Site icon Sikh Siyasat News

ਹਾਈ ਕੋਰਟ ਨੇ ਗੁਜਰਾਤ ਮੁਸਲਮਾਨ ਕਤਲੇਆਮ ਦੇ ਤਿੰਨ ਦੋਸ਼ੀਆਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ

ਅਹਿਮਦਾਬਾਦ: ਗੁਜਰਾਤ ਹਾਈ ਕੋਰਟ ਨੇ ਅੱਜ 2002 ਦੇ ਨਰੋਦਾ ਪਾਟਿਆ ਮੁਸਲਮਾਨ ਕਤਲੇਆਮ ਕੇਸ ਵਿਚ ਫੈਂਸਲਾ ਸੁਣਾਉਂਦਿਆਂ ਤਿੰਨ ਦੋਸ਼ੀਆਂ ਨੂੰ 10 ਸਾਲ ਬਾ-ਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ।

ਗੌਰਤਲਬ ਹੈ ਕਿ 20 ਅਪ੍ਰੈਲ ਨੂੰ ਸੁਣਾਏ ਗਏ ਫੈਂਸਲੇ ਵਿਚ 16 ਨਾਮਜ਼ਦ ਵਿਅਕਤੀਆਂ ਵਿਚੋਂ ਤਿੰਨ ਨੂੰ ਦੋਸ਼ੀ ਐਲਾਨਿਆ ਗਿਆ ਸੀ।

ਅੱਜ ਇਸ ਕੇਸ ਵਿਚ ਸਜ਼ਾ ਸੁਣਾਉਂਦਿਆਂ ਜੱਜ ਹਰਸ਼ਾ ਦੇਵਾਨੀ ਅਤੇ ਏਐਸ ਸੁਪੇਹੀਆ ਦੇ ਦੋਹਰੇ ਮੇਜ ਨੇ ਤਿੰਨ ਦੋਸ਼ੀਆਂ- ਪੀਜੇ ਰਾਜਪੂਤ, ਰਾਜਕੁਮਾਰ ਚੌਮਾਲ ਅਤੇ ਉਮੇਸ਼ ਭਾਰਵਦ ਨੂੰ 10 ਸਾਲਾਂ ਦੀ ਸਜ਼ਾ ਸੁਣਾਈ ਹੈ।

ਅੱਜ ਇਹ ਫੈਂਸਲਾ ਸੁਣਾਉਂਦਿਆਂ ਅਦਾਲਤ ਨੇ ਉਕਤ ਤਿੰਨ ਦੋਸ਼ੀਆਂ ਨੂੰ 6 ਹਫਤਿਆਂ ਵਿਚ ਪੁਲਿਸ ਅੱਗੇ ਆਤਮ ਸਮਰਪਣ ਕਰਨ ਲਈ ਕਿਹਾ ਹੈ।

ਇਹ ਤਿੰਨੇ ਦੋਸ਼ੀ ਕਤਲ ਅਤੇ ਸਾੜਫੂਕ ਦੇ ਗੁਨਾਹਾਂ ਵਿਚ ਦੋਸ਼ੀ ਪਾਏ ਗਏ ਹਨ ਜਿਹਨਾਂ ਦੀ ਸਜ਼ਾ ਵੱਧ ਤੋਂ ਵੱਧ ਉਮਰ ਕੈਦ ਅਤੇ ਘੱਟ ਤੋਂ ਘੱਟ 10 ਸਾਲ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਐਸਆਈਟੀ ਅਦਾਲਤ ਵਲੋਂ ਇਹਨਾਂ ਉਪਰੋਕਤ ਤਿੰਨਾਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ।

20 ਅਪ੍ਰੈਲ ਨੂੰ ਹਾਈ ਕੋਰਟ ਨੇ ਫੈਂਸਲਾ ਸੁਣਾਉਂਦਿਆਂ 16 ਲੋਕਾਂ ਨੂੰ ਇਸ ਕਤਲੇਆਮ ਲਈ ਦੋਸ਼ੀ ਮੰਨਿਆ ਸੀ, ਜਿਹਨਾਂ ਵਿਚ ਬਜਰੰਗ ਦਲ ਦਾ ਆਗੂ  ਬਾਬੂ ਬਜਰੰਗੀ ਵੀ ਸ਼ਾਮਿਲ ਹੈ ਅਤੇ ਅਦਾਲਤ ਵਲੋਂ ਬਰੀ ਕੀਤੇ ਗਏ 18 ਵਿਅਕਤੀਆਂ ਵਿਚ ਭਾਜਪਾ ਦੀ ਸਾਬਕਾ ਮੰਤਰੀ ਮਾਇਆ ਕੋਡਨਾਨੀ ਸ਼ਾਮਿਲ ਹੈ।

ਇਸ ਕੇਸ ਵਿਚ ਕੁੱਲ 16 ਦੋਸ਼ੀਆਂ ਵਿਚੋਂ 12 ਨੂੰ 21 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਅੱਜ ਸੁਣਾਈ ਗਈ ਸਜ਼ਾ ਨਾਲ 10 ਸਾਲ ਕੈਦੀ ਦੀ ਸਜ਼ਾ ਵਾਲੇ 4 ਦੋਸ਼ੀ ਹੋ ਗਏ ਹਨ।

ਜ਼ਿਕਰਯੋਗ ਹੈ ਕਿ 28 ਫਰਵਰੀ, 2002 ਨੂੰ ਅਹਿਮਦਾਬਾਦ ਦੇ ਨਰੋਦਾ ਪਾਟਿਆ ਇਲਾਕੇ ਵਿਚ ਹਿੰਦੂਤਵੀ ਭੀੜ ਨੇ 90 ਤੋਂ ਵੱਧ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version