Site icon Sikh Siyasat News

ਯੂਥ ਅਕਾਲੀ ਦਲ ਅੰਮ੍ਰਿਤਸਰ ਵਲੋਂ ਮਨੁਖੀ ਹੱਕਾਂ ਦੇ ਕਾਰਕੁੰਨ ਖੁਰਮ ਪ੍ਰਵੇਜ਼ ਦੀ ਰਿਹਾਈ ਦੀ ਮੰਗ

ਅੰਮ੍ਰਿਤਸਰ (ਨਰਿੰਦਰਪਾਲ ਸਿੰਘ): ਜੰਮੂ ਕਸ਼ਮੀਰ ਵਿੱਚ ਮਨੁਖੀ ਅਧਿਕਾਰਾਂ ਦੇ ਸਰਗਰਮ ਆਗੂ ਜਨਾਬ ਖੁਰਮ ਪ੍ਰਵੇਜ ਦੀ ਗ੍ਰਿਫਤਾਰੀ ਦੀ ਘੋਰ ਨਿੰਦਿਆਂ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਨੇ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।

ਪਪਲਪ੍ਰੀਤ ਸਿੰਘ (ਫਾਈਲ ਫੋਟੋ)

ਇਸ ਸਬੰਧੀ ਜਾਰੀ ਕੀਤੇ ਬਿਆਨ ਵਿਚ ਪਪਲਪ੍ਰੀਤ ਸਿੰਘ ਨੇ ਕਿਹਾ ਕਿ ਖੁੱਰਮ ਪ੍ਰਵੇਜ਼ ਦੀ ਗ੍ਰਿਫਤਾਰੀ ਸ੍ਰੀਨਗਰ ਪੁਲਿਸ ਦੁਆਰਾ ਕੀਤੀ ਗਈ ਹੈ। ਇਸਤੋਂ ਪਹਿਲਾਂ ਜਨਾਬ ਖੁੱਰਮ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਉਸ ਵੇਲੇ ਰੋਕ ਲਿਆ ਗਿਆ ਸੀ ਜਦੋਂ ਉਹ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਵਿੱਚ ਮਨੁਖੀ ਅਧਿਕਾਰਾਂ ਦੇ ਉਲੰਘਣਾ ਬਾਰੇ ਪੱਖ ਰੱਖਣ ਜਾ ਰਹੇ ਸਨ।

ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਨੇ ਕਿਹਾ ਕਿ ਇਕ ਪਾਸੇ ਤਾਂ ਦੁਹਾਈ ਦਿੱਤੀ ਜਾ ਰਹੀ ਹੈ ਕਿ ਦੇਸ਼ ਵਿਚ ਅਮਨ ਅਮਾਨ ਹੈ, ਹਰ ਸ਼ਹਿਰੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਦੂਸਰੇ ਪਾਸੇ ਮਨੁੱਖੀ ਹੱਕਾਂ ਦੇ ਰਖਵਾਲੇ ਵੀ ਜੇਲ੍ਹਾਂ ਅੰਦਰ ਸੁਟੇ ਜਾ ਰਹੇ ਹਨ।

ਬਿਆਨ ਵਿੱਚ ਅੱਗੇ ਕਿਹਾ ਕਿ ਜਨਾਬ ਖੁੱਰਮ ਦੀ ਗ੍ਰਿਫਤਾਰੀ ਨੇ ਹੀ ਸੰਯੁਕਤ ਰਾਸ਼ਟਰ ਨੂੰ ਸੁਨੇਹਾ ਭੇਜ ਦਿੱਤਾ ਹੈ ਕਿ ਕਸ਼ਮੀਰ ਵਿੱਚ ਕਸ਼ਮੀਰੀ ਅਵਾਮ, ਮਨੁਖੀ ਹੱਕਾਂ ਤੋਂ ਪੂਰੀ ਤਰ੍ਹਾ ਵਾਂਝੀ ਹੈ। ਉਨ੍ਹਾਂ ਖੁੱਰਮ ਪ੍ਰਵੇਜ਼ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version