Site icon Sikh Siyasat News

ਖਹਿਰਾ ਧੜੇ ਨੇ 8 ਮੈਂਬਰੀ ਐਡਹਾਕ ਕਮੇਟੀ ਦਾ ਐਲਾਨ ਕੀਤਾ; ਭਗਵੰਤ ਮਾਨ ਨੇ ਬਾਗੀਆਂ ਖਿਲਾਫ ਕਾਰਵਾਈ ਦੀ ਗੱਲ ਕੀਤੀ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਹਾਈਕਮਾਂਡ ਖਿਲਾਫ ਬਗਾਵਤ ਕਰਨ ਵਾਲੇ ਪੰਜਾਬ ਦੇ ਵਿਧਾਇਕਾਂ ਨੇ ਅੱਜ ਪੰਜਾਬ ਦੇ ਮਾਮਲਿਆਂ ਨੂੰ ਨਜਿੱਠਣ ਲਈ ਰਾਜਨੀਤਕ ਮਸਲਿਆਂ ਬਾਰੇ 8 ਮੈਂਬਰੀ ਐਡਹਾਕ ਕਮੇਟੀ ਦਾ ਐਲਾਨ ਕੀਤਾ ਹੈ।

ਇਸ 8 ਮੈਂਬਰੀ ਕਮੇਟੀ ਵਿਚ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਖਰੜ ਤੋਂ ਵਿਧਾਇਕ ਕੰਵਰ ਸੰਧੂ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਖਾਲਸਾ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ, ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਸ਼ਾਮਿਲ ਹਨ।

ਮਾਨਸਾਹੀਆ ਨੂੰ ਐਡਹਾਕ ਕਮੇਟੀ ਦਾ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਕਮੇਟੀ ਦੇ 8 ਮੈਂਬਰਾਂ ਤੋਂ ਇਲਾਵਾ ਇਸ ਵਿਚ 8 ਹੋਰ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਹਨਾਂ ਵਿਚ ਗੁਰਪ੍ਰਤਾਪ ਸਿੰਘ ਖੁਸ਼ਲਪੁਰ (ਗੁਰਦਾਸਪੁਰ), ਦਲਜੀਤ ਸਿੰਘ ਸਦਰਪੁਰਾ (ਧਰਮਕੋਟ), ਐਨਐਸ ਚਾਹਲ (ਮੋਗਾ), ਦੀਪਕ ਬਾਂਸਲ (ਬਠਿੰਡਾ), ਪਰਮਜੀਤ ਸਿੰਘ ਸਚਦੇਵਾ (ਹੁਸ਼ਿਆਰਪੁਰ), ਪਰਗਟ ਸਿੰਘ (ਅੰਮ੍ਰਿਤਸਰ ਦਿਹਾਤੀ), ਸੁਰੇਸ਼ ਸ਼ਰਮਾ (ਅੰਮ੍ਰਿਤਸਰ ਸ਼ਹਿਰੀ) ਅਤੇ ਕਰਮਜੀਤ ਕੌਰ (ਮਾਨਸਾ) ਸ਼ਾਮਿਲ ਹਨ।

ਕੰਵਰ ਸੰਧੂ ਨੇ ਦੱਸਿਆ ਕਿ ਪੀਏਸੀ ਪੰਜਾਬ ਵਿਚ ਪਾਰਟੀ ਦੇ ਦੁਬਾਰਾ ਬਣਾਏ ਜਾਣ ਵਾਲੇ ਢਾਂਚੇ ਦੀ ਦੇਖ ਰੇਖ ਕਰੇਗੀ ਤੇ ਸੂਬੇ ਦਾ ਪਾਰਟੀ ਮੁਖੀ ਨਿਯੁਕਤ ਕਰੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਪਾਰਟੀ ਢਾਂਚੇ ਬਣਾਏ ਜਾਣਗੇ।

ਜ਼ਿਕਰਯੋਗ ਹੈ ਕਿ 2 ਅਗਸਤ ਨੂੰ ਬੀਠੰਡਾ ਵਿਖੇ ਹੋਈ ਰੈਲੀ ਵਿਚ ਸੁਖਪਾਲ ਸਿੰਘ ਖਹਿਰਾ ਦੇ ਧੜੇ ਨੇ ਆਪ ਦੀ ਪੰਜਾਬ ਇਕਾਈ ਨੂੰ ਭੰਗ ਕਰਦਿਆਂ ਨਵਾਂ ਢਾਂਚਾ ਬਣਾਉਣ ਦਾ ਐਲਾਨ ਕੀਤਾ ਸੀ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਾਗੀ ਵਿਧਾਇਕਾਂ ਖਿਲਾਫ ਛੇਤੀ ਹੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਵਿਧਾਇਕ ਮੀਤ ਹੇਅਰ ਸਮੇਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ 2 ਅਗਸਤ ਦੀ ਬਠਿੰਡਾ ਰੈਲੀ ਵਿਚ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਮੁੰਡੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ ਤੇ ਸਟੇਜ ਤੋਂ ਸਿਰਫ ਆਗੂ ਬੋਲੇ ਕਿਸੇ ਵਲੰਟੀਅਰ ਨੂੰ ਨਹੀਂ ਬੋਲਣ ਦਿੱਤਾ ਗਿਆ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਇਕਾਈ ਦੀ ਪ੍ਰਧਾਨਗੀ ਦੇ ਅਹੁਦਾ ਲੈਣ ਸਬੰਧੀ ਉਹ ਕੇਜਰੀਵਾਲ ਨਾਲ ਮਿਲਣ ਤੋਂ ਬਾਅਦ ਫੈਂਸਲਾ ਕਰਨਗੇ।

ਹੇਅਰ ਨੇ ਖਹਿਰਾ ਨੂੰ ਮੌਕਾ ਪ੍ਰਸਤ ਦਸਦਿਆਂ ਕਿਹਾ ਕਿ ਉਹ ਸਿਰਫ ਤਾਕਤ ਹਾਸਿਲ ਕਰਨ ਲਈ ਲੜ ਰਿਹਾ ਹੈ ਨਾ ਕਿ ਪੰਜਾਬ ਲਈ। ਹੇਅਰ ਨੇ ਦੋਸ਼ ਲਾਇਆ ਕਿ ਖਹਿਰਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ।

ਹੇਅਰ ਨੇ ਦਾਅਵਾ ਕੀਤਾ ਕਿ ਕੰਵਰ ਸੰਧੂ ਨੇ ਕੇਜਰੀਵਾਲ ਨੂੰ ਕਿਹਾ ਸੀ ਕਿ ਉਸਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਜਾਵੇ, ਉਹ ਖਹਿਰਾ ਨੂੰ ਖੁਦ ਸੰਭਾਲ ਲਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version