ਰੋਜਾਨਾ ਖਬਰ-ਸਾਰ

ਸਰਕਾਰੀ ਖਜਾਨਾ ਖਾਲੀ; ਢੀਂਡਸਾ-ਸਿੱਧੂ ਜੁਗਲਬੰਦੀ; ਦਿੱਲੀ ਚੋਣਾਂ, ਜੇ.ਐਨ.ਯੂ ਤੇ ਫ੍ਰੀ ਕਸ਼ਮੀਰ ਮਾਮਲੇ; ਇਰਾਕ-ਅਮਰੀਕਾ ਤਣਾਅ ਤੇ ਹੋਰ ਖਬਰਾਂ

By ਸਿੱਖ ਸਿਆਸਤ ਬਿਊਰੋ

January 08, 2020

ਖਬਰਾਂ ਦੇਸ ਪੰਜਾਬ ਦੀਆਂ:

ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ:

• ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਵਿੱਚ ਹੀ ਸਿੱਖ ਸੁਰੱਖਿਅਤ ਨਹੀਂ ਹਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਿੱਪਣੀ ਕੀਤੀ • ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਭਾਜਪਾ ਤੋਂ ਨਾਤਾ ਤੋੜ ਲੈਣਾ ਚਾਹੀਦਾ ਹੈ • ਕਿਉਂਕਿ ਕੇਂਦਰ ਘੱਟਗਿਣਤੀਆਂ ਵਿੱਚ ਸੁਰੱਖਿਆ ਦੀ ਭਾਵਨਾ ਲਿਆਉਣ ਚ ਨਾਕਾਮ ਰਹੀ ਹੈ

ਸਰਕਾਰੀ ਖਜਾਨਾ ਖਾਲੀ, ਰੋਕਾਂ ਠੋਕੀਆਂ:

• ਪੰਜਾਬ ਸਰਕਾਰ ਦੇ ਖਾਲੀ ਖਜ਼ਾਨੇ ਦੀ ਹਾਲਤ ਹੋਰ ਨਿੱਘਰੀ • 2020 ਵਿੱਚ ਹੋਣ ਵਾਲੇ ਸਾਰੇ ਨਵੇਂ ਵਿਕਾਸ ਕਾਰਜਾਂ ਉੱਪਰ ਲਾਈ ਰੋਕ • ਵਿੱਤ ਵਿਭਾਗ ਨੇ ਸੂਬੇ ਦੇ ਸਾਰੇ ਮਹਿਕਮਿਆਂ, ਡਿਵੀਜ਼ਨ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਸੈਸ਼ਨ ਜੱਜਾਂ ਨੂੰ ਨੋਟੀਫਿਕੇਸ਼ਨ ਜਾਰੀ ਕੀਤੇ • ਕਿਹਾ ਕਿ ਵਿੱਤੀ ਸਾਲ 2019-20 ਦੌਰਾਨ ਕੋਈ ਵੀ ਨਵਾਂ ਕਾਰਜ ਸ਼ੁਰੂ ਨਹੀਂ ਕੀਤਾ ਜਾਵੇਗਾ • ਇਸ ਤੋਂ ਇਲਾਵਾ ਨਵੇਂ ਟੈਂਡਰ ਜਾਰੀ ਕਰਨ ਉਪਰ ਵੀ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਜੇ ਐਮਰਜੈਂਸੀ ਕਿਸੇ ਵਿਭਾਗ ਨੇ ਟੈਂਡਰ ਜਾਰੀ ਕਰਨਾ ਹੋਇਆ ਤਾਂ ਉਸ ਨੂੰ ਵਿੱਤ ਵਿਭਾਗ ਤੋਂ ਮਨਜ਼ੂਰੀ ਲੈਣੀ ਪਵੇਗੀ • ਵਿੱਤ ਵਿਭਾਗ ਨੇ ਇਸ ਸਾਲ ਨਵਾਂ ਸਾਜ਼ੋ ਸਾਮਾਨ ਖਰੀਦਣ ਉੱਪਰ ਵੀ ਪਾਬੰਦੀ ਲਾ ਦਿੱਤੀ ਹੈ

ਕੀ ਸਰਕਾਰੀ ਕੰਮ ਮਾਂ-ਬੋਲੀ ਪੰਜਾਬੀ ਵਿਚ ਹੋਣਗੇ?:

