ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਬੀਤੇ ਸਮੇਂ ਦੌਰਾਨ ਗੁਰੂ ਦੀ ਗੋਲਕ ਅਤੇ ਗੁਰ ਸੰਸਥਾਵਾਂ ਦੀ ਦੁਰਵਰਤੋਂ ਪ੍ਰਤੀ ਵਰਤੀ ਚੱੁਪ ਬਦਲੇ ਨਵੀਂ ਬਣੀ ਸਿੱਖ ਸੰਸਥਾ ਦਰਬਾਰ-ਏ–ਖਾਲਸਾ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਸ਼ਰਮ ਚਿੱਠੀ ਪੇਸ਼ ਕੀਤੀ। ਸੰਸਥਾ ਨੇ ਐਲਾਨ ਕੀਤਾ ਹੈ ਕਿ 14 ਅਕਤੂਬਰ ਦਾ ਦਿਨ ਲਾਹਨਤ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਇਸ ਦਿਨ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿਖੇ ਬਕਾਇਦਾ ਲਾਹਨਤ ਸਮਾਗਮ ਵੀ ਕਰਵਾਇਆ ਜਾਵੇਗਾ। ਦਰਬਾਰ-ਏ-ਖਾਲਸਾ ਦਾ ਇੱਕ ਵੱਡਾ ਜਥਾ ਸੰਸਥਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਦੀ ਅਗਵਾਈ ਵਿੱਚ ਅੰਮ੍ਰਿਤਸਰ ਪੱੁਜਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਜੋਦੜੀ ਕੀਤੀ। ਇਸ ਉਪਰੰਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਇਹ ਵਫਦ ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪਹੁੰਚਿਆ ਜਿਥੇ ਸ਼੍ਰੋਮਣੀ ਕਮੇਟੀ ਸਕੱਤਰ ਮਨਜੀਤ ਸਿੰਘ ਬਾਠ ਨੇ ਬਕਾਇਦਾ ਮੁੱਖ ਗੇਟ ਦੇ ਬਾਹਰ ਆਕੇ ਭਾਈ ਮਾਝੀ ਤੋਂ ਸ਼ਰਮ ਚਿੱਠੀ ਹਾਸਿਲ ਕੀਤੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਮ ਦਿੱਤੇੇ ਗਏ 8 ਸਫਿਆਂ ਦੇ ਸ਼ਰਮ ਚਿੱਠੀ ਦੇ ਸ਼ੁਰੂ ਵਿੱਚ ਯਾਦ ਕਰਵਾਇਆ ਗਿਆ ਹੈ ਕਿ ਸਿੱਖ ਸ਼ਹੀਦਾਂ ਦੇ ਖੂਨ ’ਚੋਂ ਨਿਕਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿਛਲੇ ਸਮੇਂ ਤੋਂ ਬਾਦਲ ਪਰਿਵਾਰ ਵਲੋਂ ਖੁੱਲ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਚਿੱਠੀ ਵਿਚ ਕਿਹਾ ਗਿਆ, “ਜਦੋਂ ਤੋਂ ਸੁਖਬੀਰ ਬਾਦਲ ਮੁਹਰਲੀ ਕਤਾਰ ਵਿੱਚ ਆਏ ਹਨ, ਉਸ ਸਮੇਂ ਤੋਂ ਸਾਰੇ ਹੱਦ ਬੰਨੇ ਟੱਪ ਕੇ ਕੌਮ ਨੂੰ ਰੰਡੇਪੇ ਵੱਲ ਧੱਕਣ ਵਿੱਚ ਕੋਈ ਵੀ ਕਸਰ ਆਪ ਜੀ ਵਲੋਂ ਨਹੀ ਛੱਡੀ ਗਈ। ਪੰਜਾਬ ਦੀ ਉਹ ਧਰਤੀ ਜਿਥੇ ਸਿੱਖੀ ਨੇ ਅੰਗੜਾਈ ਲਈ ਤੇ ਵਧੀ ਫੁੱਲੀ। ਪਹਿਲੇ ਜਾਮੇ ਵਿੱਚ ਗੁਰੂ ਪਾਤਸ਼ਾਹ ਨੇ ਜੁਲਮ ਨੂੰ ਵੰਗਾਰਿਆ ਤੇ ਪਖੰਡ ਨੂੰ ਉਸਦੇ ਗੜ੍ਹ ਵਿੱਚ ਜਾ ਕੇ ਰੱਦ ਕਰਨ ਦੀ ਜ਼ੁਰਅਤ ਕੀਤੀ। ਗੁਰ ਗੱਦੀ ਪਰਿਵਾਰ ਦੀ ਬਜਾਏ ਗੁਰੂ ਅੰਗਦ ਪਾਤਸ਼ਾਹ ਨੂੰ ਬਖਸ਼ੀ ਤੇ ਇਹ ਦਸਤੂਰ ਅੱਗੇ ਵੀ ਚਲਦਾ ਰਿਹਾ, ਪੁਤਰ ਜਾਂ ਪਰਿਵਾਰ ਦਾ ਮੋਹ ਸਿੱਖ ਨੂੰ ਸਿਖਾਇਆ ਹੀ ਨਹੀ ਗਿਆਜਿਸ ਦੀਆਂ ਰਾਮ ਰਾਏ ਨੂੰ ਛੇਕਣਾ ਤੇ ਵੱਡੇ ਸਾਹਿਬਜਾਦਿਆਂ ਨੂੰ ਆਪ ਜੰਗ ਵੱਲ ਤੋਰਨਾ ਵੱਡੀਆਂ ਮਿਸਾਲਾਂ ਹਨ।”
ਸ਼ਰਮ ਚਿੱਠੀ ਦੇ ਮੁਢਲੇ 4 ਸਫਿਆਂ ਵਿੱਚ ਡੇਰਾ ਸਿਰਸਾ ਮੁਖੀ ਦੀਆਂ ਸਿੱਖੀ ਵਿਰੋਧੀ ਹਰਕਤਾਂ, ਦਿੱਤੀ ਗਈ ਬਿਨ ਮੰਗੀ ਮੁਆਫੀ, ਜਥੇਦਾਰਾਂ ਵਲੋਂ ਇਹ ਹੁਕਮ ਬਾਦਲ ਪਾਸੋਂ ਲੈਣ ਲਈ ਬਾਦਲ ਦੇ ਰਿਹਾਇਸ਼ ਤੇ ਪੁੱਜਣ, ਗਿਆਨੀ ਗੁਰਬਚਨ ਸਿੰਘ ਦੇ ਪੰਜ ਤਾਰਾ ਹੋਟਲਾਂ ਦਾ ਹੋਣਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਵਾਲੇ ਦੋਖੀਆਂ ਦੀ ਪੁਸ਼ਤ ਪਨਾਹੀ ਅਤੇ ਇਨਸਾਫ ਮੰਗ ਰਹੀਆਂ ਸੰਗਤਾਂ ਉਪਰ ਗੋਲੀਆਂ ਚਲਾਏ ਜਾਣ ਦਾ ਜਿਕਰ ਹੈ। ਸਫਾ ਨੰਬਰ ਪੰਜ ’ਤੇ ਕਮੇਟੀ ਪ੍ਰਧਾਨ ਨੂੰ “ਸ਼ਰਮ ਕਰੋ” ਸ਼ਬਦਾਂ ਨਾਲ ਸੰਬੋਧਨ ਕਰਦਿਆਂ ਕਿਹਾ ਗਿਆ ਹੈ ਕਿ ‘ਆਪ ਜੀ ਤਾਂ ਕੌਮ ਦੀਆਂ ਵੰਗਾਰਾਂ ਤੋਂ ਬੇਪਰਵਾਹ ਅਕਾਲ ਤਖਤ ਸਾਹਿਬ ਨੂੰ ਜਮਾਨਤ ’ਤੇ ਵੀ ਛੱਡਣ ਨੂੰ ਤਿਆਰ ਨਹੀ। ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਡੇਰਾ ਸਿਰਸਾ ਮੁਖੀ ਮੁਆਫੀ ਫੈਸਲੇ, ਇਸ ਮੁਆਫੀ ਨੂੰ ਸਹੀ ਸਿੱਧ ਕਰਨ ਲਈ ਅਖਬਾਰਾਂ ਨੂੰ ਦਿੱਤੇ ਕਰੋੜਾਂ ਰੁਪਏ ਦੇ ਇਸ਼ਤਿਹਾਰਾਂ ਲਈ, ਗੁਰੂ ਦੀ ਗੋਲਕ ਦੇ ਪੈਸੇ ਨੂੰ ਬਾਦਲਾਂ ਦੀਆਂ ਰੈਲੀਆਂ ਤੇ ਸੁਖਬੀਰ ਬਾਦਲ ਦੀ ਮਾਂ ਸੁਰਿੰਦਰ ਕੌਰ ਬਾਦਲ ਦੇ ਭੋਗ ’ਤੇ ਲੰਗਰ ਉਪਰ ਖਰਚ ਕਰਨ, ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾ ਦੀ ਪੁਲਿਸ ਗੋਲੀ ਨਾਲ ਹੋਈ ਮੌਤ ਲਈ ਹਾਅ ਦਾ ਨਾਅਰਾ ਨਾ ਮਾਰਨ, ਕੋਟਕਪੂਰਾ ਵਿਖੇ ਗੁਰਬਾਣੀ ਪੜ੍ਹ ਰਹੇ ਸਿੱਖਾਂ ਉਪਰ ਪੁਲਿਸ ਤਸ਼ਦਦ, ਸ਼੍ਰੋਮਣੀ ਕਮੇਟੀ ਪ੍ਰਕਾਸ਼ਨਾਵਾਂ ਵਿੱਚ ਗੁਰੂ ਸਾਹਿਬ ਪ੍ਰਤੀ ਅਪਮਨਾਜਨਕ ਟਿਪੱਣੀਆਂ, ਬਾਦਲਾਂ ਦੇ ਰਾਜ ਦੌਰਾਨ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਕਮਲਜੀਤ ਸਿੰਘ ਸੁਨਾਮ, ਹਰਮੰਦਰ ਸਿੰਘ ਡਬਵਾਲੀ, ਦਰਸ਼ਨ ਸਿੰਘ ਲੁਹਾਰਾ ਦੀ ਸ਼ਹਾਦਤ ਲਈ ਤੇ ਸ੍ਰੋਮਣੀ ਕਮੇਟੀ ਪ੍ਰਚਾਰਕਾਂ ਵਲੋਂ ਬਾਦਲ ਲਾਣੇ ਦਾ ਪ੍ਰਚਾਰ ਕਰਨ ਲਈ ਸ਼ਰਮ ਆਉਣੀ ਚਾਹੀਦੀ ਹੈ।
ਜਿਸ ਵੇਲੇ ਭਾਈ ਹਰਜਿੰਦਰ ਸਿੰਘ ਮਾਝੀ ਦੀ ਅਗਵਾਈ ਹੇਠ ਦਰਬਾਰ-ਏ-ਖਾਲਸਾ ਦਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਉਪਰ ਅਰਦਾਸ ਬੇਨਤੀ ਕਰਨ ਲਈ ਰੁਕਿਆ ਤਾਂ ਦਰਬਾਰ ਸਾਹਿਬ ਦੀ ਟਾਸਕ ਫੋਰਸ ਦੇ ਮੁਲਾਜਮ ਨੇ ਅਜੇਹਾ ਕਰਨ ਤੋਂ ਰੋਕਦਿਆਂ ਹੁਕਮ ਸੁਣਾਇਆ ਕਿ ਅਰਦਾਸ ਅਕਾਲ ਤਖਤ ਦੇ ਸਨਮੁਖ ਕਰਨੀ ਹੈ। ਜਿਉਂ ਹੀ ਭਾਈ ਮਾਝੀ ਨੇ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕਰਨੀ ਸ਼ੁਰੂ ਕੀਤੀ ਤਾਂ ਸਮਾਪਤੀ ਤੀਕ ਵੀ ਉਥੇ ਵਾਰਾਂ ਗਾਇਨ ਕਰ ਰਹੇ ਢਾਡੀ ਜਥੇ ਨੇ ਕੁਝ ਦੇਰ ਰੁਕਣਾ ਜਰੂਰੀ ਨਹੀ ਸਮਝਿਆ। ਹਾਲਾਂਕਿ ਦਰਬਾਰ ਸਾਹਿਬ ਦਾ ਇੱਕ ਵਧੀਕ ਮੈਨੇਜਰ ਮੌਕੇ ਤੇ ਮੌਜੂਦ ਸੀ ।