Site icon Sikh Siyasat News

ਹਰਿਮੰਦਰ ਦੀ ਨੀਂਹ

ਮੀਆਂ ਮੀਰ ਜੀ ਰੱਖੋ ਹਰਿਮੰਦਰ ਦੀ ਨੀਂਹ, ਵਿਥਿਆ ਸਿੱਖੀ ਦੀ ਯੁੱਗਾਂ ਤੱਕ ਹਰੀ ਹੋਵੇ।
ਬਣੇ ਠਾਹਰ ਜੁਝਾਰੂਆਂ ਯੋਧਿਆਂ ਦੀ, ਪਵੇ ਲੋੜ ਚਮਕੌਰ ਦੀ ਗੜ੍ਹੀ ਹੋਵੇ।
ਜੀਹਦੇ ਮੱਥੇ ‘ਤੇ ਏਸਦੀ ਲੋਹ ਲੱਗੇ, ਜਾਗੇ ਲੋਅ ਉਸਦੀ ਨਾ ਲੂਅ ਲੱਗੇ।
ਉਹਨੂੰ ਖਲਕ ਸਾਰੀ ਖਾਲਕ ਵਾਂਗ ਲੱਗੇ, ਨਾ ਹੀ ਮੈਂ ਲੱਗੇ ਨਾ ਹੀ ਤੂੰ ਲੱਗੇ।

ਜੀਹਦੇ ਦੰਦੀ ਹੈ ਸੂਰ ਦਾ ਮਾਸ ਫਸਿਆ, ਇਹਦੀ ਪੰਗਤ ਵਿਚ ਬੈਠਕੇ ਖਾ ਸੱਕੇ।
ਗਾਂ ਦੇ ਕਤਲ ਵਾਲਾ ਛੁਰਾ ਹੱਥ ਜੀਹਦੇ, ਜੇ ਉਹ ਭੁੱਖੇ ਨਿਸੰਗ ਉਹ ਆ ਸੱਕੇ।
ਮੈਨੂੰ ਪਤੈ ਕਿ ਰਾਜਿਆਂ ਰਾਣਿਆਂ ਨੇ, ਇਹਨੂੰ ਸੋਨੇ ਦੇ ਵਿਚ ਮੜਵਾ ਦੇਣੈਂ।
ਹਾਲ ਅੱਗੇ ਜੁ ਮੰਦਰਾਂ, ਮਸਜਦਾਂ ਦਾ, ਹਾਲ ਇਹਦਾ ਵੀ ਉਹੀਉ ਬਣਾ ਦੇਣੈਂ।

ਥੋਡੇ ਨਾਂ ਦੀ ਰੱਖ ਹੈ ਏਸ ਨੀਂਹ ਨੂੰ, ਭਾਵੇਂ ਤੁਸੀਂ ਹੋ ਕਰਨੀਆਂ ਕਰਨ ਵਾਲੇ।
ਇਹਦੀ ਹਵਾ ਨੇ ਤਾਹੀਉਂ ਹੀ ਸਾਫ ਰਹਿਣੈਂ, ਏਥੇ ਆਉਣਗੇ ਤਵੀਆਂ ਤੇ ਸੜਨ ਵਾਲੇ।
ਲੋਕ ਦੇਖਣਗੇ ਅਸੀਂ ਤਾਂ ਦੇਖਣਾ ਨਹੀਂ, ਇਹ ਤਾਂ ਰਹੂ ਮਜ਼ਲੂਮਾਂ ਦੀ ਤੜੀ ਬਣਕੇ।
ਪਰ ਇਹਤੇ ਆ ਕੇ ਭੜਭੂੰਜੇ ਜੇ ਤੜੀ ਰੱਖਣ, ਇਹ ਤਾਂ ਰਹੂਗੀ ਉਹਨਾਂ ਦੀ ਮੜ੍ਹੀ ਬਣਕੇ।

ਦਿੱਲੀ ਮੁੱਲਾਂ, ਮਸੰਦਾਂ ਨੂੰ ਮਗਰ ਲਾ ਕੇ, ਰੋਜ਼ ਆਖੇ ਕਿ ਕੱਢਣੇ ਵਿੰਗ ਇਹਦੇ।
ਐਪਰ ਦਰਸ਼ਨਾਂ ਦੀ ਫੀਸ ਦੇਣ ਖ਼ਾਤਰ, ਬੰਦ ਬੰਦ ਕਟਵਾਉਣਗੇ ਸਿੰਘ ਇਹਦੇ।
ਮੈਂ ਤਾਂ ਸਾਰਿਆਂ ਲੋਕਾਂ ਨੂੰ ਸੱਦਿਆ ਹੈ, ਉਲਟ ਜ਼ੁਲਮ ਦੇ ਜਿੱਥੇ ਜੋ ਅੜੇ ਹੋਏ ਨੇ।
ਨੀਂਹ ਰੱਖੋ ਕਿ ਜੱਗ ’ਤੇ ਪੀਰ ਸਾਰੇ, ਬੱਠਲ ਗਾਰੇ ਦੇ ਚੁੱਕਕੇ ਖੜੇ ਹੋਏ ਨੇ।

ਏਸ ਸੁਲ, ਸੁਰਾਹੀ ਦੇ ਸਰ ਵਿਚੋਂ, ਲੱਖਾਂ ਖੰਜਰ ਪਿਆਲਿਆਂ ਜੰਮਣਾ ਹੈ।
ਜਿਨ੍ਹਾਂ ਖੇਤਾਂ ‘ਚੋਂ ਏਸਦੀ ਭਾਫ਼ ਲੰਘੇ, ਉਥੋਂ ਲੱਖਾਂ ਦਿਆਲਿਆਂ ਜੰਮਣਾ ਹੈ।
ਹੁੰਦਾ ਦੇਖਕੇ ਦਿੱਲੀ ਦਾ ਤਖ਼ਤ ਪੁੱਠਾ, ਰਹਿਮਤ ਇਹਦੀ ਕਰਾੜੀ ਨਾ ਸਮਝ ਬੈਠੇ
ਇਹ ਤਾਂ ਢਾਬ ਖਤਰਾਣੇ ਦੀ ਬਣੇ ਜੰਮ ਜੰਮ, ਇਹਨੂੰ ਗੁੱਗੇ ਦੀ ਮਾੜੀ ਨਾ ਸਮਝ ਬੈਠੇ।

ਜਿਹੜੀ ਫਸਲ ਤੇ ਪਏਗੀ ਤ੍ਰੇਲ ਇਹਦੀ, ਉਹਨੇ ਸੇਠ ਦੀ ਮਰਜ਼ੀ ਨਾਂ ਤੁਲਣਾ ਨਹੀਂ।
ਇਹਦੀ ਛਾਂ ਵਿੱਚ ਜੀਹਨੇ ਵੀ ਲਿਆ ਠੌਂਕਾ, ਉਹਨੇ ਯਾਰੜੇ ਦਾ ਸੱਥਰ ਭੁਲਣਾ ਨਹੀਂ।
ਕਿਰਤੀ ਸਿੰਘਾਂ ਦੀ ਪਤ ਤੇ ਪੁੱਤ ਖੁਹ ਕੇ, ਜਿਹੜਾ ਏਸ ਥਾਂ ਐਸ਼ ਉਡਾਏ ਪੀਰਾ।
ਸਿਰ ਉਸਦਾ ਨੇਜ਼ੇ ਦੀ ਨੋਕ ਉੱਤੇ, ਇਹਦੀ ਕਿਰਨ ਝੱਟ ਆਕੇ ਉਠਾਏ ਪੀਰਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version