Site icon Sikh Siyasat News

ਐੱਸਜੀਪੀਸੀ ਵੀ ਗੁਰਬਾਣੀ ਦੀ ਇੱਕ ਮਾਤਰ ਹੱਕਦਾਰ ਹੋਣ ਦਾ ਦਾਅਵਾ ਨਹੀਂ ਕਰ ਸਕਦੀ 

ਚੰਡੀਗੜ੍ਹ : ਪੰਜਾਬ ਅਸੈਂਬਲੀ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਜੀ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਪਰਿਸਰ ਤੋਂ ਉਚਾਰਣ ਕੀਤੀ ਜਾਂਦੀ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਸਬੰਧੀ ਪੀਟੀਸੀ ਨਾਲ ਕੀਤਾ ਇਕਰਾਰਨਾਮਾ ਜਨਤਕ ਕਰ ਦੇਣਾ ਚਾਹੀਦਾ ਹੈ। ਸ਼ਨਿਚਰਵਾਰ ਨੂੰ ਜਾਰੀ ਕੀਤੇ ਆਪਣੇ ਬਿਆਨ ‘ਚ ਉਨ੍ਹਾ ਕਿਹਾ ਕਿ ਇੱਥੋ ਤੱਕ ਕਿ ਸ਼ਰੋਮਣੀ ਕਮੇਟੀ ਕੋਲ ਵੀ ਸ੍ਰੀ ਦਰਬਾਰ ਸਾਹਿਬ ‘ਤੇ ਗਾਈ ਜਾਂਦੀ ਇਲਾਹੀ ਗੁਰਬਾਣੀ ਉਤੇ ਕੋਈ ਹੱਕ ਨਹੀਂ ਕਿਉਂਕਿ ਇਹ ਸਾਰੇ ਸਿੱਖਾਂ ਦਾ ਸਾਂਝਾ ਥਾਂ ਹੈ। ਉਨ੍ਹਾਂ ਕਿਹਾ ਕਿ ਪੀਟੀਸੀ ਕਿਹੜੇ ਹੱਕ ਨਾਲ ਇਸ ਇਲਾਹੀ ਗੁਰਬਾਣੀ ਤੇ ਆਪਣਾ ਹੱਕ ਦਰਸਾ ਰਿਹਾ ਹੈ? ਉਨ੍ਹਾਂ ਕਿਹਾ ਕਿ ਸ਼ਰੋਮਣੀ ਕਮੇਟੀ ਨੂੰ ਜਨਤਕ ਕਰਨਾ ਚਾਹੀਦਾ ਹੈ, ਜੇ ਅਜਿਹਾ ਕੋਈ ਇਕਰਾਰ ਪੀਟੀਸੀ ਨਾਲ ਹੋਇਆ ਹੈ ਤੇ ਇਸ ਨੂੰ ਤੁਰੰਤ ਖਤਮ ਕਰ ਦੇਣਾ ਚਾਹੀਦਾ ਹੈ। ਹੋਰ ਕਿਹਾ ਕਿ ਇਹ ਸਿੱਖ ਰਹਿਤ ਮਰਿਆਦਾ ਦਾ ਉਲੰਘਣ ਹੈ ਜੇ ਸ਼ਰੋਮਣੀ ਕਮੇਟੀ ਨੇ ਆਪ ਹੁਦਰੇ ਢੰਗ ਨਾਲ ਗੁਰਬਾਣੀ ਦੇ ਹੱਕ ਕਿਸੇ ਨਿਜੀ ਕੰਪਨੀ ਨੂੰ ਦਿੱਤੇ ਹਨ। ਉਨ੍ਹਾਂ ਫੇਰ ਕਿਹਾ ਕਿ ਸ਼ਰੋਮਣੀ ਕਮੇਟੀ ਕਿਵੇਂ ਸ੍ਰੀ ਦਰਬਾਰ ਸਾਹਿਬ ਤੋਂ ਗਾਈ ਜਾਂਦੀ ਬਾਣੀ ਦੇ ਹੱਕ ਕਿਸੇ ਵਪਾਰਕ ਅਦਾਰੇ ਨੂੰ ਦੇ ਸਕਦੀ ਹੈ? 

ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲਾਂ ਨੇ ਪੰਜਾਬ ਦਾ ਦੁਨਿਆਵੀ ਖ਼ਜ਼ਾਨਾ ਲੁਟਾਇਆ ਤੇ ਹੁਣ ਇਹ ਸਮਝ ਆ ਰਿਹਾ ਹੈ ਕਿ ਐੱਸਜੀਪੀਸੀ ਨੇ ਵੀ ਸ਼ਬਦ, ਜੋ ਕਿ ਸਿੱਖ ਲਈ ਗੁਰੂ ਰੂਪ ਹੈ, ਦਾ ਸੌਦਾ ਕੀਤਾ ਹੈ। ਬੀਰ ਦਵਿੰਦਰ ਸਿੰਘ ਜੀ ਨੇ ਹੋਰ ਕਿਹਾ ਕਿ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਵੀ ਆਪਣਾ ਪੱਖ ਸਾਫ ਰੱਖਣਾ ਚਾਹੀਦਾ ਹੈ ਕਿਉਂਕਿ ਸ੍ਰੀ ਦਰਬਾਰ ਸਾਹਿਬ ਤੇ ਗੁਰਬਾਣੀ ਪ੍ਰਚਾਰ ਤੇ ਪੀ ਟੀ ਸੀ ਦੇ ਅਜਾਰੇਦਾਰੀ ਦਾ ਨਾ ਸਿਰਫ਼ ਉਨ੍ਹਾਂ ਵੋਟਾਂ ਤੋਂ ਪਹਿਲਾਂ ਮੁੱਦਾ ਬਣਾਇਆ ਸਗੋਂ ਪੰਜਾਬ ਅਸੈਂਬਲੀ ਵਿਚ ਇਸ ਅਜਾਰੇਦਾਰੀ ਨੂੰ ਖਤਮ ਕਰਨ ਦਾ ਮਤਾ ਵੀ ਪਾਸ ਕੀਤਾ ਸੀ। ਇਸ ਮੁੱਦੇ ਤੇ ਕੈਪਟਨ ਦੀ ਚੁੱਪ ਨੇ ਇੱਕ ਵਾਰ ਫੇਰ ਬਾਦਲਾਂ ਤੇ ਕੈਪਟਨ ਦੇ ਸਾਂਝੇ ਵਪਾਰਕ ਹਿੱਤਾਂ ਨੂੰ ਸਾਹਮਣੇ ਲੈ ਆਂਦਾ ਹੈ। 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version