Site icon Sikh Siyasat News

ਸ਼ਾਹਕੋਟ ਵਿਚ ਕਾਂਗਰਸ ਦੇ ਲਾਡੀ ਸ਼ੇਰੋਵਾਲੀਆ ਦੀ ਜਿੱਤ, ਕੋਹਾੜ ਆਪਣੇ ਪਿੰਡ ਵਿਚ ਵੀ ਹਾਰੇ

ਸ਼ਾਹਕੋਟ: ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਜਿੱਤ ਹੋਣੀ ਲਗਭਗ ਤੈਅ ਹੈ। ਹੁਣ ਤਕ ਸਾਹਮਣੇ ਆਈ ਗਿਣਤੀ ਮੁਤਾਬਿਕ 16ਵੇਂ ਗੇੜ ਤੋਂ ਬਾਅਦ ਲਾਡੀ ਸ਼ੇਰੋਵਾਲੀਆ ਬਾਦਲ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਤੋਂ 37 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ।

ਲਾਡੀ ਸ਼ੇਰੋਵਾਲੀਆ

ਇਸ ਚੋਣ ਨਤੀਜਿਆਂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਭਵਿੱਖ ਉੱਤੇ ਵੱਡਾ ਸਵਾਲੀਆ ਚਿੰਨ੍ਹ ਖੜਾ ਕਰ ਦਿੱਤਾ ਹੈ ਕਿਉਂਕਿ ਸ਼ਾਹਕੋਟ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਨੂੰ ਪਹਿਲੇ 14 ਗੇੜਾਂ ਮਹਿਜ਼ 1607 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਨੋਟਾ ਬਟਨ ਨੂੰ 1023 ਵੋਟਾਂ ਮਿਲੀਆਂ ਹਨ।

ਨਤੀਜਿਆਂ ਵਿਚ ਹੈਰਾਨੀ ਵਾਲਾ ਇਕ ਹੋਰ ਤੱਥ ਸਾਹਮਣੇ ਆਇਆ ਕਿ ਬਾਦਲ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਆਪਣੇ ਪਿੰਡ ਵਿਚ ਵੀ ਜਿੱਤ ਹਾਸਿਲ ਨਹੀਂ ਕਰ ਸਕੇ। ਬਾਦਲ ਦਲ ਦੇ ਉਮੀਦਵਾਰ ਕੋਹਾੜ ਨੇ ਈਵੀਐਮ ਮਸ਼ੀਨਾਂ ਉੱਤੇ ਸਵਾਲ ਚੁੱਕਿਆ ਹੈ।

ਜਿਕਰਯੋਗ ਹੈ ਕਿ ਸ਼ਾਹਕੋਟ ਹਲਕੇ ਨੂੰ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਸੀ ਅਤੇ ਕਾਂਗਰਸ 1992 ਦੇ ਚੋਣ ਬਾਈਕਾਟ ਤੋਂ ਬਾਅਦ ਕਦੇ ਵੀ ਇਸ ਸੀਟ ‘ਤੇ ਨਹੀਂ ਜਿੱਤ ਸਕੀ ਸੀ। ਇਸ ਵਾਰ ਬਾਦਲ ਦਲ ਦੇ ਆਗੂ ਅਜੀਤ ਸਿੰਘ ਕੋਹਾੜ ਦੀ ਮੌਤ ਹੋਣ ਕਾਰਨ ਇਸ ਸੀਟ ‘ਤੇ ਹੁਣ ਜ਼ਿਮਨੀ ਚੋਣ ਹੋਈ, ਜਿਸ ਵਿਚ ਕਾਂਗਰਸ ਜਿੱਤਣ ਵਿਚ ਕਾਮਯਾਬ ਰਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version