• ਪੰਜਾਬ ਦੇ ਸਿੱਖਿਆ ਮਹਿਕਮੇ ਨੇ ਸਰਕਾਰੀ ਕੰਮ ਕਾਜ ਪੰਜਾਬੀ ਵਿੱਚ ਕਰਨ ਦੇ ਹੁਕਮ ਇਕ ਵਾਰ ਫਿਰ ਜਾਰੀ ਕੀਤੇ • ਪਹਿਲਾਂ ਵੀ 12 ਦਸੰਬਰ ਨੂੰ ਉਚੇਰੀ ਸਿੱਖਿਆ ਮਹਿਕਮੇਂ ਅਤੇ ਭਾਸ਼ਾ ਵਿਭਾਗ ਨੇ ਇੱਕ ਪੱਤਰ ਭੇਜ ਕੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਬੋਲੀ ਨੂੰ ਕੰਮਕਾਰ ਦੀ ਭਾਸ਼ਾ ਵਜੋਂ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਜੋ ਕਿ ਲਾਗੂ ਨਹੀਂ ਹੋ ਸਕੀਆਂ • ਵਿਭਾਗ ਨੂੰ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਹੁਕਮ ਦੁਬਾਰਾ ਜਾਰੀ ਕੀਤੇ ਹਨ ਜਿਨ੍ਹਾਂ ਨੂੰ ਸਿੱਖਿਆ ਵਿਭਾਗ ਨੇ ਤਾਮੀਲ ਕਰਕੇ ਜ਼ਿਲ੍ਹਾ ਪੱਧਰ ਤੇ ਸਮਰੱਥ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ • ਰਾਜ ਭਾਸ਼ਾ ਤਰਮੀਮ ਕਾਨੂੰਨ 2008 ਮੁਤਾਬਿਕ ਪੰਜਾਬ ਸਕੱਤਰੇਤ ਸਮੇਤ ਸਮੂਹ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਦਫਤਰੀ ਕੰਮਕਾਰ ਪੰਜਾਬੀ ਵਿਚ ਕਰਨਾ ਜਰੂਰੀ ਹੈ • ਸਵਾਲ ਹੈ ਕਿ ਕੀ ਡਾਇਰੈਕਟਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਦਫਤਰੀ ਕੰਮ ਪੰਜਾਬੀ ਭਾਸ਼ਾ ਵਿੱਚ ਹੋਵੇਗਾ ਜਾਂ ਨਹੀਂ?

ਮਹਾਨ ਕੋਸ਼ ਮੁੜ ਛਾਪਿਆ:

• ਭਾਈ ਕਾਹਨ ਸਿੰਘ ਨਾਭਾ ਦੀ ਸ਼ਾਹਕਾਰ ਰਚਨਾ ਮਹਾਨ ਕੋਸ਼ ਭਾਸ਼ਾ ਵਿਭਾਗ ਨੇ ਦੁਬਾਰਾ ਛਾਪਿਆ • ਵਿਭਾਗ ਵੱਲੋਂ 9 ਸਾਲਾਂ ਬਾਅਦ ਨੌਵੇਂ ਐਡੀਸ਼ਨ ਦੀਆਂ 10 ਹਜ਼ਾਰ ਕਾਪੀਆਂ ਛਾਪ ਕੇ ਵਿਕਰੀ ਵਿਭਾਗ ਕੋਲ ਪਹੁੰਚਾ ਦਿੱਤੀਆਂ ਗਈਆਂ ਹਨ • ਭਾਸ਼ਾ ਵਿਭਾਗ ਨੇ ਕਿਹਾ ਕਿ ਲੰਘੇ ਦੋ ਦਿਨਾਂ ਵਿੱਚ ਇਸ ਦੀਆਂ ਤਕਰੀਬਨ ਚਾਰ ਦਰਜਨ ਕਾਪੀਆਂ ਵਿਕ ਵੀ ਚੁੱਕੀਆਂ ਹਨ

ਸਿਆਸਤ ਚ ਮਿੱਤਰ ਜਾਂ ਦੁਸ਼ਮਣ ਨਹੀਂ ਹੁੰਦੇ, ਸਿਰਫ ਗਰਜਾਂ ਹੁੰਦੀਆਂ ਹਨ:

• ਪਰਮਿੰਦਰ ਸਿੰਘ ਢੀਂਡਸਾ ਨੇ ਨਵਜੋਤ ਸਿੰਘ ਸਿੱਧੂ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ • ਕਿਹਾ ਕਿ ਪੰਜਾਬ ਦੀ ਆਉਣ ਵਾਲੀ ਸਿਆਸਤ ਵਿੱਚ ਨਵਜੋਤ ਸਿੱਧੂ ਦਾ ਰੋਲ ਬਹੁਤ ਵੱਡਾ ਅਤੇ ਅਹਿਮ ਹੋਵੇਗਾ • ਇਸ ਬਿਆਨ ਨੂੰ ਪੰਜਾਬ ਦੀ ਆਉਣ ਵਾਲੀ ਸਿਆਸਤ ਵਿੱਚ ਅਹਿਮ ਸੰਕੇਤ ਵਜੋਂ ਮੰਨਿਆ ਜਾ ਰਿਹਾ ਹੈ

