ਅਨੰਦਪੁਰ ਸਾਹਿਬ: ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਅੱਜ ਮਾਈਨਿੰਗ ਮਾਫੀਆ ਵਲੋਂ ਹਮਲਾ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਹਲਕੇ ਦੇ ਬੇਈਂਹਾਰਾ ਪਿੰਡ ਵਿਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਗਏ ਸਨ। ਇਸ ਹਮਲੇ ਵਿਚ ਸੰਦੋਆ ਦੇ ਗੰਭੀਰ ਸੱਟਾਂ ਲੱਗਣ ਦੀ ਖਬਰ ਹੈ।
ਹਸਪਤਾਲ ਵਿਚ ਜੇਰੇ ਇਲਾਜ ਅਮਰਜੀਤ ਸਿੰਘ ਸੰਦੋਆ
ਸੰਦੋਆ ਨੂੰ ਪਹਿਲਾਂ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਭੇਜ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਿਕ ਵਿਧਾਇਕ ਅਮਰਜੀਤ ਸਿੰਘ ਸੰਦੋਆ ਕੁਝ ਪੱਤਰਕਾਰਾਂ ਅਤੇ ਸਰਕਾਰੀ ਤੌਰ ‘ਤੇ ਮਿਲੇ ਸੁਰੱਖਿਆ ਮੁਲਾਜ਼ਮਾਂ ਨਾਲ ਇਲਾਕੇ ਵਿਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਗਏ ਸਨ।
ਇਸ ਦੌਰਾਨ ਮਾਈਨਿੰਗ ਮਾਫੀਆ ਵਲੋਂ ਵਿਧਾਇਕ ਅਤੇ ਉਨ੍ਹਾਂ ਦੇ ਨਾਲ ਗਏ ਮੁਲਾਜ਼ਮਾਂ ‘ਤੇ ਪੱਥਰਾਂ, ਡਾਂਗਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
