Site icon Sikh Siyasat News

ਭਾਈ ਦਲਜੀਤ ਸਿੰਘ ਅੰਮ੍ਰਿਤਸਰ ਜੇਲ੍ਹ ਵਿਚੋਂ ਰਿਹਾਅ; ਦਰਬਾਰ ਸਾਹਿਬ ਦਰਸ਼ਨ ਕੀਤੇ

ਸ਼੍ਰੀ ਅੰਮ੍ਰਿਤਸਰ, ਪੰਜਾਬ (28 ਫਰਵਰੀ, 2012 – ਸਿੱਖ ਸਿਆਸਤ): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਅੱਜ ਸ਼੍ਰੀ ਅੰਮ੍ਰਿਤਸਰ ਜੇਲ੍ਹ ਵਿਚੋਂ ਰਿਹਾਅ ਹੋ ਗਏ। ਪਿਛਲੇ ਲੰਮੇ ਸਮੇਂ ਤੋਂ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਨੂੰ ਇਸ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਜਾ ਰਿਹਾ ਸੀ। ਸਰਕਾਰ ਵੱਲੋਂ ਉਨ੍ਹਾਂ ਖਿਲਾਫ ਪਾਏ ਝੂਠੇ ਕੇਸ ਅਦਾਲਤਾਂ ਵਿਚ ਦਮ ਤੋੜ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਰਿਹਾਈ ਲਈ ਰਾਹ ਪੱਧਰਾ ਹੋਇਆ ਹੈ। ਅੱਜ ਰਿਹਾਈ ਉਪਰੰਤ ਭਾਈ ਦਲਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ।

