ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਜੂਨ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਫੌਜੀ ਹਮਲਾ ਕਰਨ ਦੀ ਦੋਸ਼ੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੇ ਕੀਤੇ ਕੰਮ ਦਾ ਫਲ ਭੁਗਤਾਉਣ ਵਾਲੇ ਅਤੇ ਮੌਕੇ ‘ਤੇ ਹੀ ਆਪ ਵੀ ਸ਼ਹੀਦੀ ਪਾਉਣ ਵਾਲੇ ਭਾਈ ਬੇਅੰਤ ਸਿੰਘ ਮਲੋਆ ਦਾ 32 ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦ ਦੀ ਯਾਦ ਵਿੱਚ ਗੁਰਦੁਆਰਾ ਝੰਡਾ ਬੁੰਗਾ ਵਿਖੇ ਅਯੋਜਿਤ ਸਮਾਗਮ ਮੌਕੇ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ, ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭਰਾਤਾ ਭਾਈ ਭੁਪਿੰਦਰ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਦੇ ਭਰਾਤਾ ਭਾਈ ਵਰਿਆਮ ਸਿੰਘ ਪੁਜੇ ਹੋਏ ਸਨ। ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਉਪਰੰਤ ਅਰਦਾਸ ਕੀਤੀ ਗਈ, ਹੁਕਮਨਾਮਾ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਹੁਰਾਂ ਲਿਆ। ਗਿਆਨੀ ਜਗਤਾਰ ਸਿੰਘ ਹੁਰਾਂ ਨੇ ਪੁੱਜੇ ਹੋਏ ਸ਼ਹੀਦ ਪਰਿਵਾਰਾਂ ਦੇ ਜੀਆਂ ਨੂੰ ਸਿਰੋਪਾਉ ਨਾਲ ਸਤਿਕਾਰਿਆ।
ਜ਼ਿਕਰਯੋਗ ਹੈ ਕਿ ਜੂਨ 1984 ਵਿਚ ਇੰਦਰਾ ਗਾਂਧੀ ਨੇ ਭਾਰਤੀ ਫੌਜਾਂ ਰਾਹੀਂ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਢਾਹ ਢੇਰੀ ਕਰ ਦਿੱਤਾ ਸੀ ਅਤੇ ਸੈਂਕੜੇ ਸਿੰਘ ਸਿੰਘਣੀਆਂ ਇਸ ਜ਼ੁਲਮ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋ ਗਏ ਸਨ।