ਭਾਰਤੀ ਉਪਮਹਾਂਦੀਪ ਦੀਆਂ ਖਬਰਾਂ:

ਜੇ.ਐਨ.ਯੂ. ਮਾਮਲਾ:

• ਦਿੱਲੀ ਪੁਲੀਸ ਨੇ ਆਇਸ਼ੀ ਘੋਸ਼ ਅਤੇ 19 ਹੋਰਨਾਂ ਖਿਲਾਫ ਮਾਮਲਾ ਦਰਜ ਕੀਤਾ • ਆਇਸ਼ੀ ਘੋਸ਼ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦੀ ਪ੍ਰਧਾਨ ਹੈ • ਪੁਲਿਸ ਦਾ ਦੋਸ਼ ਹੈ ਕਿ ਇਹਨਾਂ ਵਿਦਿਆਰਥੀਆਂ ਨੇ ਸ਼ਨਿੱਚਰਵਾਰ (4 ਜਨਵਰੀ ਨੂੰ) ਅਦਾਰੇ ਦੇ ਸੁਰੱਖਿਆ ਕਰਮੀਆਂ ਦੀ ਕੁੱਟਮਾਰ ਕੀਤੀ ਸੀ • ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਅਦਾਰੇ ਦੇ ਪ੍ਰਸ਼ਾਸਨ ਵੱਲੋਂ ਸ਼ਿਕਾਇਤ ਤੇ ਦਰਜ ਕੀਤਾ ਹੈ • ਪੁਲਸ ਮੁਤਾਬਕ ਇਹ ਮਾਮਲਾ 5 ਜਨਵਰੀ (ਐਤਵਾਰ) ਨੂੰ ਹੀ ਦਰਜ ਕਰ ਲਿਆ ਗਿਆ ਸੀ • ਦੱਸ ਦਈਏ ਕਿ ਐਤਵਾਰ ਨੂੰ ਨਕਾਬਪੋਸ਼ਾਂ ਵੱਲੋਂ ਜੇ.ਐੱਨ.ਯੂ. ਉੱਤੇ ਹਮਲਾ ਕਰਕੇ ਆਈਸੀ ਘੋਸ਼ ਤੇ ਹੋਰਨਾਂ ਨੂੰ ਜਖਮੀ ਕੀਤਾ ਗਿਆ ਸੀ

• ਸਿੱਖ ਬੁੱਧੀਜੀਵੀਆਂ ਅਤੇ ਵਿਚਾਰਕਾਂ ਨੇ ਜੇ.ਐੱਨ.ਯੂ. ਵਿਦਿਆਰਥੀਆਂ ਉੱਤੇ ਹਮਲੇ ਨੂੰ ਤਾਨਾਸ਼ਾਹੀ ਦਾ ਪ੍ਰਤੀਕ ਦੱਸਿਆ

• ਫਿਲਮੀ ਅਦਾਕਾਰਾ ਦੀਪਿਕਾ ਪਾਦੁਕੋਣ ਹਮਲੇ ਵਿੱਚ ਜ਼ਖ਼ਮੀ ਹੋਏ ਵਿਦਿਆਰਥੀਆਂ ਦੇ ਹੱਕ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਪਹੁੰਚੀ • ਦੀਪਿਕਾ ਨੇ ਜਖਮੀ ਹੋਈ ਵਿਦਿਆਰਥੀ ਸੰਘ ਦੀ ਪ੍ਰਧਾਨ ਆਈਸੀ ਘੋਸ਼ ਨਾਲ ਮੁਲਾਕਾਤ ਕੀਤੀ • ਇਸ ਸਮੇਂ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਵੀ ਉਸ ਦੇ ਨਾਲ ਸੀ • ਕਨ੍ਹੱਈਆ ਦੇ ਆਜ਼ਾਦੀ ਵਾਲੇ ਨਾਅਰਿਆਂ ਦੇ ਦੌਰਾਨ ਵੀ ਦੀਪਿਕਾ ਉੱਥੇ ਖੜ੍ਹੀ ਦਿਸੀ

ਨਾ.ਸੋ.ਕਾ. ਮਾਮਲਾ:

