Site icon Sikh Siyasat News

ਦਿੱਲੀ ਸਿੱਖ ਕਤਲੇਆਮ ਦੀ 31ਵੀਂ ਵਰੇਗੰਢ ਮੌਕੇ ਪੀੜਤਾਂ ਨੇ ਅੰਮ੍ਰਿਤਸਰ ਵਿੱਚ ਕੀਤਾ ਰੋਸ ਮਾਰਚ

ਅੰਮਿ੍ਤਸਰ (2 ਨਵੰਬਰ, 2015): ਅੱਜ ਦਿੱਲੀ ਸਿੱਖ ਕਤਲੇਆਮ ਦੀ 31ਵੀਂ ਵਰੇਗੰਢ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਪੰਜਾਬ ਦੇ ਬੈਨਰ ਹੇਠ ਸੈਂਕੜੇ ਪੀੜਤਾਂ ਨੇ ਹਾਲ ਬਾਜ਼ਾਰ ‘ਚ ਰੋਸ ਮਾਰਚ ਕੱਢਿਆ ਤੇ ਹਾਲ ਗੇਟ ਮੂਹਰੇ ਕਥਿਤ ਦੋਸ਼ੀਆਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਸਮੇਤ ਕਾਂਗਰਸ ਮੁਖੀ ਸੋਨੀਆ ਗਾਂਧੀ ਦਾ ਵੀ ਪੁਤਲਾ ਫੂਕਿਆ ਗਿਆ ।

ਨਵੰਬਰ ’84 ‘ਚ ਸਿੱਖ ਵਿਰੋਧੀ ਕਤਲੇਆਮ ਦੌਰਾਨ ਮਾਰੇ ਗਏ ਹਜ਼ਾਰਾਂ ਬੇਕਸੂਰਾਂ ਦੇ ਦੋਸ਼ੀਆਂ ਨੂੰ ਤਿੰਨ ਦਹਾਕੇ ਬੀਤਣ ਮਗਰੋਂ ਵੀ ਢੁਕਵੀਂ ਸਜ਼ਾ ਨਾ ਮਿਲਣ ਦੇ ਰੋਸ ਵਜੋਂ ਕਤਲੇਆਮ ਦੀ ਅੱਜ 31ਵੀਂ ਵਰ੍ਹੇਗੰਢ ਮੌਕੇ ਪੀੜਤਾਂ ਨੇ ਜਿਥੇ ਕਾਤਲਾਂ, ਦੋਸ਼ੀਆਂ ਦੇ ਪੁਤਲੇ ਫੂਕੇ, ਉਥੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਕ ਮੋਦੀ ਸਰਕਾਰ ਵੱਲੋਂ ਵੀ ਕੋਈ ਪੱਲ੍ਹਾ ਨਾ ਫੜਾਉਣ ਦਾ ਹਨੋਰਾ ਜ਼ਾਹਰ ਕੀਤਾ ਗਿਆ ।

ਦਿੱਲੀ ਸਿੱਖ ਕਤਲੇਆਮ ਦੇ ਪੀੜਤ ਅੰਮ੍ਰਿਤਸਰ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ

ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਡੁਗਰੀ ਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਤੋਂ ਇਲਾਵਾ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ ਦੀ ਅਗਵਾਈ ‘ਚ ਜੁੜੇ ਪੀੜਤਾਂ ਨੇ ਕਾਂਗਰਸ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ । ਇਸ ਦੌਰਾਨ ਆਗੂਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਤਲੇਆਮ ਪੀੜਤਾਂ ਦੀ ਵਾਤ ਪੁੱਛਣ ‘ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਪਰ ਮੋਦੀ ਸਰਕਾਰ ‘ਤੇ ਆਪਣੇ ਚੋਣ ਮਨੋਰਥ ਤੋਂ ਮੁੱਕਰ ਜਾਣ ਦੇ ਦੋਸ਼ ਲਾਏ ।

ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਭਾਜਪਾ ਵੱਲੋਂ ਆਪਣੀ ਸਰਕਾਰ ਬਣਨ ‘ਤੇ ਤੁਰੰਤ ਐਸ. ਆਈ. ਟੀ. ਬਣਾ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਫਾਸਟ ਟ੍ਰੈਕ ਕੋਰਟ ਰਾਹੀਂ ਸਜ਼ਾਵਾਂ ਦਿਵਾਉਣ ਦਾ ਭਰੋਸਾ ਚੋਣ ਮਨੋਰਥ ‘ਚ ਦਿੱਤਾ ਸੀ ਪਰ 18 ਮਹੀਨੇ ਬੀਤ ਜਾਣ ਬਾਅਦ ਐਸ. ਆਈ. ਟੀ. ਦਾ ਗਠਨ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੋਈ ਕਾਰਵਾਈ ਨਹੀਂ ਆਰੰਭੀ ਗਈ ।

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਿੱਖ ਪੀੜਤਾਂ ਨਾਲ ਮੁੜ ਧੋਖਾ ਕੀਤਾ ਹੈ । ਉਨ੍ਹਾਂ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦਾ ਵਾਅਦਾ ਵੀ ਪੂਰਾ ਨਾ ਹੋਣ ‘ਤੇ ਰੋਸ ਪ੍ਰਗਟਾਇਆ । ਇਸ ਮੌਕੇ ਪੀੜਤਾਂ ਨੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕਰਨ ਦੀ ਵੀ ਮੰਗ ਕੀਤੀ ।

ਪੀੜਤਾਂ ਨੇ ਪੰਜਾਬ ਸਰਕਾਰ ‘ਚ ਹੁਕਮਰਾਨ ਸ਼ੋ੍ਰਮਣੀ ਅਕਾਲੀ ਦਲ ‘ਤੇ ਵੀ ਮੁੱਦੇ ਦੀ ਅਣਦੇਖੀ ਦੇ ਦੋਸ਼ ਲਾਏ । ਆਗੂਆਂ ਵੱਲੋਂ ਪ੍ਰਸ਼ਾਸਨ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਮੰਗ ਪੱਤਰ ਵੀ ਦਿੱਤਾ ਗਿਆ ।

ਇਸ ਮੌਕੇ ਕੌਾਸਲਰ ਅਮਰਬੀਰ ਸਿੰਘ ਢੋਟ, ਗੁਰਦੀਪ ਸਿੰਘ ਚੇਅਰਮੈਨ, ਮਨਜੀਤ ਸਿੰਘ ਚਾਵਲਾ, ਭਾਈ ਮੇਜਰ ਸਿੰਘ ਖ਼ਾਲਸਾ, ਜਗੀਰ ਸਿੰਘ ਗੁਰਦਾਸਪੁਰ, ਬਿੱਕਰ ਸਿੰਘ ਫਰੀਦਕੋਟ, ਜਗਦੀਸ਼ ਸਿੰਘ ਬਮਰਾਹ, ਹਰਨੇਕ ਸਿੰਘ ਦੀਵਾਨਾ, ਗੁਲਜ਼ਾਰ ਸਿੰਘ, ਅਵਤਾਰ ਸਿੰਘ, ਤਜਿੰਦਰ ਸਿੰਘ, ਜਗਮੋਹਨ ਸਿੰਘ, ਅਮਰਜੀਤ ਸਿੰਘ ਰਾਜਪਾਲ, ਦਲਜੀਤ ਸਿੰਘ ਸੋਨੀ, ਮਨਮੋਹਨ ਸਿੰਘ ਪੱਪੂ, ਅਮਰਜੀਤ ਸਿੰਘ ਧਵਨ, ਕਸ਼ਮੀਰ ਸਿੰਘ, ਰਜਿੰਦਰ ਸਿੰਘ ਭਾਟੀਆ, ਬੀਬੀ ਹਰਬੰਸ ਕੌਰ, ਜਸਬੀਰ ਸਿੰਘ ਹੈਬੋਵਾਲ, ਮੁੱਖ ਗਵਾਹ ਸੁਰਿੰਦਰ ਸਿੰਘ, ਦਵਿੰਦਰ ਸਿੰਘ ਬਿੱਟੂ ਆਦਿ ਹਾਜ਼ਰ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version