Site icon Sikh Siyasat News

ਯੋਗ ਨੂੰ ਬੱਚਿਆਂ ਉਥੇ ਜ਼ਿਆਦਤੀ ਬਣਾਕੇ ਨਾ ਥੋਪਣ ਪ੍ਰਧਾਨ ਮੰਤਰੀ ਮੋਦੀ: ਸੁੱਚਾ ਸਿੰਘ ਛੋਟੇਪੁਰ

ਚੰਡੀਗੜ੍ਹ: ਸੋਮਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਿਛਲੇ ਦੋ ਸਾਲ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਨੀ ਵਾਰ ਵੀ ਪੰਜਾਬ ਆਏ ਹਨ, ਹਰ ਵਰਗ ਨੂੰ ਨਿਰਾਸ਼ ਕਰਦੇ ਹਨ। ਛੋਟੇਪੁਰ ਨੇ ਪ੍ਰਧਾਨ ਮੰਤਰੀ ਤੋਂ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ, ਉਦਯੋਗ ਲਈ ਗੁਆਂਢੀ ਪਹਾੜੀ ਰਾਜਾਂ ਦੀ ਤਰਜ ਉੱਤੇ ਵਿਸ਼ੇਸ਼ ਟੈਕਸ ਛੋਟ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ ਤੋਂ ਰਾਹਤ ਲਈ ਵਿਸ਼ੇਸ਼ ਆਰਥਿਕ ਸਹਾਇਤਾ, ਸਰਹੱਦੀ ਕਿਸਾਨਾਂ ਨੂੰ ਵਿਸ਼ੇਸ਼ ਮੁਆਵਜ਼ਾ, ਭਾਰਤੀ ਫੌਜ ਵਿਚ ਪੰਜਾਬੀਆਂ ਦੀ ਭਰਤੀ ਕੋਟੇ ਨੂੰ ਵਧਾਉਣ ਵਰਗੇ ਪੈਕੇਜ ਮੰਗੇ ਅਤੇ ਇਹ ਪੈਕੇਜ ਮੀਡੀਆ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖੀ ਅਤੇ ਕਿਹਾ ਕਿ ਪੰਜਾਬ ਦੀ ਲਟਕਦੀਆਂ ਮੰਗਾਂ ਅਤੇ ਵਾਅਦੇ ਪੂਰੇ ਕਰਨ ਲਈ ਇਹ ਤੁਹਾਡੇ (ਮੋਦੀ ਸਰਕਾਰ) ਕੋਲ ਆਖਰੀ ਮੌਕਾ ਹੈ, ਕਿਉਂਕਿ ਕੁਝ ਸਮਾਂ ਬਾਅਦ ਪੰਜਾਬ ‘ਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।

ਇਸ ਮੌਕੇ ਛੋਟੇਪੁਰ ਦੇ ਨਾਲ ਲੀਗਲ ਸੈਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ, ਪੰਜਾਬ ਡਾਇਲਾਗ ਟੀਮ ਦੇ ਮੁਖੀ ਕੰਵਰ ਸੰਧੂ, ਆਪ ਨੇਤਾ ਜਸਵੀਰ ਸਿੰਘ ਬੀਰ ਅਤੇ ਐਚ. ਐਸ. ਕਿੰਗਰਾ ਮੌਜੂਦ ਸਨ।

ਛੋਟੇਪੁਰ ਨੇ ਕਿਹਾ ਦੋ ਸਾਲ ਗੁਜ਼ਰ ਜਾਣ ਦੇ ਬਾਵਜੂਦ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਆਤਥਕ ਸੰਕਟ ਵਿਚੋਂ ਕੱਢਣ ਲਈ ਡਾ. ਸਵਾਮੀਨਾਥਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀ। 10 ਮਹੀਨੇ ਪਹਿਲਾਂ ਚੰਡੀਗੜ੍ਹ-ਮੋਹਾਲੀ ਦੇ ਜਿਸ ਅੰਤਰ ਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ, ਉਸ ਤੋਂ ਅੱਜ ਤਕ ਇਕ ਵੀ ਅੰਤਰ ਰਾਸ਼ਟਰੀ ਉਡਾਣ ਨਹੀਂ ਉਡੀ। ਇਥੋਂ ਤਕ ਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੀ ਮੰਗ ਦੇ ਬਾਵਜੂਦ ਅੰਤਰ ਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਉੱਤੇ ਨਹੀਂ ਰੱਖਿਆ।

