Site icon Sikh Siyasat News

ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਸਿੱਖ ਜੱਥੇਬੰਦੀਆਂ ਵੱਲੋਂ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ

ਨਿਸ਼ਾਨ ਸਾਹਿਬ

ਜਲੰਧਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਪੰਜਾਬ ਵਿੱਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਸਿੱਖੀ ਸਿਧਾਂਤਾਂ ਨੂੰ ਲੱਗ ਰਹੀ ਢਾਹ ਨੂੰ ਬਚਾਉਣ ਲਈ ਸਿੱਖ ਚਿੰਤਕਾਂ ਦੀ ਹੰਗਾਮੀ ਮੀਟਿੰਗ ਹੋਈ। ਇਹ ਮੀਟਿੰਗ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਯਤਨਾਂ ਸਦਕਾ ਵੱਖ-ਵੱਖ ਜਥੇਬੰਦੀਆਂ ਨੂੰ ਇਕ ਪਲੇਟਫਾਰਮ ’ਤੇ ਇਕੱਠਾ ਕਰਨ ਲਈ ਕੀਤੀ ਗਈ।

ਸਿੱਖ ਜੱਥੇਬੰਦੀਆਂ ਦੀ ਹੋਈ ਇਸ ਮੀਟਿੰਗ ਵਿੱਚ ਅਕਾਲੀ ਦਲ 1920, ਅਕਾਲੀ ਦਲ ਦਿੱਲੀ, ਏਕਨੂਰ ਖਾਲਸਾ ਫੌਜ, ਸੰਤ ਸਮਾਜ, ਬੁੱਧੀਜੀਵੀ ਵਰਗ, ਵੱਖ-ਵੱਖ  ਆਗੂਆਂ ਨੇ ਭਾਗ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵੀਇੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਅਖੌਤੀ ਪੰਥਕ ਸਰਕਾਰ ਦੀ ਆਲੋਚਨਾ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖ ਪੰਥ ਨੂੰ ਕਥਿਤ ਢਾਹ ਲਾਉਣ, ਬਹਿਬਲ ਕਲਾਂ ਵਿੱਚ ਦੋ ਸਿੱਖ ਨੌਜਵਾਨਾਂ ਦੇ ਕਾਤਲ ਪੁਲੀਸ ਅਫ਼ਸਰਾਂ ਵਿਰੁੱਧ ਕਾਰਵਾਈ ਨਾ ਕਰਨ ਦਾ ਮੁੱਖ ਮੁਲਜ਼ਮ ਕਰਾਰ ਦਿੰਦਿਆਂ ਹਮਖਿਆਲੀ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਬਾਦਲ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਮਹਿਜ਼ ਸ਼ੁਰੂਅਤ ਹੈ, ਆਉਣ ਵਾਲੇ ਸਮੇਂ ਵਿੱਚ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਸ੍ਰੀ ਬਾਦਲ ਨੂੰ ਹਰਾਉਣ ਲਈ ਪੂਰਾ ਯਤਨ ਕਰਨਗੀਆਂ।

ਸੋਸ਼ਲ ਮੀਡੀਆ ਵਿੱਚ ਵਾਇਰਲ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫੋਟੋ ਬਾਰੇ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਲੜਕੇ ਨੂੰ ਪਾਰਟੀ ਦਾ ਪ੍ਰਧਾਨ ਤਾਂ ਥਾਪ ਦਿੱਤਾ ਪਰ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਬਾਰੇ ਜਾਂ ਅਕਾਲੀ ਦਲ ਦੇ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਅਤੇ ਸਿੱਖੀ ਸਿਧਾਂਤਾਂ ਬਾਰੇ ਜਾਣੂ ਨਹੀਂ ਕਰਵਾਇਆ। ਪੰਜਾਬ ਦੇ ਪਾਣੀਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਰਵੀਇੰਦਰ ਸਿੰਘ ਨੇ ਕਿਹਾ ਕਿ ਭਾਜਪਾ ਨਾਲ ਰਲ ਕੇ ਪੰਜਾਬ ਦੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ  ਬਾਦਲ ਮੁੱਖ ਦੋਸ਼ੀ ਹਨ।

ਇਸ ਮੌਕੇ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ, ਬਲਦੇਵ ਸਿੰਘ ਮਾਨ, ਗੁਰਿੰਦਰ ਸਿੰਘ ਧਨੌਲਾ, ਜਸਵਿੰਦਰ ਸਿੰਘ ਬਲੀਏਵਾਲ, ਸੰਤ ਜਸਪਾਲ ਸਿੰਘ ਬੱਦੋਵਾਲ, ਸੰਤ ਗੁਰਦਿਆਲ ਸਿੰਘ ਰੋਪੜ, ਸੰਤ ਪਿਆਰਾ ਸਿੰਘ ਬਰਨਾਲਾ, ਕਰਮਜੀਤ ਸਿੰਘ ਨਾਰੰਗਵਾਲ, ਮਨਜੀਤ ਸਿੰਘ ਤਰਨਤਾਰਨੀ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version