Site icon Sikh Siyasat News

ਮੀਡੀਆ ਰਿਪੋਰਟਾਂ: ਪੁਲਿਸ ਨਾਲ ਹੋਏ ਮੁਕਾਬਲੇ ‘ਚ ਵਿਕੀ ਗੌਂਡਰ ਦੇ 2 ਸਾਥੀ ਮਾਰੇ ਗਏ ਅਤੇ 3 ਗ੍ਰਿਫਤਾਰ

ਬਠਿੰਡਾ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅੱਜ (15 ਦਸੰਬਰ, 2017) ਸਵੇਰੇ ਭੁੱਚੋ ਮੰਡੀ ਤੋਂ ਕੁਝ ਅਣਪਛਾਤੇ ਹਥਿਆਰਬੰਦਾਂ ਨੇ ਫਾਰਚੂਨਰ ਗੱਡੀ ਖੋਹ ਲਈ ਤੇ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ 5 ਬੰਦਿਆਂ ਨੂੰ ਕਾਬੂ ਕਰ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਮੰਨਾ, ਪ੍ਰਦੀਪ ਵਜੋਂ ਹੋਈ ਹੈ। ਇੱਕ ਦੀ ਹਾਲਤ ਗੰਭੀਰ ਹੈ ਉਸ ਦਾ ਨਾਂ ਅੰਮ੍ਰਿਤਪਾਲ ਦੱਸਿਆ ਜਾ ਰਿਹਾ ਹੈ।

ਪੁਲਿਸ ਵਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ “ਮੁਕਾਬਲਾ” ਖ਼ਤਮ ਹੋ ਗਿਆ ਹੈ ਤੇ ਮਾਨਸਾ ਦੇ ਪਿੰਡ ਗੁਲਾਬਗੜ੍ਹ ਪਿੰਡ ਤੋਂ ਖੋਹੀ ਗਈ ਗੱਡੀ ਵੀ ਬਰਾਮਦ ਕਰ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਹੋਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਅਧਿਕਾਰਤ ਤੌਰ ‘ਤੇ ਕਿਸੇ ਦਾ ਵੀ ਨਾਂ ਹਾਲੇ ਨਹੀਂ ਦੱਸਿਆ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਉਕਤ ਪੰਜ ਗੈਂਗਸਟਰ ਨਾਭਾ ਜੇਲ੍ਹ ਵਿਚੋਂ ਫਰਾਰ ਹੋਏ ਪੰਜਾਬ ਪੁਲਿਸ ਵਲੋਂ ਲੁੜੀਂਦੇ ਵਿੱਕੀ ਗੌਂਡਰ ਨਾਲ ਮੌਜੂਦ ਸਨ। ਅੰਗ੍ਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਗੌਂਡਰ ਸਾਥੀਆਂ ਸਣੇ ਚਿੱਟੇ ਰੰਗ ਦੀ ਸਕਾਰਪੀਓ ਕਾਰ (ਪੀ.ਬੀ. 02 ਸੀ.ਐਕਸ. 8395) ਵਿੱਚ ਜਾ ਰਿਹਾ ਸੀ। ਉਨ੍ਹਾਂ ਨੇ ਭੁੱਚੋ ਕੋਲ ਆ ਕੇ ਟੋਲੀਆਂ ਵਿੱਚ ਵੰਡੇ ਜਾਣ ਦਾ ਫੈਸਲਾ ਲਿਆ।

ਪੁਲਿਸ ਮੁਕਾਬਲੇ ਤੋਂ ਬਾਅਦ ਜਾਂਚ ਕਰਦੇ ਪੁਲਿਸ ਅਧਿਕਾਰੀ

ਖ਼ਬਰਾਂ ਮੁਤਾਬਕ ਇਸ ਤੋਂ ਬਾਅਦ ਮੰਨਾ ਤੇ ਸਾਥੀਆਂ ਨੇ ਭੁੱਚੋ ਮੰਡੀ ਤੋਂ ਬੰਦੂਕ ਦੀ ਨੋਕ ‘ਤੇ ਫਾਰਚੂਨਰ ਗੱਡੀ ਖੋਹ ਲਈ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਬਠਿੰਡਾ ਤਲਵੰਡੀ ਸਾਬੋ ਮਾਰਗ ‘ਤੇ ਪਿੰਡ ਗੁਲਾਬਗੜ੍ਹ ਕੋਲ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਗੋਲੀਬਾਰੀ ਹੋਈ।

ਵਿਕੀ ਗੌਂਡਰ ਦੇ ਜ਼ਖਮੀ ਸਾਥੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ

ਪੁਲਿਸ ਦੀ ਗੋਲੀ ਨਾਲ ਤਿੰਨ “ਗੈਂਗਸਟਰ” ਫੱਟੜ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਦੋ ਦੀ ਮੌਤ ਹੋ ਗਈ। ਫੜੇ ਗਏ ਦੋ ਹੋਰ “ਗੈਂਗਸਟਰਾਂ” ਦੀ ਪਛਾਣ ਭਿੰਦਾ ਤੇ ਗਿੰਦਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਤੋਂ 9 ਐਮ.ਐਮ. ਦੀ ਪਿਸਟਲ, .32 ਬੋਰ ਦੀ ਪਿਸਟਲ ਤੇ .315 ਬੋਰ ਦੀ ਪਿਸਟਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version