ਪੰਜਾਬ ਵਿਚ ਸਿੱਖਾਂ ਦੇ ਰਾਜਸੀ ਹਾਲਾਤ ਇਸ ਸਮੇਂ ਬਹੁਤ ਨਾਜੁਕ ਮੋੜ ਉੱਤੇ ਪਹੁੰਚ ਚੁੱਕੇ ਹਨ ਅਜਿਹੇ ਸਮੇਂ ਸੁਹਿਰਦ ਸਿੱਖ ਹਲਕਿਆਂ ਵਿਚ ਭਾਈ ਸਾਹਿਬ ਦੀ ਰਿਹਾਈ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਭਾਈ ਦਲਜੀਤ ਸਿੰਘ ਨੇ ਸਿੱਖ ਸੰਘਰਸ਼ ਦੌਰਾਨ ਸਿਧਾਤਕ ਤੇ ਵਿਹਾਰਕ ਦੋਹਾਂ ਪੱਖੋਂ ਤੋਂ ਜੋ ਯੋਗਦਾਨ ਪਾਇਆ ਉਹ ਉਨ੍ਹਾਂ ਦੀ ਡੂੰਘੀ ਸੋਚ ਅਤੇ ਸਮਰੱਥਾ ਦਾ ਜਾਮਨ ਹੈ। ਉਨ੍ਹਾਂ ਵੱਲੋਂ ਸਾਲ 2000-02 ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਇਕ ਵਿਦਿਆਰਥੀ ਤੇ ਨੌਜਵਾਨ ਜਥੇਬੰਦੀ ਵੱਜੋਂ ਸੁਰਜੀਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਈ ਦਲਜੀਤ ਸਿੰਘ ਸਿੱਖ ਸੰਘਰਸ਼ ਨੂੰ ਸਿੱਖਾਂ ਦੀ ਨੌਜਵਾਨ ਪੀੜ੍ਹੀ ਦੇ ਹੱਥਾਂ ਵਿਚ ਦੇਖਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸਾਲ 2006 ਤੋਂ 2009 ਤੱਕ ਦੇ ਸਮੇਂ ਵਿਚ ਭਾਈ ਦਲਜੀਤ ਸਿੰਘ ਵੱਲੋਂ ਕੀਤੀ ਗਈ ਜਨਤਕ ਅਤੇ ਸਿਆਸੀ ਸਰਗਰਮੀ ਸਰਕਾਰਾਂ ਲਈ ਖਾਸ ਸਿਰਦਰਦੀ ਦਾ ਵਿਸ਼ਾ ਬਣੀ ਹੋਈ ਸੀ। ਇਸ ਲਈ ਲੰਮੀ ਵਿਚਾਰ ਤੋਂ ਬਾਅਦ ਭਾਈ ਸਾਹਿਬ ਨੂੰ ਸਿਆਸੀ ਤੇ ਜਨਤਕ ਸਰਗਰਮੀ ਦੇ ਪਿੜ ਵਿਚੋਂ ਬਾਹਰ ਰੱਖਣ ਲਈ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸ ਸਮੇਂ ਸਿੱਖ ਸੰਘਰਸ਼ ਨਾਲ ਜੁੜੀਆਂ ਰਹੀਆਂ ਰਿਵਾਇਤੀ ਧਿਰਾਂ ਅਤੇ ਸਖਸ਼ੀਅਤਾਂ ਪ੍ਰਤੱਖ ਰੂਪ ਵਿਚ ਕੇਂਦਰ ਪੱਖੀ ਤੇ ਮੌਕਾਪ੍ਰਸਤ ਸਿਆਸਤ ਦੀ ਪ੍ਰਤੀਕ ਬਾਦਲ ਧਿਰ ਨਾਲ ਮਿਲ ਚੁੱਕੀਆਂ ਹਨ। ਇਨ੍ਹਾਂ ਵਿਚ ਸੰਤ-ਸਮਾਜ ਦਾ ਮੁੱਖ ਧੜਾ, ਦਮਦਮੀ ਟਕਸਾਲ ਦਾ ਪ੍ਰਮੁੱਖ ਬਾਦਲ ਪੱਖੀ ਮਹਿਤਾ ਧੜਾ ਵੀ ਸ਼ਾਮਲ ਹਨ। ਅਜਿਹੇ ਸਮੇਂ ਪੰਥ ਦੀ ਖਿੰਡਰ ਰਹੀ ਤਾਕਤ ਨੂੰ ਜਥੇਬੰਦ ਕਰਨਾ ਤੇ ਇਸ ਪੀੜ੍ਹੀ ਦੇ ਬਦਲਾਅ ਦੇ ਦੌਰ ਵਿਚ ਸਿੱਖਾਂ ਦੀ ਸੰਘਰਸ਼ਸ਼ੀਲ ਵਿਚਾਰਧਾਰਾ ਨੂੰ ਆਮ ਲੋਕਾਂ ਅਤੇ ਖਾਸ ਕਰ ਨੌਜਵਾਨਾਂ ਵਿਚ ਲੈ ਕੇ ਜਾਣਾ ਬਹੁਤ ਵੱਡੇ ਅਤੇ ਮਹੱਤਵਪੂਰਨ ਕਾਰਜ ਹਨ।

ਅੱਜ ਭਾਈ ਦਲਜੀਤ ਸਿੰਘ ਦੀ ਰਿਹਾਈ ਮੌਕੇ ਪੰਚ ਪ੍ਰਧਾਨੀ ਦੇ ਪੰਚ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾਪਿੰਡ, ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰੀਕ ਸਿੰਘ ਈਸੜੂ, ਭਾਈ ਬਲਦੇਵ ਸਿੰਘ ਸਿਰਸਾ, ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਦਲ ਖਾਲਸਾ ਦੇ ਸਕੱਤਰ ਭਾਈ ਕੰਵਰਪਾਲ ਸਿੰਘ ਬਿੱਟੂ, ਖਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ ਸਮੇਤ ਅਨੇਕਾਂ ਪੰਥਕ ਆਗੂ, ਸਖਸ਼ੀਅਤਾਂ ਅਤੇ ਸਿੱਖ ਸੰਗਤਾਂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version