• ਲਖਨਊ ਵਿੱਚ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਵਿਰੁੱਧ ਰੋਹ ਵਿਖਾਵਾ ਕਰਦਿਆਂ ਗ੍ਰਿਫਤਾਰ ਕੀਤੇ ਗਏ ਕਾਂਗਰਸ ਦੀ ਸਫਦ ਜਾਫਰ ਅਤੇ ਸਾਬਕਾ ਆਈਪੀਐਸ ਅਧਿਕਾਰੀ ਐੱਸ.ਆਰ. ਦਾਰਾਪੁਰੀ ਨੂੰ 13 ਹੋਰ ਲੋਕਾਂ ਸਮੇਤ ਲਖਨਊ ਦੀ ਇਕ ਸਥਾਨਕ ਅਦਾਲਤ ਨੇ ਜ਼ਮਾਨਤ ਦਿੱਤੀ • ਪਰ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਰਕੇ ਅਜੇ ਜੇਲ੍ਹ ਵਿੱਚੋਂ ਰਿਹਾਈ ਨਹੀਂ ਹੋ ਸਕੀ

“ਫ੍ਰੀ ਕਸ਼ਮੀਰ” ਦੀ ਤਖਤੀ ਤੇ ਕਲਪਿਆ ਦਿੱਲੀ ਦਰਬਾਰ:

• ਗੇਟਵੇ ਆਫ ਇੰਡੀਆ (ਮੁੰਬਈ) ਤੇ ਰੋਹ ਵਿਖਾਵੇ ਦੌਰਾਨ ਇੱਕ ਕੁੜੀ ਵੱਲੋਂ “ਫ੍ਰੀ ਕਸ਼ਮੀਰ” ਤਖਤੀ ਲਹਿਰਾਉਣ ਤੇ ਮੁੰਬਈ ਪੁਲਿਸ ਨੇ ਮਾਮਲਾ ਦਰਜ ਕੀਤਾ • ਮਹਿਕ ਮਿਰਜ਼ਾ ਪ੍ਰਭੂ ਨਾਂ ਦੀ ਇਸ ਕੁੜੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਕੁੱਟਮਾਰ ਦੇ ਵਿਰੋਧ ਵਿੱਚ ਹੋ ਰਹੇ ਰੋਹ ਵਿਖਾਵੇ ਦੌਰਾਨ “ਫ੍ਰੀ ਕਸ਼ਮੀਰ” ਦੀ ਤਖਤੀ ਫੜੀ ਸੀ

• ਮਹਿਕ ਮਿਰਜ਼ਾ ਖਿਲਾਫ ਕੋਲਾਬਾ ਪੁਲਿਸ ਥਾਣੇ ਵਿੱਚ ਧਾਰਾ 153-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ • ਪੁਲਿਸ ਨੇ ਹਾਲੇ ਤੱਕ ਇਸ ਮਾਮਲੇ ਵਿੱਚ ਮਹਿਕ ਮਿਰਜ਼ਾ ਪ੍ਰਭੂ ਕੋਲੋਂ ਪੁੱਛਗਿੱਛ ਨਹੀਂ ਕੀਤੀ • ਇਸ ਤਖਤੀ ਖਿਲਾਫ ਭਾਜਪਾ ਤੇ ਰਾਸ਼ਟਰਵਾਦੀ ਖਬਰਖਾਨਾ ਖਾਸਾ ਰੌਲਾ ਪਾ ਰਹੇ ਸਨ

ਦਿੱਲੀ ਦਾ ਚੋਣ ਮੈਦਾਨ:

• ਭਾਜਪਾ ਇਕ ਵਾਰ ਫਿਰ ਮੰਗੇਗੀ ਮੋਦੀ ਦੇ ਨਾਂ ਉੱਪਰ ਵੋਟਾਂ • ਦਿੱਲੀ ਵਿੱਚ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦੇ ਐਲਾਨ ਤੋਂ ਬਿਨਾਂ ਮੈਦਾਨ ਵਿੱਚ ਉੱਤਰੇਗੀ ਭਾਜਪਾ

ਫਾਂਸੀ ਦੇਣ ਦਾ ਹੁਕਮ ਜਾਰੀ:

• ਦਿੱਲੀ ਦੀ ਇਕ ਅਦਾਲਤ ਵੱਲੋਂ ਦਸੰਬਰ 2012 ਦੇ ਨਿਰਭਇਆ ਸਮੂਹਿਕ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਦੇ ਮੌਤ ਦੇ ਵਰੰਟ ਜਾਰੀ • 22 ਜਨਵਰੀ ਨੂੰ ਤਿਹਾੜ ਜੇਲ ਵਿੱਚ ਚਾਰਾਂ ਦੋਸ਼ੀਆਂ ਨੂੰ ਸਵੇਰੇ 7 ਵਜੇ ਫਾਂਸੀ ਹੋਵੇਗੀ

