦਾ ਹੱਕ ਅਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਹੋਣਾ ਚਾਹੀਦਾ ਹੈ ਪਰ ਭਾਰਤ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਇਹ ਹੱਕ ਘੱਟ ਗਿਣਤੀਆਂ ਨੂੰ ਨਹੀਂ ਦੇ ਰਿਹਾ ।

ਬੁਲਾਰਿਆਂ ਵੱਲੋਂ ਭਾਰਤ ਸਰਕਾਰ ਵੱਲੋਂ ਦੱਖਣੀ ਏਸ਼ੀਆਂ ਵਿੱਚ ਕੀਤੀ ਜਾ ਰਹੀ ਜੰਗ ਦੀ ਲਾਮਬੰਦੀ ਖਿਲਾਫ ਵੀ ਅਵਾਜ਼ ਬੁਲੰਦ ਕੀਤੀ । ਅੰਤਰਰਾਸ਼ਟਰੀ ਭਾਈਚਾਰੇ ਨੂੰ ਜਾਣੂੰ ਕਰਵਾਇਆ ਗਿਆ ਕਿ ਜੰਗ ਦੀ ਸੂਰਤ ਵਿੱਚ ਲਹਿੰਦੇ ਤੇ ਚੜ੍ਹਦੇ ਦੋਵੇਂ ਪੰਜਾਬ ਜੰਗ ਦਾ ਅਖਾੜਾ ਬਣ ਜਾਣਗੇ ਤੇ ਸਿੱਖਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਇਲਾਵਾ ਉਹਨਾਂ ਦੇ ਧਾਰਮਿਕ ਅਸਥਾਨਾਂ ਨੂੰ ਵੀ ਨੁਕਸਾਨ ਪਹੁੰਚੇਗਾ । ਸਿੱਖ ਇਸ ਜੰਗ ਵਿੱਚ ਕੋਈ ਧਿਰ ਨਹੀਂ ਹਨ ਤੇ ਇਸ ਲਈ ਅੰਤਰਾਸ਼ਟਰੀ ਭਾਈਚਾਰੇ ਨੂੰ ਬੇਨਤੀ ਹੈ ਕਿ ਦੱਖਣੀ ਏਸ਼ੀਆ ਖਿੱਤੇ ਵਿੱਚ ਜੰਗ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨ ।

ਇਸ ਮੌਕੇ ਸਵਿਸ ਪ੍ਰੈਸ ਕਲੱਬ ਜਨੇਵਾ ਵਿੱਚ ਇੱਕ ਸੈਮਨੀਨਾਰ ਕਰਵਾਇਆ ਗਿਆ ਜਿਸ ਵਿੱਚ ਭਾਰਤ ਅੰਦਰ ਵਸਦੀਆਂ ਘਟਗਿਣਤੀਆਂ ਦੇ ਨੁੰਮਾਇੰਦੇ ਸ਼ਾਮਲ ਹੋਏ । ਤ੍ਰਿਪੁਰਾ ਤੋਂ ਪਤਲ ਕੰਨਿਆ ਜਮਾਤੀਆ, ਮਨੀਪੁਰ ਤੋਂ ਰੇਣੂਬਾਲਾ ਦੇਵੀ ਤਖੀਲਾਬਮ, ਨੇਪਾਲ ਤੋਂ ਫਨਿੰਦਰਾ ਨੇਪਾਲ, ਬੰਬੇ ਹਾਈਕੋਰਟ ਦੇ ਐਡਵੋਕੇਟ ਆਸਿਮ ਸਰੋਦੇ, ਕਨੇਡਾ ਤੋਂ ਅਵਤਾਰ ਸਿੰਘ ਸੇਖੋਂ, ਵਰਲਡ ਸਿੱਖ ਪਾਰਲੀਮੈਂਟ ਦੇ ਮਨਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਸਰਾਏ ਨੇ ਆਪਣੇ ਵਿਚਾਰ ਰੱਖੇ । ਸਾਰੇ ਬੁਲਾਰਿਆਂ ਨੇ ਭਾਰਤ ਸਰਕਾਰ ਦੀਆਂ ਮਨੁੱਖੀ ਹੱਕਾਂ ਦੇ ਘਾਣ ਬਾਰੇ ਜਾਣਕਾਰੀ ਦਿੱਤੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਚੱਲਣ ਲਈ ਮਜਬੂਰ ਕਰਨ ਲਈ ਕਿਹਾ ।

ਮੁਜ਼ਾਹਰੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਇੰਗਲੈਂਡ ਤੋਂ ਭਾਈ ਜੋਗਾ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਸਰਾਏ, ਭਾਈ ਬਲਬੀਰ ਸਿੰਘ ਬੈਂਸ, ਫਰਾਂਸ ਤੋਂ ਭਾਈ ਸ਼ਿੰਗਾਰਾ ਸਿੰਘ ਮਾਨ, ਭਾਈ ਸਤਨਾਮ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਪ੍ਰਿਥੀਪਾਲ ਸਿੰਘ, ਜਰਮਨੀ ਤੋਂ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਗੁਰਪਾਲ ਸਿੰਘ, ਜਤਿੰਦਰ ਸਿੰਘ, ਸਵਿਟਜ਼ਰਲੈਂਡ ਤੋਂ ਭਾਈ ਪ੍ਰਿਤਪਾਲ ਸਿੰਘ ਅਤੇ ਇਟਲੀ ਤੋਂ ਭਾਈ ਜਸਬੀਰ ਸਿੰਘ ਤੋਂ ਇਲਾਵਾ ਭਾਈ ਹਰਦਵਿੰਦਰ ਸਿੰਘ ਬੱਬਰ ਅਤੇ ਯੂਰਪ ਦੇ ਵਸਨੀਕ ਸਿੱਖਾਂ ਨੇ ਵੀ ਭਾਗ ਲਿਆ । ਤਿੰਨ ਸਿੱਖ ਨੌਜਵਾਨਾਂ ਦੇ ਅਦਾਲਤਾਂ ਵਿੱਚ ਕੇਸ ਲੜ ਰਹੀ ਸੰਸਥਾ ‘ਸਿੱਖ ਰਿਲੀਫ’ ਨੇ ਵੀ ਮੁਜ਼ਾਹਰੇ ਵਿੱਚ ਭਾਗ ਲਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,