ਛੋਟੇਪੁਰ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਅੱਜ ਬਾਦਲ ਕੇਂਦਰ ਉੱਤੇ ਮਤਰੇਈ ਮਾਂ ਵਰਗਾ ਸਲੂਕ ਕਰਣ ਦਾ ਦੋਸ਼ ਨਹੀਂ ਲਾ ਸਕਦੇ। ਮੋਦੀ ਵਲੋਂ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤੇ ਜਾਣ ਲਈ ਬਾਦਲ ਬਰਾਬਰ ਜ਼ਿੰਮੇਦਾਰ ਹਨ। ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ

ਯੋਗ ਦਿਵਸ ਸਬੰਧੀ ਛੋਟੇਪੁਰ ਨੇ ਕਿਹਾ ਕਿ ਯੋਗ ਨੂੰ ਬੱਚਿਆਂ, ਸਰਕਾਰੀ ਅਧਿਆਪਕਾਂ ਅਤੇ ਸਰਕਾਰੀ ਮਸ਼ੀਨਰੀ ਉੱਤੇ ਜਿਸ ਤਰ੍ਹਾਂ ਥੋਪਿਆ ਜਾ ਰਿਹਾ ਹੈ ਉਹ ਸਰਾਸਰ ਧੱਕਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਦੇ ਮੱਦੇਨਜ਼ਰ ਜਿਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿਚ ਸਕੂਲੀ ਬੱਚਿਆਂ ਨੂੰ ਪਰੇਸ਼ਾਨ ਕੀਤਾ ਗਿਆ ਹੈ ਅਤੇ ਛੁੱਟੀਆਂ ਰੱਦ ਕਰਕੇ ਉਨ੍ਹਾਂ ਨੂੰ ਜ਼ੋਰ ਜ਼ਬਰਦਸਤੀ ਯੋਗ ਸਮਾਰੋਹ ਦਾ ਹਿੱਸਾ ਬਣਾਇਆ ਜਾ ਰਿਹਾ ਹੈ, ਉਹ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਅਤੇ ਨਿੰਦਣਯੋਗ ਕਦਮ ਹੈ।

ਛੋਟੇਪੁਰ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਪਦ ਦਾ ਸਨਮਾਨ ਕਰਦੇ ਹੋਏ ਯੋਗ ਵਰਗੇ ਛੋਟੇ ਮੋਟੇ ਪ੍ਰੋਗਰਾਮਾਂ ਵਿਚ ਆਉਣ ਦੀ ਬਜਾਏ ਪ੍ਰਧਾਨ ਮੰਤਰੀ ਦੀ ਅਸਲ ਡਿਊਟੀ ਉੱਤੇ ਧਿਆਨ ਦੇਣਾ ਚਾਹੀਦਾ।

ਇਸ ਮੌਕੇ ਛੋਟੇਪੁਰ ਨੇ ਨਰਿੰਦਰ ਮੋਦੀ ਸਰਕਾਰ ਇੰਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਸੀ.ਬੀ.ਆਈ ਵਰਗੀ ਕੇਂਦਰੀ ਏਜੰਸੀਆਂ ਦੇ ਆਪਣੀ ਸਹੂਲਤ ਦੇ ਮੁਤਾਬਕ ਇਸਤੇਮਾਲ ਕਰਨ ਦਾ ਦੋਸ਼ ਲਗਾਇਆ। ਵਿਰੋਧੀਆਂ ਲਈ ਈ.ਡੀ. ਅਤੇ ਸੀ.ਬੀ.ਆਈ. ਦੀ ਰਫਤਾਰ ਤੇਜ਼ ਰਹਿੰਦੀ ਹੈ ਅਤੇ ਜਿਨ੍ਹਾਂ ਨੂੰ ਮੋਦੀ ਬਚਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਰਫਤਾਰ ਹੌਲੀ ਹੋ ਜਾਂਦੀ ਹੈ। ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਰੈਕੇਟ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਵਿਦੇਸ਼ੀ ਬੈਂਕ ਖਾਤਿਆਂ ਸਬੰਧੀ ਜਾਂਚ ਵੱਲ ਇਸ਼ਾਰਾ ਕਰਦੇ ਹੋਏ ਛੋਟੇਪੁਰ ਨੇ ਕਿਹਾ ਕਿ ਈ.ਡੀ. ਅਤੇ ਸੀ.ਬੀ.ਆਈ. ਵਰਗੀਆਂ ਜਾਂਚ ਏਜੰਸੀਆਂ ਨੂੰ ਰਾਜਨੀਤਕ ਧਿਰਾਂ ਦਾ ਹੱਥ ਠੋਕਾ ਬਣਨ ਦੀ ਥਾਂ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਜਾਂਚ ਏਜੰਸੀਆਂ ਦੀ ਭਰੋਸੇਯੋਗਤਾ ਬਚੀ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version