ਮਹਾਂਰਾਸ਼ਟਰ ਦੀ ਸਾਂਝੀ ਸਰਕਾਰ ਦੀ ਖਿਚੜੀ ‘ਚ ਸਭ ਨੂੰ ਕਿਰਕ ਲੱਗ ਰਹੀ ਹੈ:

• ਮਹਾਰਾਸ਼ਟਰ ਵਿਚਲੀ ਤਿੰਨ ਪਾਰਟੀਆਂ ਦੇ ਗੱਠਜੋੜ ਦੀ ਸਰਕਾਰ ਦੇ ਮੰਤਰੀ ਲਗਾਤਾਰ ਖੁੱਲ੍ਹ ਕੇ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ ਜਿਸ ਤੋਂ ਸਰਕਾਰ ਦੇ ਟੁੱਟਣ ਦੇ ਖਦਸ਼ੇ ਉੱਭਰ ਰਹੇ ਹਨ • ਸਭ ਤੋਂ ਜ਼ਿਆਦਾ ਨਾਰਾਜ਼ਗੀ ਮੁੱਖ ਪਾਰਟੀ ਸ਼ਿਵ ਸੈਨਾ ਦੇ ਮੰਤਰੀਆਂ ਅਤੇ ਵਿਧਾਇਕਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ • ਖੁੱਲ੍ਹ ਕੇ ਨਾਰਾਜ਼ਗੀ ਪ੍ਰਗਟ ਕਰਨ ਵਾਲਿਆਂ ਵਿੱਚ ਮੁੱਖ ਤੌਰ ਤੇ ਅਬਦੁਲ ਸਤਾਰ, ਰਾਮਦਾਸ ਕਦਮ, ਦੀਪਕ ਸਾਵੰਤ ਅਤੇ ਸੰਜੇ ਰਾਊਤ ਸ਼ਾਮਿਲ ਹਨ • ਇਸੇ ਤਰ੍ਹਾਂ ਕਾਂਗਰਸ ਦੇ ਪੁਣੇ ਜ਼ਿਲ੍ਹੇ ਤੋਂ ਸੰਗਰਾਮ ਥੋਪਤੇ ਤੇ ਸੁਸ਼ੀਲ ਕੁਮਾਰ ਸ਼ਿੰਦੇ ਦੀ ਕੁੜੀ ਪ੍ਰਣੀਤੀ ਸ਼ਿੰਦੇ ਅਤੇ ਐੱਨ.ਸੀ.ਪੀ. ਦੇ ਸਾਬਕਾ ਮੰਤਰੀ ਪ੍ਰਕਾਸ਼ ਸੋਲੰਕੀ ਵੀ ਨਾਰਾਜ਼ ਚੱਲ ਰਹੇ ਹਨ

ਮੋਦੀ ਲੁਕਵੇ, ਪਰ ਬੰਗਾਲ ਦੀ ਭਾਜਪਾ ਦੁਹਾਈ ਮਚਾਵੇ:

• ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਤੋਂ ਉਲਟ ਬੰਗਾਲ ਦੀ ਭਾਜਪਾ ਨੇ ਇੱਕ ਕਿਤਾਬ ਜਾਰੀ ਕਰਕੇ ਨਾਗਰਿਕਤਾ ਸੋਧ ਕਾਨੂੰਨ ਤੋਂ ਬਾਅਦ ਨਾਗਰਿਕਤਾ ਰਜਿਸਟਰ ਲਾਗੂ ਕਰਨ ਦੀ ਗੱਲ ਕਹੀ • ਬੰਗਲਾ ਭਾਸ਼ਾ ਵਿੱਚ 23 ਪੰਨੇ ਦੇ ਕਿਤਾਬਚੇ ਦੇ ਆਖਰੀ ਪੰਨੇ ਉੱਪਰ ਇੱਕ ਸਵਾਲ ਦੇ ਰੂਪ ਵਿੱਚ ਲਿਖਕੇ ਪੁੱਛਿਆ ਗਿਆ ਹੈ:- ਸਵਾਲ: ਕੀ ਇਸ ਤੋਂ ਬਾਅਦ ਨਾਗਰਿਕਤਾ ਰਜਿਸਟਰ ਆਵੇਗਾ? ਇਸ ਦੀ ਕਿੰਨੀ ਲੋੜ ਹੈ? ਜੇ ਨਾਗਰਿਕਤਾ ਰਜਿਸਟਰ ਆਵੇਗਾ ਤਾਂ ਕੀ ਆਸਾਮ ਦੀ ਤਰ੍ਹਾਂ ਹਿੰਦੂਆਂ ਨੂੰ ਨਜ਼ਰਬੰਦ ਕੇਂਦਰਾਂ ਵਿੱਚ ਜਾਣਾ ਪਵੇਗਾ? ਉੱਤਰ ਵਿੱਚ ਲਿਖਿਆ ਹੈ – ਹਾਂ, ਨਾਗਰਿਕਤਾ ਰਜਿਸਟਰ ਜਰੂਰ ਆਵੇਗਾ ਕੇਂਦਰ ਦੀ ਮਨਸ਼ਾ ਤਾਂ ਇਸ ਤਰ੍ਹਾਂ ਦੀ ਹੀ ਲੱਗ ਰਹੀ ਹੈ – ਇਸ ਤੋਂ ਪਹਿਲਾਂ ਅਸੀਂ ਇਹ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਨਵਗਰਿਕਤਾ ਰਜਿਸਟਰ ਦੀ ਵਜ੍ਹਾ ਕਰਕੇ ਕਿਸੇ ਵੀ ਹਿੰਦੂ ਨੂੰ ਨਜ਼ਰਬੰਦ ਕੇਂਦਰ ਵਿੱਚ ਨਹੀਂ ਜਾਣਾ ਪਵੇਗਾ – ਅਸਾਮ ਦੇ ਵਿੱਚ ਜੋ 11 ਲੱਖ ਹਿੰਦੂ ਨਜ਼ਰਬੰਦ ਕੇਂਦਰਾਂ ਵਿੱਚ ਰਹਿ ਰਹੇ ਹਨ ਉਹ ਉੱਥੇ ਦੇ ਵਿਦੇਸ਼ੀ ਨਿਯਮਾਂ ਕਾਰਨ ਰਹਿ ਰਹੇ ਹਨ

ਖਬਰਾਂ ਆਰਥਿਕ ਜਗਤ ਦੀਆਂ:

• ਭਾਰਤ ਵਿੱਚ ਮੰਦੀ ਹੋਰ ਵਧਣ ਦੇ ਸੰਕੇਤ • ਚਾਲੂ ਵਿੱਤੀ ਸਾਲ ਦੌਰਾਨ ਵੀ ਭਾਰਤ ਦੀ ਆਰਥਿਕ ਵਿਕਾਸ ਦਰ ਘੱਟ ਰਹਿਣ ਦੇ ਆਸਾਰ • ਸੀ.ਐੱਸ.ਓ. ਦੇ ਪਹਿਲੇ ਅਗਾਉੂ ਅੰਦਾਜੇ ਮੁਤਾਬਿਕ ਚਾਲੂ ਵਿੱਤੀ ਸਾਲ ਦੌਰਾਨ ਜੀ.ਡੀ.ਪੀ. ਵਾਧਾ ਦਰ 5 ਫੀਸਦੀ ਰਹੇਗੀ • ਕਈ ਨਿੱਜੀ ਸੰਸਥਾਵਾਂ ਦਾ ਇਹ ਕਹਿਣਾ ਹੈ ਕਿ ਇਰਾਨ ਅਮਰੀਕਾ ਤਣਾਅ ਕਾਰਨ ਕੱਚਾ ਤੇਲ ਮਹਿੰਗਾ ਹੋ ਰਿਹਾ ਹੈ ਜਿਸ ਦਾ ਅਸਰ ਚੌਥੀ ਤਿਮਾਹੀ ‘ਤੇ ਜ਼ਰੂਰ ਪਵੇਗਾ

ਕੌਮਾਂਤਰੀ ਖਬਰਾਂ:

ਈਰਾਨ ਅਮਰੀਕਾ ਟਕਰਾਅ ਹੋਰ ਵਧਿਆ:

• ਈਰਾਨ ਦੀ ਪਾਰਲੀਮੈਂਟ ਨੇ ਅਮਰੀਕਾ ਦੀ ਫੌਜ ਨੂੰ ‘ਅਤਿਵਾਦੀ’ ਐਲਾਨਿਆ • ਅਮਰੀਕਾ ਨੇ ਈਰਾਨ ਦੇ ਵਿਦੇਸ਼ ਮੰਤਰੀ ਨੂੰ ਯੂਨਾਇਟਡ ਨੇਸ਼ਨਸ਼ ਇਜਲਾਸ ਵਿਚ ਸ਼ਾਮਿਲ ਹੋਣ ਲਈ ਵੀਜ਼ਾ ਦੇਣ ਤੋਂ ਮਨ੍ਹਾਂ ਕੀਤਾ

