Site icon Sikh Siyasat News

ਮੌੜ ਧਮਾਕੇ ਦੇ ਸਬੰਧ ‘ਚ ਸੁਖਬੀਰ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਜਾਵੇ: ਆਪ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੂੰ ਸਿੱਧੇ ਤੌਰ ਉਤੇ ਮੌੜ ਬੰਬ ਧਮਾਕੇ ਅਤੇ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਅਤੇ ਸ਼ਾਂਤੀਪੂਰਨ ਚੋਣ ਲਈ ਉਸਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ।

ਆਮ ਆਦਮੀ ਪਾਰਟੀ ਦੇ ਕੌਮੀ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਸੁਖਬੀਰ ਬਾਦਲ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ, ਜਿਸ ਵਿੱਚ ਸੁਖਬੀਰ ਦੀ ਗ੍ਰਿਫਤਾਰੀ ਅਤੇ ਪੁੱਛਗਿਛ ਕਰਨ ਦੀ ਮੰਗ ਕੀਤੀ ਗਈ ਹੈ।

ਚੋਣ ਕਮੀਸ਼ਨ ਦੇ ਪੰਜਾਬ ਮੁਖੀ ਵੀ.ਕੇ. ਸਿੰਘ ਨੂੰ ਮੰਗ-ਪੱਤਰ ਸੌਂਪਦੇ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ

ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ਕ ਨਹੀਂ ਹੈ ਕਿ ਨਿਰਾਸ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਹਿੰਸਾ ਦੀਆਂ ਘਟਨਾਵਾਂ ਦੇ ਪਿੱਛੇ ਸਨ ਅਤੇ ਉਹ ਚੋਣ ਪਰਿਕ੍ਰੀਆ ਨੂੰ ਪ੍ਰਭਾਵਿਤ ਕਰਣ ਲਈ ਕਿਸੇ ਵੀ ਪ੍ਰਕਾਰ ਦਾ ਸੰਗੀਨ ਅਪਰਾਧ ਕਰ ਸਕਦੇ ਹਨ। ਸੰਜੈ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਵਿਧਾਨਸਭਾ ਵਿੱਚ ਕਿਹਾ ਸੀ, “ਉਹ ਅੱਦਵਾਦੀ ਸੀ, ਉਹ ਅੱਦਵਾਦੀ ਹੈ ਅਤੇ ਉਹ ਇੱਕ ਅੱਤਵਾਦੀ ਰਹੇਗਾ।”

ਉਨ੍ਹਾਂ ਨੇ ਅੱਗੇ ਕਿਹਾ ਕਿ ਬਾਦਲ ਦਲ ਵੱਲੋਂ ਸਹਾਰਾ ਦਿੱਤੇ ਗਏ ਵਲਟੋਹਾ ਵਰਗੇ ਸ਼ਖਸ ਕਿਸੇ ਵੀ ਤਰ੍ਹਾਂ ਦੀ ਹਰਕਤ ਜਾਂ ਸ਼ਰਾਰਤ ਕਰ ਸਕਦੇ ਹਨ। ਸੰਜੈ ਸਿੰਘ ਨੇ ਕਿਹਾ ਕਿ ਕੈਪਟਨ ਵੀ ਸੁਖਬੀਰ ਦੀ ਬੋਲੀ ਹੀ ਬੋਲਦੇ ਹਨ ਅਤੇ ਦੋਵੇਂ ਰਾਜ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਦਾ ਕੰਮ ਕਰਦੇ ਹਨ।

ਸਬੰਧਤ ਖ਼ਬਰ:

ਮੌੜ ਤੋਂ ਕਾਂਗਰਸੀ ਉਮੀਦਵਾਰ ਜੱਸੀ ਦੇ ਰੋਡ ਸ਼ੋਅ ਦੌਰਾਨ ਧਮਾਕੇ ‘ਚ 4 ਮੌਤਾਂ; ਸਿਆਸੀ ਇਲਜ਼ਾਮਬਾਜ਼ੀ ਸ਼ੁਰੂ …

ਉਨ੍ਹਾਂ ਨੇ ਕਿਹਾ ਕਿ ਮੀਡਿਆ ਅਤੇ ਪ੍ਰਸ਼ਾਸਨ ਨੇ ਕੱਲ ਰਾਤ ਖਬਰ ਦਿੱਤੀ ਹੈ ਕਿ ਤਿੰਨ ਆਦਮੀਆਂ ਦੀ ਮੌੜ ਵਿੱਚ ਸਿਲੇਂਡਰ ਧਮਾਕੇ ਕਾਰਨ ਮੌਤ ਹੋ ਗਈ।

ਸੁਖਬੀਰ ਬਾਦਲ ਬਾਰੇ ਬੋਲਦਿਆਂ ਸੰਜੈ ਸਿੰਘ ਨੇ ਕਿਹਾ ਕਿ ਉਹ ਮਾਨਸਿਕ ਰੂਪ ਨਾਲ ਦਿਵਾਲੀਆ ਹੋ ਗਿਆ ਹੈ। ਸੰਜੈ ਸਿੰਘ ਨੇ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਅਤੇ ਨਿਰਦੋਸ਼ ਲੋਕਾਂ ਨੂੰ ਫਸਾਉਣ ਲਈ ਸੁਖਬੀਰ ਬਾਦਲ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ।

ਮੀਡਿਆ ਨਾਲ ਗੱਲਬਾਤ ਮਗਰੋਂ ਸੰਜੇ ਸਿੰਘ ਦੀ ਅਗਵਾਈ ਵਿੱਚ ਇੱਕ ਵਫਦ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਵੀ. ਕੇ. ਸਿੰਘ ਨਾਲ ਸੁਖਬੀਰ ਬਾਦਲ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਣ ਲਈ ਮੁਲਾਕਾਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version