Site icon Sikh Siyasat News

ਕਾਂਗਰਸ ਪਾਰਟੀ ਮਹਿਜ ਵੋਟਾਂ ਖਾਤਰ ਚਿੱਟਾ ਰਾਵਣ ਫੂਕਣ ਦਾ ਦਿਖਾਵਾ ਕਰ ਰਹੀ ਹੈ; ਅੰਕੜੇ ਜਾਰੀ: ਆਪ

ਚੰਡੀਗੜ੍ਹ: ਪੰਜਾਬ ‘ਚ ਅੱਜ ਕਾਂਗਰਸ ਪਾਰਟੀ ਮਹਿਜ ਵੋਟਾਂ ਖਾਤਰ ਚਿੱਟਾ ਰਾਵਣ ਫੂਕਣ ਦਾ ਦਿਖਾਵਾ ਕਰ ਰਹੀ ਹੈ ਪਰੰਤੂ ਅਸਲੀਅਤ ਇਹ ਹੈ ਕਿ ਪੰਜਾਬ ‘ਚ ਨਸ਼ਿਆਂ ਦੇ ਪ੍ਰਸਾਰ ਲਈ ਕਾਂਗਰਸ ਪਾਰਟੀ ਵੀ ਬਰਾਬਰ ਦੀ ਜ਼ਿੰਮੇਵਾਰ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ 2002 ਤੋਂ 2007 ਤੱਕ ਪੰਜਾਬ ‘ਚ ਨਸ਼ਿਆਂ ਦੀ ਜੜ ਲੱਗ ਚੁੱਕੀ ਸੀ ਅਤੇ ਉਸ ਸਮੇਂ ਦੌਰਾਨ ਵੀ ਸੂਬੇ ‘ਚ ਨਸ਼ਿਆਂ ਦੇ ਪ੍ਰਚਾਰ ਵਿਚ ਚੌਖਾ ਵਾਧਾ ਹੋਇਆ ਹੈ।

ਕਾਂਗਰਸੀ ਆਗੂ ਨਸ਼ੇ ਦਾ ਵਿਰੋਧ ਕਰਦੇ ਹੋਏ ‘ਚਿੱਟਾ ਰਾਵਣ’ ਫੂਕਦੇ ਹੋਏ (ਫਾਈਲ ਫੋਟੋ)

ਇਸ ਸੰਬੰਧੀ ਅੰਕੜੇ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਆਰਟੀਆਈ ਵਿੰਗ ਦੇ ਕੋ-ਕਨਵੀਨਰ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਕੈਪਟਨ ਸਰਕਾਰ ਦੌਰਾਨ ਐਨਡੀਪੀਐਸ ਐਕਟ ਤਹਿਤ ਵਰੇ 2003 ‘ਚ 3545, 2004 ‘ਚ 3226, 2005 ‘ਚ 4464, 2006 ‘ਚ 4861 ਅਤੇ 2007 ‘ਚ 6111 ਪਰਚੇ ਦਰਜ ਹੋਏ ਸਨ। ਨਾਲ ਹੀ 2003 ‘ਚ 4195, 2004 ‘ਚ 3853, 2005 ‘ਚ 5308, 2006 ‘ਚ 5706 ਅਤੇ ਵਰੇ 2007 ‘ਚ 7068 ਵਿਅਕਤੀ ਨਸ਼ਿਆਂ ਦੇ ਕੇਸਾਂ ਵਿਚ ਗ੍ਰਿਫਤਾਰ ਹੋਏ ਸਨ। ਇਸ ਤਰਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜ ਕਾਲ ਦੌਰਾਨ ਪੰਜਾਬ ਵਿਚ 2005 ‘ਚ 39.68 ਕਿਲੋ ਗ੍ਰਾਮ, 2006 ‘ਚ 53.885 ਕਿਲੋ ਗ੍ਰਾਮ ਅਤੇ 2007 ‘ਚ 134.98 ਕਿਲੋ ਗ੍ਰਾਮ ਹਿਰੋਇਨ ਫੜੀ ਗਈ ਸੀ। ਜੇਕਰ ਸਮੈਕ ਦੀ ਗੱਲ ਕਰੀਏ ਤਾਂ 2003 ‘ਚ 18.97 ਕਿਲੋ ਗ੍ਰਾਮ, 2004 ‘ਚ 22.78 ਕਿਲੋ ਗ੍ਰਾਮ, 2005 ‘ਚ 23.77 ਕਿਲੋ ਗ੍ਰਾਮ, 2006 ‘ਚ 33.33 ਕਿਲੋ ਗ੍ਰਾਮ ਅਤੇ 2007 ‘ਚ 31.86 ਕਿਲੋ ਗ੍ਰਾਮ ਸਮੈਕ ਵੀ ਫੜੀ ਗਈ ਸੀ। ਜਦਕਿ ਕੈਪਟਨ ਦੇ ਰਾਜ ਸਮੇਂ 2003 ‘ਚ 94.35 ਕਿਲੋ ਗ੍ਰਾਮ ਚਰਸ, 2004 ‘ਚ 74.49 ਕਿਲੋ ਗ੍ਰਾਮ, 2005 ‘ਚ 67.68 ਕਿਲੋ ਗ੍ਰਾਮ, 2006 ‘ਚ 98.71 ਕਿਲੋ ਗ੍ਰਾਮ ਅਤੇ 2007 ‘ਚ 98.07 ਕਿਲੋ ਗ੍ਰਾਮ ਚਰਸ ਫੜੀ ਗਈ ਸੀ।

ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਵਰੇ 2003 ਵਿਚ 11.49 ਕਿਲੋ ਗ੍ਰਾਮ ਨਸੀਲਾ ਪਾਊਡਰ, 2007 ਵਿਚ 1691.76 ਕਿਲੋ ਗ੍ਰਾਮ ਨਸੀਲਾ ਪਾਊਡਰ ਫੜਿਆ ਗਿਆ ਸੀ। ਇਹ ਅੰਕੜੇ ਸਪੱਸ਼ਟ ਕਰਦੇ ਹਨ ਕਿ ਨਸ਼ਿਆਂ ਦੇ ਮਾਮਲੇ ਵਿਚ ਅਕਾਲੀਆਂ ਦਾ ਸਾਥ ਦੇਣ ਵਾਲੇ ਕਾਂਗਰਸੀ ਹੁਣ ਵਿਧਾਨ ਸਭਾ ਚੋਣਾਂ ਨੂੰ ਨੇੜੇ ਵੇਖਦਿਆਂ ਚਿੱਟਾ ਰਾਵਣ ਫੂਕਣ ਦਾ ਪਖੰਡ ਕਰ ਰਹੇ ਹਨ।

ਬਹੁ-ਕਰੋੜੀ ਨਸ਼ਾ ਰੈਕਟ ਵਿਚ ਮਾਲ ਮੰਤਰੀ ਬਿਕਰਮ ਮਜੀਠੀਆ ਦਾ ਨਾਮ ਆਉਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹੀ ਪਾਰਟੀ ਅਤੇ ਉਸ ਸਮੇਂ ਦੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਜਾਂਦਿਆਂ ਮਜੀਠੀਆ ਖਿਲਾਫ ਸੀਬੀਆਈ ਜਾਂਚ ਦਾ ਵਿਰੋਧ ਕੀਤਾ ਸੀ। ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਉਸ ਸਮੇਂ ਦੇ ਪੰਜਾਬ ਕਾਂਗਰਸੀ ਮੁੱਖੀ ਪ੍ਰਤਾਪ ਸਿੰਘ ਬਾਜਵਾ ਉਤੇ ਨਸ਼ਿਆਂ ਦਾ ਵਪਾਰ ਕਰਨ ਦਾ ਇਲਜ਼ਾਮ ਲਗਾ ਚੁੱਕੇ ਹਨ ਅਤੇ ਉਹ ਇਸ ਸੰਬੰਧੀ ਇਕ ਪੱਤਰ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਵੀ ਲਿੱਖ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version