• ਈਰਾਨ ਨੇ ਇਰਾਕ ਵਿੱਚ ਅਮਰੀਕੀ ਫੌਜੀਆਂ ਦੇ ਦੋ ਅੱਡਿਆਂ ਤੇ ਮਿਜ਼ਾਈਲਾਂ ਦਾਗੀਆਂ • ਇਰਾਕ ਦੇ ਇਰਬਿਲ ਅਤੇ ਅਲ ਅਸਦ ਸ਼ਹਿਰਾਂ ਦੇ ਅੱਡਿਆਂ ਤੇ ਘੱਟੋ ਘੱਟ ਇੱਕ ਦਰਜਨ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ • ਈਰਾਨ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਉਨ੍ਹਾਂ ਸਾਰੇ ਸਾਥੀਆਂ ਨੂੰ ਚਿਤਾਵਨੀ ਦਿੰਦੇ ਹਾਂ ਜਿਨ੍ਹਾਂ ਦੀ ਜਮੀਨ ‘ਅਮਰੀਕੀ ਫੌਜੀ ਅੱਤਵਾਦੀ’ ਵਰਤ ਰਹੇ ਹਨ • ਜੇ ਉਨ੍ਹਾਂ ਦੀ ਜਮੀਨ ਤੋਂ ਈਰਾਨ ਖਿਲਾਫ ਕੋਈ ਕਾਰਵਾਈ ਹੋਈ ਤਾਂ ਅਮਰੀਕਾ ਦੇ ਉਨ੍ਹਾਂ ਸਾਥੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ

ਇਰਾਕ-ਅਮਰੀਕਾ ਟਕਰਾਅ ਦਾ ਦਿੱਲੀ ਦਰਬਾਰ ‘ਤੇ ਅਸਰ:

ਇਰਾਕ ਅਤੇ ਅਮਰੀਕਾ ਦੇ ਟਕਰਾਅ ਦਾ ਦਿੱਲੀ ਦਰਬਾਰ ਉੱਤੇ ਅਸਰ ਪੈਣਾ ਤੈਅ • ਆਰਥਕ ਮੰਦੀ ਚੋਂ ਲੰਘ ਰਹੇ ਦਿੱਲੀ ਦਰਬਾਰ ਲਈ ਤੇਲ ਕੀਮਤਾਂ ਵਧਣਾ ਭਾਰੀ ਚਿੰਤਾ ਦਾ ਵਿਸ਼ਾ • ਟਕਰਾਅ ਵਧਣ ਤੇ ਹਾਲਾਤ ਹੋਰ ਵੀ ਕਸੂਤੀ ਹੋ ਸਕਦੀ ਹੈ

ਅਮਰੀਕੀ ਫੌਜ ਈਰਾਨ ਚੋਂ ਬਾਹਰ ਨਹੀਂ ਆਏਗੀ:

• ਅਮਰੀਕਾ ਨੇ ਕਿਹਾ ਕਿ ਹਾਲੇ ਇਰਾਕ ਵਿਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਨਹੀਂ ਹੋਵੇਗੀ • ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ ਇਸਲਾਮਿਕ ਸਟੇਟ ਦੇ ਖਾਤਮੇ ਤੱਕ ਅਮਰੀਕੀ ਫੌਜੀ ਡਟੇ ਰਹਿਣਗੇ • ਜਿਕਰਯੋਗ ਹੈ ਕਿ ਇਰਾਕ ਦੀ ਸੰਸਦ ਨੇ ਇੱਕ ਮਤਾ ਪਾਸ ਕਰਕੇ ਅਮਰੀਕਾ ਨਾਲ ਹੋਏ ਸਮਝੌਤੇ ਨੂੰ ਰੱਦ ਕਰਦਿਆਂ ਅਮਰੀਕੀ ਫੌਜੀਆਂ ਨੂੰ ਇਰਾਕ ਛੱਡਣ ਦਾ ਹੁਕਮ ਜਾਰੀ ਕੀਤਾ ਸੀ

ਸੁਲੇਮਾਨੀ ਦੇ ਜਨਾਜ਼ੇ ਚ ਭਗਦੜ ਦੌਰਾਨ ਮੌਤਾਂ:

