Site icon Sikh Siyasat News

ਨਵੰਬਰ 1984 ਕਤਲੇਆਮ ਦੰਗੇ ਨਹੀਂ ਸਿੱਖ ਨਸਲਕੁਸ਼ੀ ਸੀ : ਦਲ ਖ਼ਾਲਸਾ

ਬਠਿੰਡਾ: ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸ਼ਰਮਸਾਰ ਕਰਨ, ਇਨਸਾਫ ਲਈ ਸੰਯੁਕਤ ਰਾਸ਼ਟਰ ਨੂੰ ਦਖਲਅੰਦਾਜ਼ੀ ਲਈ ਹੋਕਾ ਦੇਣ, ਗੁਲਾਮੀ ਤੇ ਬੇਇਨਸਾਫੀ ਵਿਰੁੱਧ ਸੰਘਰਸ਼ ਨੂੰ ਜਿਉਂਦਾ ਰੱਖਣ ਅਤੇ ਮਾਰੇ ਗਏ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਦੇਣ ਲਈ ਦਲ ਖ਼ਾਲਸਾ ਵੱਲੋਂ ਬਠਿੰਡਾ ਵਿਖੇ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਕੀਤਾ ਜਾਵੇਗਾ।

ਦਲ ਖ਼ਾਲਸਾ ਦੇ ਆਗੂ 1 ਨਵੰਬਰ, 2017 ਨੂੰ ਬਠਿੰਡਾ ਵਿਖੇ ਕੱਢੇ ਜਾਣ ਵਾਲੇ ‘ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ’ ਦੇ ਸਬੰਧ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ

‘ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ’ ਦੁਪਹਿਰ 1 ਵਜੇ ਗੁਰੂਦੁਆਰਾ ਹਾਜੀਰਤਨ ਤੋਂ ਸ਼ੁਰੂ ਹੋਵੇਗਾ ਅਤੇ ਸਮਾਪਤੀ ਗੁਰੂਦੁਆਰਾ ਕਲਗੀਧਰ ਪਾਤਸ਼ਾਹੀ ਦਸਵੀਂ ਕਿਲਾ ਮੁਬਾਰਕ ਵਿਖੇ ਕੀਤੀ ਜਾਵੇਗੀ।

ਦਲ ਖਾਲਸਾ ਵੱਲੋਂ ਕੈਟੋਲੋਨੀਆ ਵੱਲੋਂ ਸਵੈ-ਨਿਰਣੈ ਰਾਹੀਂ ਆਪਣੀ ਆਜ਼ਾਦੀ ਦੇ ਐਲਾਨ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਗੂਆਂ ਨੇ ਕਿਹਾ ਕਿ ਕੈਟੋਲੋਨੀਆ ਵੱਲੋਂ ਆਪਣੀ ਆਜ਼ਾਦੀ ਦਾ ਐਲਾਨ ਕਰਨਾ, ਉਹਨਾ ਲੋਕਾਂ ਅਤੇ ਸੰਘਰਸਸ਼ੀਲ ਕੌਮਾਂ ਲਈ ਇੱਕ ਨਵੀਂ ਆਸ ਦੀ ਕਿਰਨ ਹੈ ਜੋ ਆਪਣੀ ਕਿਸਮਤ ਦੇ ਆਪ ਮਾਲਕ ਬਣਨਾ ਚਾਹੁੰਦੇ ਹਨ ਅਤੇ ਨਾਲ ਹੀ ਉਹਨਾਂ ਜ਼ਾਲਮ ਹਕੂਮਤਾਂ ਲਈ ਵੀ ਇੱਕ ਸੁਨੇਹਾ ਹੈ ਜੋ ਆਜ਼ਾਦੀ ਪਸੰਦ ਕੌਮਾਂ ਨੂੰ ਰਾਜ ਦੀ ਤਾਕਤ ਨਾਲ ਜ਼ਬਰੀ ਗੁਲਾਮ ਬਣਾ ਕੇ ਰੱਖਣਾ ਚਾਹੁੰਦੀਆਂ ਹਨ।

