Site icon Sikh Siyasat News

ਲਾਂਘਾ ਪਾਰ ਕਰਨ ਲਈ ਰੱਖੀ ਗਈ ਪਾਸਪੋਰਟ ਦੀ ਸ਼ਰਤ ਹਟਾਈ ਜਾਵੇ: ਆਪ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਦੀ ਪ੍ਰਕਿਰਿਆ ਨੂੰ ਵੱਧ ਤੋਂ ਵੱਧ ਸਰਲ ਅਤੇ ਸੌਖੀ ਰੱਖਣ ਦੀ ਵਕਾਲਤ ਕਰਦਿਆਂ ਰਵਾਇਤੀ ਪਾਰਟੀਆਂ ਨੂੰ ਨਸੀਹਤ ਦਿੱਤੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਸ ਪਵਿੱਤਰ ਰਾਜ ਉੱਤੇ ਹੋਛੀ ਰਾਜਨੀਤੀ ਨਾ ਕਰਨ।

ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਪੰਜਾਬ, ਪੰਜਾਬੀਅਤ ਅਤੇ ਪੰਥ ਨਾਲ ਸੰਬੰਧਿਤ ਅਜਿਹੇ ਮੁੱਦਿਆਂ ‘ਤੇ ਹਮੇਸ਼ਾ ਸਿਆਸੀ ਰੋਟੀਆਂ ਸੇਕੀਆਂ ਹਨ। ਨਤੀਜੇ ਵਜੋਂ ਮੁੱਦਾ ਲਟਕ ਜਾਂਦਾ ਹੈ ਅਤੇ ਸੰਬੰਧਿਤ ਲੋਕਾਂ ਦੀ ਆਸਥਾ ਅਤੇ ਸਨਮਾਨ ਨੂੰ ਸੱਟ ਲਗਦੀ ਹੈ।

ਗੁਰੂਦੁਆਰਾ ਕਰਤਾਰਪੁਰ ਸਾਹਿਬ ਦੀ ਤਸਵੀਰ ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸੰਗਤ ਦੀ ਦਹਾਕਿਆਂ ਬੱਧੀ ਅਰਦਾਸ ਅਤੇ ਭਾਰਤ-ਪਾਕਿਸਤਾਨ ਦੀਆਂ ਕੁਝ ਹਸਤੀਆਂ ਦੇ ਸੁਹਿਰਦ ਯਤਨਾਂ ਨੂੰ ਹੁਣ ਜਦ ਬੂਰ ਪੈਣ ਲੱਗਾ ਹੈ ਤਾਂ ਨਿੱਜੀ ਸਿਆਸੀ ਹਿੱਤਾਂ ਲਈ ਸੌੜੀ ਸਿਆਸਤ ਦੀ ਥਾਂ ਸਿਆਸੀ ਆਗੂਆਂ ਅਤੇ ਪਾਰਟੀਆਂ ਨੂੰ ਦਰਿਆ-ਦਿਲੀ ਅਤੇ ਇੱਕਜੁੱਟਤਾ ਦਿਖਾਉਣੀ ਚਾਹੀਦੀ ਹੈ ਤਾਂ ਕਿ ਸੰਗਤ ਪਰੇਸ਼ਾਨੀ ਅਤੇ ਜਟਿਲ ਪ੍ਰਕਿਰਿਆ ਦੇ ਬਗੈਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ‘ਤੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਏ-ਦੀਦਾਰ ਕਰ ਸਕੇ। ਉਨ੍ਹਾਂ ਕਿਹਾ ਕਿ ਬਿਹਤਰ ਹੋਵੇਗਾ ਕਿ ਦਰਸ਼ਨ-ਦੀਦਾਰਾਂ ਨੂੰ ਵੀਜ਼ਾ ਅਤੇ ਪਾਸਪੋਰਟ ਦੀ ਪ੍ਰਕਿਰਿਆ ਤੋਂ ਮੁਕਤ ਰੱਖਿਆ ਜਾਵੇ

ਆਪ ਬੁਲਾਰੇ ਨੇ ਦੋਸ਼ ਲਗਾਇਆ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਲਗਾਤਾਰ ਘਟੀਆ ਸਿਆਸਤ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਕਦੇ ਬਾਦਲ ਅਤੇ ਕੈਪਟਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਪੈ ਜਾਂਦੇ ਹਨ, ਕਦੇ ਅਕਾਲੀ ਅਤੇ ਕਾਂਗਰਸੀ ਨੀਂਹ ਪੱਥਰ ‘ਤੇ ਆਪਣੇ ਨਾਂ ਛਪਵਾਉਣ ਨੂੰ ਲੈ ਕੇ ਉਲਝਦੇ ਹਨ, ਕਦੇ ਲਾਂਘੇ ਦਾ ਵਿਰੋਧ ਕਰਨ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸਦਾ ਖ਼ੁਦ ਸਿਹਰਾ ਲੈਣ ਲਈ ਨਵਜੋਤ ਸਿੰਘ ਸਿੱਧੂ ਨਾਲ ਪਾਕਿਸਤਾਨ ਤੱਕ ਦੌੜ ਲਗਾਉਂਦੀ ਹੈ, ਕਦੇ ਕੈਪਟਨ ਇਸ ਲਾਂਘੇ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਦੇ ਹਨ ਅਤੇ ਕਦੇ ਬਗੈਰ ਪਾਸਪੋਰਟ ਦਰਸ਼ਨਾਂ ਦੀ ਵਕਾਲਤ ਕਰਦੇ ਹਨ ਅਤੇ ਸ਼ੁਰੂ ਤੋਂ ਹੀ ਇਸ ਲਾਂਘੇ ਬਾਰੇ ਦੋਗਲੀ ਨੀਅਤ ਰੱਖਣ ਵਾਲੀ ਭਾਜਪਾ ਦੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਹੁਣ ਇਕ ਗੈਰ ਜ਼ਰੂਰੀ ਬਿਆਨ ਦੇ ਕੇ ਭਾਜਪਾ ਦੀ ਪੰਜਾਬ, ਪੰਜਾਬੀਅਤ ਅਤੇ ਘੱਟ ਗਿਣਤੀਆਂ ਪ੍ਰਤੀ ਆਪਣੀ ਸੌੜੀ ਸੋਚ ਦਾ ਮੁਜ਼ਾਹਰਾ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version