Site icon Sikh Siyasat News

ਕੈਪਟਨ ਅਮਰਿੰਦਰ 21 ਸਿੱਖਾਂ ਦੇ ਕਤਲ ਦਾ ਪੂਰਾ ਸੱਚ ਲੋਕਾਂ ਸਾਹਮਣੇ ਰੱਖਣ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ

ਅੰਮ੍ਰਿਤਸਰ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੀ ਸਰਪ੍ਰਸਤ ਪਰਮਜੀਤ ਕੌਰ ਖਾਲੜਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਪ੍ਰਧਾਨ ਹਰਮਨਦੀਪ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ 21 ਖਾੜਕੂਆਂ ਦੇ ਗੈਰ-ਕਾਨੂੰਨੀ ਕਤਲਾਂ ਤੋਂ ਪਰਦ ਚੁੱਕਣ ਤੋਂ ਬਾਅਦ ਸਿੱਖ ਪੰਥ ਹੀ ਨਹੀਂ ਸਮੁੱਚੀ ਮਨੁੱਖਤਾ ਸੁੰਨ ਹੋ ਕੇ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਕੈਪਟਨ ਹੁਰਾਂ ਨੇ ਬੀਤੇ ਦਿਨ ਮੀਡੀਆ ਸਾਹਮਣੇ ਆਖਿਆ ਹੈ ਚੰਦਰ ਸ਼ੇਖਰ ਦੀ ਸਰਕਾਰ ਸਮੇਂ ਉਨ੍ਹਾਂ 21 ਖਾੜਕੂਆਂ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਪੇਸ਼ ਕਰਾਇਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਮਾਰ ਦਿੱਤਾ ਗਿਆ ਸੀ ਅਤੇ ਇਨ੍ਹਾਂ 21 ਮੌਤਾਂ ਲਈ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦਾ ਹਾਂ।

80-90 ਦੇ ਦਹਾਕੇ ‘ਚ ਪੰਜਾਬ ‘ਚ ਵੱਡੀ ਪੱਧਰ ‘ਤੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਨੂੰ ਦਰਸਾਉਂਦੀ ਤਸਵੀਰ

ਖਾਲੜਾ ਮਿਸ਼ਨ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਅਜਿਹਾ ਬਿਆਨ ਦੇ ਕੇ ਜਿੱਥੇ ਇੱਕ ਵਾਰ ਫਿਰ ਜੰਗਲ ਰਾਜ ਨੂੰ ਨੰਗਿਆਂ ਕੀਤਾ ਹੈ। ਉੱਥੇ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਪੇਸ਼ ਕੀਤੀ ਸੱਚਾਈ ਉੱਪਰ ਇੱਕ ਵਾਰ ਫਿਰ ਮੋਹਰ ਲੱਗੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਅੰਦਰ 25 ਹਜ਼ਾਰ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਅਣਪਛਾਤੇ ਕਹਿ ਕੇ ਸੰਸਕਾਰ ਕਰ ਦਿੱਤੀਆਂ ਗਈਆਂ ਸਨ। ਅਤੇ ਹਜ਼ਾਰਾਂ ਦੀਆਂ ਲਾਸ਼ਾਂ ਦਰਿਆਵਾਂ-ਨਹਿਰਾਂ ਵਿੱਚ ਰੋੜ੍ਹ ਦਿੱਤੀਆਂ ਗਈਆਂ ਹਨ। ਭਾਈ ਖਾਲੜਾ ਨੇ ਆਪਣੀ ਸ਼ਹਾਦਤ ਦੇ ਕੇ ਦਿੱਲੀ ਦਰਬਾਰ ਅਤੇ ਕੇ.ਪੀ.ਐਸ. ਗਿੱਲ ਵਰਗੇ ਪਾਪੀਆਂ ਨੂੰ ਨੰਗਿਆਂ ਕੀਤਾ। ਪਹਿਲਾਂ ਵੀ ਪਿੰਕੀ ਕੈਟ, ਸਿਪਾਹੀ ਸਤਵੰਤ ਸਿੰਘ ਮਾਣਕ, ਏ.ਐਸ.ਆਈ. ਸੁਰਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਝੂਠੇ ਮੁਕਾਬਲਿਆਂ ਬਾਰੇ ਖੁਲਾਸੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਹੁਰੀਂ 21 ਬੰਦਿਆਂ ਦੇ ਨਾਮ ਅਤੇ ਗੁਨਾਹਗਾਰਾਂ ਦੇ ਨਾਮ ਜਨਤਕ ਕਰਨ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਹਿੰਮਤ ਕਰਨ।

ਖਾਲੜਾ ਮਿਸ਼ਨ ਨੇ ਕਿਹਾ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੂੰ ਹਰਕਤ ਵਿੱਚ ਆਉਣਾ ਚਾਹੀਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਨੋਟਿਸ ਲੈ ਕੇ ਗੁਨਾਹਗਾਰਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਆਖਿਰ ਵਿੱਚ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਕੇ.ਪੀ.ਐਸ. ਗਿੱਲ ਕੋਲ ਹੈਲਥ ਮਹਿਕਮੇ ਦੀ ਵੈਨ ਹੀ ਨਹੀਂ ਭੇਜਣੀ ਚਾਹੀਦੀ ਸਗੋਂ ਝੂਠ ਫੜਨ ਵਾਲੀ ਮਸ਼ੀਨ ਭੇਜਣੀ ਚਾਹੀਦੀ ਹੈ ਤਾਂ ਕਿ ਹਜ਼ਾਰਾਂ ਝੂਠੇ ਮੁਕਾਬਲਿਆਂ ਦਾ ਸੱਚ ਸਾਹਮਣੇ ਆ ਸਕੇ ਅਤੇ ਗਿੱਲ ਵਰਗੇ ਲੋਕ ਆਪਣੇ ਪਾਪਾਂ ਦਾ ਥੋੜ੍ਹਾ ਬਹੁਤ ਬੋਝ ਹਲਕਾ ਕਰ ਸਕਣ।

ਸਬੰਧਤ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Capt. Amarinder’s Tweet is Yet Another Admission to Extra-Judicial Killings in Punjab …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version