ਅੱਜ ਇੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆ ਪਾਰਟੀ ਪ੍ਰਧਾਨ ਸ. ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਨਵੰਬਰ 1984 ਵਿੱਚ ਦੁਨੀਆ ਦੀ ਅਖੌਤੀ ਵੱਡੀ ਜਮਹੂਰੀਅਤ ਨੇ ਆਪਣੀ ਦਰਿੰਦਗੀ, ਬੇਸ਼ਰਮੀ ਅਤੇ ਸ਼ੈਤਾਨੀ ਸੋਚ ਦਾ ਮੁਜ਼ਾਹਰਾ ਕਰਦਿਆਂ ਨਿਰਦੋਸ਼ ਸਿੱਖਾਂ, ਬੱਚੇ, ਬੱਚੀਆਂ, ਔਰਤਾਂ ਤੇ ਮਰਦਾਂ ਦਾ ਕਰੂਰਤਾ ਨਾਲ ਕਤਲੇਆਮ ਕੀਤਾ ਸੀ। ਉਹਨਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸੀਆਂ ਨੂੰ ਸਜ਼ਾਵਾਂ ਨਾ ਮਿਲਣ ਦਾ ਮੁੱਖ ਕਾਰਨ ਭਾਰਤੀ ਸਟੇਟ ਵੱਲੋਂ ਘੱਟਗਿਣਤੀਆਂ ਵਿਰੁੱਧ ਨਸਲਕੁਸ਼ੀ, ਨਫ਼ਰਤ ਅਤੇ ਬਦਲੇ ਦੀ ਰਾਜਨੀਤੀ ਨੂੰ ਇੱਕ ਰਣਨੀਤੀ ਵਜੋਂ ਪ੍ਰਵਾਨਗੀ ਹੈ। ਉਹਨਾਂ ਕਿਹਾ ਕਿ ਭਾਰਤ ਦੀਆਂ ਦੋਹਾਂ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਨਸਲਕੁਸ਼ੀ ਦੀ ਰਾਜਨੀਤੀ ਖੇਡ ਕੇ ਹਜ਼ਾਰਾਂ ਹੀ ਬੇਗੁਨਾਹਾਂ ਦਾ ਖ਼ੂਨ ਡੋਲ੍ਹਿਆ ਹੈ।

“ਮੀਡੀਆ ਨੂੰ ਨਵੰਬਰ 1984 ਕਤਲੇਆਮ ਨੂੰ ਦੰਗੇ ਨਹੀਂ ਸਿੱਖ ਨਸਲਕੁਸ਼ੀ ਲਿਖਣ ਦੀ ਅਪੀਲ”

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਇਸ ਮੌਕੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਨਵੰਬਰ ’84 ਕੋਈ ਦੰਗੇ ਨਹੀਂ ਸਨ, ਇਹ ਭਾਰਤੀ ਹਕੂਮਤ ਅਤੇ ਫ਼ਿਰਕਾਪ੍ਰਸਤ ਕਾਂਗਰਸੀ ਲੀਡਰਸ਼ਿਪ ਦੀ ਸਰਪ੍ਰਸਤੀ ਹੇਠ ਕੀਤੀ ਗਈ ਨਸਲਕੁਸ਼ੀ ਸੀ ਅਤੇ ਪੱਤਰਕਾਰ ਭਾਈਚਾਰਾ ਆਪਣੇ ਖੇਤਰ ਵਿੱਚ ‘ਦੰਗੇ’ ਸ਼ਬਦ ਦੀ ਥਾਂ ਸਿੱਖ ਨਸਲਕੁਸ਼ੀ ਸ਼ਬਦ ਦੀ ਵਰਤੋਂ ਕਰੇ।

ਉਹਨਾਂ ਦੱਸਿਆ ਕਿ 1 ਨਵੰਬਰ ਪੰਜਾਬ ਦਿਵਸ ਵੀ ਹੈ ਤੇ ਪਿਛਲੇ 50 ਸਾਲ ਦੀਆਂ ਹਕੂਮਤਾਂ ਨੇ ਪੰਜਾਬ ਤੇ ਸਿੱਖਾਂ ਨਾਲ ਸਬੰਧਤ ਮਸਲਿਆਂ ਨੂੰ ਅਣਦੇਖਿਆ ਕਰਦਿਆਂ ਇਹਨਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਧਾਰਨ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਹਨਾਂ ਮਸਲਿਆਂ ਲਈ ਪੰਜਾਬ ਦੇ ਨੌਜਵਾਨਾਂ ਨੇ ਸੰਘਰਸ਼ ਕਰਦਿਆਂ ਆਪਣਾ ਖ਼ੂਨ ਡੋਲ੍ਹਿਆ ਹੈ।

ਉਹਨਾਂ ਕਿਹਾ ਕਿ ਹਕੂਮਤਾਂ ਅਤੇ ਕਤਲੇਆਮ ਦੇ ਦੋਸ਼ੀ ਚਾਹੁੰਦੇ ਹਨ ਕਿ ਸਿੱਖ ਨਵੰਬਰ 1984 ਭੁੱਲ ਜਾਣ ਪਰ ਅਸੀਂ ਨਵੰਬਰ 84 ਕਤਲੇਆਮ ਜ਼ਖ਼ਮ ਅਤੇ ਪੀੜਾਂ ਤਾਜ਼ਾ ਰੱਖਾਂਗੇ ਅਤੇ ਇਨਸਾਫ਼ ਦੀ ਲੜਾਈ ਨੂੰ ਜਿਉਂਦਾ ਰੱਖਾਂਗੇ। ਇਸ ਮੌਕੇ ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ, ਸਕੱਤਰ ਊਦੇ ਸਿੰਘ ਫ਼ਤਿਹਗੜ੍ਹ ਸਾਹਿਬ, ਗੁਰਵਿੰਦਰ ਸਿੰਘ ਬਠਿੰਡਾ ਵੀ ਹਾਜ਼ਰ ਸਨ।

ਨਸਲਕੁਸ਼ੀ ਬਾਰੇ ਵਧੇਰੇ ਜਾਣਕਾਰੀ ਲਈ ਦੇਖੋ ਸਬੰਧਤ ਵੀਡੀਓ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version