Site icon Sikh Siyasat News

ਮੋਦੀ ਹਕੂਮਤ ਦੇ ਹਠੀ ਵਤੀਰੇ ਨੇ ਬਾਬਾ ਰਾਮ ਸਿੰਘ ਸੀਂਗੜੇ ਵਾਲਿਆਂ ਦਾ ਬਲੀਦਾਨ ਲਿਆ: ਬਾਬਾ ਹਰਨਾਮ ਸਿੰਘ

ਮਹਿਤਾ ਚੌਕ: ਦਮਦਮੀ ਟਕਸਾਲ (ਮਹਿਤਾ) ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ ਤੇ ਹਠੀ ਵਤੀਰੇ ਨੇ ਬਾਬਾ ਰਾਮ ਸਿੰਘ ਸੀਂਗੜੇ ਵਾਲੇ (ਨਾਨਕਸਰ, ਕਰਨਾਲ) ਦਾ ਬਲੀਦਾਨ ਲੈ ਲਿਆ ਹੈ।

ਬਾਬਾ ਹਰਨਾਮ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨੀ ਪ੍ਰਤੀ ਮੋਦੀ ਸਰਕਾਰ ਨੇ ਸਾਰਥਿਕ ਪਹੁੰਚ ਅਪਣਾਈ ਹੁੰਦੀ ਤਾਂ ਸੰਤ ਸਮਾਜ ਦੇ ਪ੍ਰਸਿੱਧ ਤੇ ਪਰਉਪਕਾਰੀ ਸ਼ਖ਼ਸੀਅਤ ਬਾਬਾ ਰਾਮ ਸਿੰਘ ਸੀਂਗੜੇ ਵਾਲਿਆਂ ਨੂੰ ਆਪਣੀ ਜਾਨ ਦਾ ਬਲੀਦਾਨ ਨਾ ਦੇਣਾ ਪੈਦਾ।

ਬਾਬਾ ਰਾਮ ਸਿੰਘ ਦੀ ਪੁਰਾਣੀ ਤਸਵੀਰ

ਉਨ੍ਹਾਂ ਕਿਹਾ ਕਿ ਬਾਬਾ ਰਾਮ ਸਿੰਘ ਦੇ ਵਿਛੋੜੇ ਨਾਲ ਲੱਖਾਂ ਸੰਗਤਾਂ ਦੇ ਹਿਰਦਿਆਂ ਨੂੰ ਸੱਟ ਵੱਜੀ ਹੈ। ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਦੱਸਿਆ ਕਿ ਬਾਬਾ ਰਾਮ ਸਿੰਘ ਸੀਂਗੜੇ ਵਾਲੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਰਹੇ ਅਤੇ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਲਈ ਵੀ ਸੇਵਾ ਨਿਭਾਈ।

ਉਹ ਸ਼ੁਰੂਆਤ ਤੋਂ ਹੀ ਕਿਸਾਨ ਮੋਰਚੇ ’ਚ ਅੱਪੜ ਕੇ ਲੰਗਰ, ਰਸਤ ਪਾਣੀ ਅਤੇ ਕੰਬਲਾਂ ਆਦਿ ਦੀ ਸੇਵਾ ਨਿਭਾਉਂਦੇ ਰਹੇ ਅਤੇ ਹਰ ਰੋਜ਼ ਕਿਸਾਨੀ ਦੀ ਹੁੰਦੀ ਦੁਰਦਸ਼ਾ ਤੋਂ ਉਹਨਾਂ ਦਾ ਹਿਰਦਾ ਦੁਖੀ ਸੀ।

ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਬਾਬਾ ਰਾਮ ਸਿੰਘ ਜੀ ਹੁਰਾਂ ਵੱਲੋਂ ਸਿੰਘੂ ਬਾਰਡਰ ’ਤੇ ਸੈਂਟਰ ਸਰਕਾਰ ਖ਼ਿਲਾਫ਼ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਹੋਇਆ ਆਪਣਾ ਸਰੀਰ ਛੱਡ ਜਾਣਾ ਕੋਈ ਸਾਧਾਰਨ ਘਟਨਾ ਨਹੀਂ ਹੈ ਸਗੋਂ ਇਕ ਧਾਰਮਿਕ ਰੂਹ ਵੱਲੋਂ ਜ਼ਾਲਮ ਹਕੂਮਤ ਦੀਆਂ ਅੱਖਾਂ ਖੋਲ੍ਹਣ ਲਈ ਵਰਤਾਈ ਘਟਨਾ ਹੈ।

ਦਮਦਮੀ ਟਕਸਾਲ (ਮਹਿਤਾ) ਦੇ ਮੁਖੀ ਨੇ ਮੋਰਚੇ ’ਤੇ ਬੈਠੇ ਅੰਦੋਲਨਕਾਰੀਆਂ ਅਤੇ ਸੰਗਤ ਨੂੰ ਕਿਸੇ ਖ਼ਿਲਾਫ਼ ਅਪਸ਼ਬਦ ਨਾ ਬੋਲਣ ਅਤੇ ਮੋਰਚੇ ਨੂੰ ਆਖ਼ਰੀ ਜਿੱਤ ਤਕ ਸ਼ਾਂਤਮਈ ਬਣਾਈ ਰੱਖਦਿਆਂ ਕਿਸਾਨ ਆਗੂਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਬੌਖਲਾਹਟ ’ਚ ਤਾਕਤ ਦੀ ਵਰਤੋਂ ਕਰ ਸਕਦੀ ਹੈ ਜਾਂ ਭੜਕਾਹਟ ਪੈਦਾ ਕਰ ਸਕਦੀ ਹੈ ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version