• ਈਰਾਨ ਦੇ ਮਾਰੇ ਗਏ ਫੌਜੀ ਜਨਰਲ ਕਾਸਿਮ ਸੁਲੇਮਾਨੀ ਦੇ ਜਨਾਜ਼ੇ ਵਿੱਚ ਮਚੀ ਭੱਜ ਦੌੜ ਨਾਲ 30 ਲੋਕਾਂ ਦੇ ਮਾਰੇ ਜਾਣ ਅਤੇ 48 ਦੇ ਜ਼ਖਮੀ ਹੋਣ ਦੀ ਖਬਰ ਹੈ • ਸੁਲੇਮਾਨੀ ਦੇ ਮ੍ਰਿਤਕ ਸਰੀਰ ਨੂੰ ਇਰਾਕ ਤੋਂ ਅਹਵਾਜ਼, ਫਿਰ ਤਹਿਰਾਨ ਅਤੇ ਅੱਜ ਕੇਰਮਨ ਲਿਆਉਣ ਤੇ ਉਸ ਦੇ ਜਨਾਜ਼ੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਨਾਲ ਇਹ ਘਟਨਾ ਵਾਪਰੀ • ਕਾਸਿਮ ਸੁਲੇਮਾਨੀ ਈਰਾਨ ਦੇ ਕੇਰਮਨ ਸ਼ਹਿਰ ਦਾ ਰਹਿਣ ਵਾਲਾ ਸੀ ਜਿੱਥੇ ਕਿ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ

ਇਰਾਕ ‘ਚ ਅਮਰੀਕੀ ਕਾਰਵਾਈ ਤੇ ਸਾਊਦੀ ਅਰਬ ਦਾ ਬਿਆਨ:

• ਇਰਾਕ ਵਿੱਚ ਜੋ ਕੁਝ ਹੋਇਆ ਹੈ ਉਹ ਵੱਧਦੇ ਤਣਾਅ ਅਤੇ ਅੱਤਵਾਦੀ ਗਤੀਵਿਧੀਆਂ ਦਾ ਨਤੀਜਾ ਹੈ • ਕਿਹਾ ਕਿ ਇਸ ਬਾਰੇ ਅਸੀਂ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ • ਸਾਊਦੀ ਅਰਬ ਦੇ ਰਾਜੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਰਾਕ ਦੇ ਰਾਸ਼ਟਰਪਤੀ ਬਰਹਾਮ ਸਾਲਿਹ ਨਾਲ ਵੀ ਗੱਲ ਕੀਤੀ, ਤੇ • ਕਿਹਾ ਕਿ ਸਾਊਦੀ ਅਰਬ ਇਸ ਪੂਰੇ ਖਿੱਤੇ ਦੀ ਸਥਿਰਤਾ ਦੇ ਹੱਕ ਵਿੱਚ ਹੈ ਅਤੇ ਤਣਾਅ ਘੱਟ ਕਰਨਾ ਚਾਹੁੰਦਾ ਹੈ • ਕਿਹਾ ਕਿ ਇਰਾਕ ਨੂੰ ਵੀ ਇਸ ਵਿੱਚ ਸੰਜਮ ਬਣਾ ਕੇ ਰੱਖਣਾ ਚਾਹੀਦਾ ਹੈ • ਜ਼ਿਕਰਯੋਗ ਹੈ ਕਿ ਸਾਊਦੀ ਅਰਬ ਅਤੇ ਅਮਰੀਕਾ ਦੇ ਆਪਸ ਵਿੱਚ ਬਹੁਤ ਗੂੜ੍ਹੇ ਸਬੰਧ ਹਨ ਅਤੇ ਇਰਾਨ ਨਾਲ ਸਾਊਦੀ ਅਰਬ ਦੀ ਉਨੀ ਹੀ ਗੂੜ੍ਹੀ ਦੁਸ਼ਮਣੀ ਹੈ • ਯਮਨ ਸੀਰੀਆ ਇਰਾਕ ਤੋਂ ਲੈ ਕੇ ਲੈਬਨਾਨ ਤੱਕ ਸਾਊਦੀ ਅਰਬ ਅਤੇ ਈਰਾਨ ਆਹਮੋ ਸਾਹਮਣੇ ਹੋਏ ਰਹਿੰਦੇ ਹਨ ਅਤੇ ਇਨ੍ਹਾਂ ਥਾਵਾਂ ਉੱਪਰ ਜਨਰਲ ਕਾਸਿਮ ਸੁਲੇਮਾਨੀ ਦਾ ਮੌਜੂਦ ਨਾ ਹੋਣਾ ਸਾਊਦੀ ਅਰਬ ਲਈ ਬਹੁਤ ਮਾਅਨੇ ਰੱਖਦਾ ਹੈ

• ਜਰਮਨੀ ਅਤੇ ਨਾਟੋ ਦੇਸ਼ਾਂ ਨੇ ਇਰਾਕ ਵਿੱਚੋਂ ਆਪਣੇ ਕੁਝ ਫੌਜੀ ਬਾਹਰ ਸੱਦੇ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: