Site icon Sikh Siyasat News

ਸ਼ੰਭੂ ਤੇ ਖਨੌਰੀ ਨਾਕਿਆਂ ਉੱਤੇ ਤੀਜੇ ਦਿਨ ਵੀ ਡਟੇ ਹੋਏ ਹਨ ਕਿਸਾਨ; ਕਿਸਾਨ ਯੂਨੀਅਨਾਂ ਤੇ ਸਰਕਾਰ ਨਾਲ ਅੱਜ ਮੁੜ ਗੱਲਬਾਤ ਹੋਵੇਗੀ

ਸ਼ੰਭੂ/ਰਾਜਪੁਰ: ਬੀਤੇ ਦਿਨ ਕਿਸਾਨਾਂ ਦੇ ਦਿੱਲੀ ਚੱਲੋ ਦੇ ਸੱਦੇ ਤਹਿਤ ਦੂਸਰੇ ਦਿਨ ਵੀ ਸ਼ੰਭੂ ਅਤੇ ਖਨੌਰੀ ਨਾਕਿਆਂ ਉੱਤੇ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ ਕਸ਼ਮਕਸ਼ ਜਾਰੀ ਰਹੀ। 

ਸ਼ੰਭੂ ਬੈਰੀਅਰ ਉੱਤੇ ਚੱਲਦੇ ਰਹੇ ਅੱਥਰੂ ਗੈਸ ਦੇ ਗੋਲੇ

ਕਿਸਾਨਾਂ ਨੇ ਦੇਸੀ ਜੁਗਤਾਂ ਲੜਾਂ ਕੇ ਪ੍ਰਸ਼ਾਸਨ ਦੀਆਂ ਵੱਡੀਆਂ ਤੇ ਮਹਿੰਗੀਆਂ ਤਕਨੀਕਾਂ ਦੇ ਤੋੜ ਕੱਢਣ ਦਾ ਯਤਨ ਕੀਤਾ। 

ਸਭ ਤੋਂ ਵੱਧ ਚਰਚਤ ਜੁਗਤ ਸ਼ੰਭੂ ਬੈਰੀਅਰ ਉੱਤੇ ਪਤੰਗ ਰਾਹੀਂ ਅਸਮਾਨ ਵਿਚੋਂ ਅੱਥਰੂ ਗੈਸ ਦੇ ਗੋਲੇ ਦਾਗਣ ਵਾਲੇ ਡਰੋਨ ਨੂੰ ਧਰਤੀ ਉੱਤੇ ਸੁੱਟ ਲੈਣ ਦੀ ਰਹੀ। ਕਿਸਾਨਾਂ ਨੇ ਖਨੌਰੀ ਤੇ ਸ਼ੰਭੂ ਦੋਵਾਂ ਥਾਵਾਂ ਉੱਤੇ ਪਤੰਗ ਰਾਹੀਂ ਡਰੋਨ ਸੁੱਟਣ ਲਈ ਪਤੰਗ ਅਸਮਾਨ ਵਿਚ ਉਡਾਏ। ਸ਼ੰਭੂ ਵਿਖੇ ਇਕ ਕਿਸਾਨ ਨੇ ਪੰਜ ਘੱਟੇ ਦੀ ਮਸ਼ੱਕਤ ਤੋਂ ਬਾਅਦ ਅਖੀਰ ਅਸਮਾਨ ਵਿਚੋਂ ਗੋਲੇ ਦਾਗਣ ਵਾਲਾ ਡਰੋਨ ਨਾਲ ਪਤੰਗ ਦਾ ਪੇਚਾ ਪਾ ਕੇ ਉਹ ਡਰੋਨ ਧਰਤੀ ਉੱਤੇ ਸੁੱਟ ਲਿਆ।

ਦੂਜੇ ਪਾਸੇ ਖਨੌਰੀ ਵਿਖੇ ਪ੍ਰਸ਼ਾਸਨ ਵੱਲੋਂ ਧਰਤੀ ਵਿਚ ਗੱਡੇ ਗਏ ਸੂਏ ਕਿਸਾਨਾਂ ਨੇ ਖੇਤੀ ਦੇ ਛੋਟੇ-ਛੋਟੇ ਸੰਦਾਂ ਨਾਲ ਪੁੱਟ ਦਿੱਤੇ।

ਅੱਥਰੂ ਗੈਸ ਤੋਂ ਅੱਖਾਂ ਨੂੰ ਬਚਾਉਣ ਲਈ ਕਿਸਾਨਾਂ ਵੱਲੋਂ ਤੈਰਾਕੀ ਵਾਲੀਆਂ ਐਨਕਾਂ ਦੀ ਵਰਤੀਆਂ ਜਾ ਰਹੀਆਂ ਹਨ ਤੇ ਗੋਲਿਆਂ ਉੱਤੇ ਸਣ ਦੀਆਂ ਬੋਰੀਆਂ ਗਿੱਲੀਆਂ ਕਰਕੇ ਸੁੱਟੀਆਂ ਜਾ ਰਹੀਆਂ ਹਨ। ਗਿੱਲੀ ਬੋਰੀ ਸੁੱਟ ਕੇ ਪ੍ਰਸ਼ਾਸਨ ਵੱਲੋਂ ਦਾਗੇ ਗਏ ਗੋਲੇ ਅਸਰਹੀਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਗਿੱਲੀ ਬੋਰੀ ਫੜੀ ਗੋਲੇ ਦੀ ਉਡੀਕ ਵਿਚ ਇਕ ਨੌਜਵਾਨ ਕਿਰਸਾਨ (ਖਨੌਰੀ ਨਾਕੇ ਦੀ ਤਸਵੀਰ)

ਇਹ ਹੋਰ ਜੁਗਤ ਲੜਾਉਂਦਿਆਂ ਕਿਸਾਨਾਂ ਨੇ ਟਰੈਕਟਰਾਂ ਪਿੱਛੇ ਵੱਡੇ ਪੱਖੇ (ਬਲੋਅਰ) ਲਗਾ ਕੇ ਅੱਥਰੂ ਗੈਸ ਦਾ ਰੁਖ ਮੁੜ ਪ੍ਰਸ਼ਾਸ਼ਨ ਦੇ ਨਾਕੇ ਵੱਲ ਮੋੜਨ ਦਾ ਯਤਨ ਵੀ ਕੀਤਾ ਜਿਸ ਕਾਰਨ 14 ਫਰਵਰੀ ਨੂੰ ਸ਼ੰਭੂ ਵਿਖੇ ਕਿਸਾਨਾਂ ਉੱਤੇ ਗੋਲੀਬਾਰੀ ਦੀ ਨਿਗਰਾਨੀ ਕਰ ਰਹੇ ਵੱਡੇ ਅਫਸਰ ਵੀ ਐਨਕਾਂ ਤੇ ਛਿੱਕਲੀਆਂ (ਫੇਸ ਮਾਸਕ) ਨਾਲ ਅੱਥਰੂ ਗੈਸ ਤੋਂ ਬਚਣ ਦਾ ਯਤਨ ਕਰਦੇ ਵੇਖੇ ਗਏ।

ਸ਼ੰਭੂ ਬੈਰੀਅਰ ਉੱਤੇ ਟਰੈਕਟਰ ਪਿੱਛੇ ਪਾਏ ਪੱਖੇ ਦੀ ਤਸਵੀਰ

ਖਨੌਰੀ ਵਿਖੇ ਪੁਲਿਸ ਵੱਲੋਂ ਕਿਸਾਨਾਂ ਉੱਤੇ ਛੱਰਿਆਂ ਵਾਲੇ ਕਾਰਤੂਸ ਵੀ ਦਾਗੇ ਗਏ ਜਿਸ ਕਾਰਨ ਕੁਝ ਕਿਸਾਨਾਂ ਦੇ ਸਰੀਰ ਛਲਣੀ ਹੋਏ ਹਨ। ਛੱਰਿਆਂ ਨਾਲ ਜਖਮੀ ਹੋਏ ਇਕ ਕਿਸਾਨ ਦੇ ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਾਂਤੀਮਈ ਬੈਠੇ ਕਿਸਾਨਾਂ ਨੂੰ ਭੜਕਾਉਣ ਲਈ ਛੱਰਿਆਂ ਵਾਲੇ ਕਾਰਤੂਸ ਦਾਗੇ ਗਏ ਸਨ। ਇਸ ਨੌਜਵਾਨ ਕਿਸਾਨ ਦੀ ਪਿੱਠ ਵਿਚ ਦਰਜਨ ਤੋਂ ਵੱਧ ਛੱਰੇ ਵੱਜੇ ਹੋਏ ਸਨ।

ਖਨੌਰੀ ਨਾਕੇ ਉੱਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਦਾਗੇ ਛੱਰਿਆਂ ਨਾਲ ਜਖਮੀ ਹੋਏ ਇਕ ਨੌਜਵਾਨ ਦੀ ਤਸਵੀਰ

ਦਿੱਲੀ ਜਾਣ ਲਈ ਲਾਂਘਾ ਲੈਣ ਦੇ ਯਤਨਾਂ ਤਹਿਤ ਹੁਣ ਤੱਕ ਕਈ ਕਿਸਾਨ ਜਖਮੀ ਹੋ ਚੁੱਕੇ ਹਨ ਜਿਹਨਾ ਵਿਚੋਂ ਕੁਝ ਨੂੰ ਗੰਭੀਰ ਸੱਟਾਂ ਹਨ। ਖਨੌਰੀ ਬੈਰੀਅਰ ਵਿਖੇ ਲੱਤ ਵਿਚ ਗੋਲਾ ਵੱਜਣ ਕਾਰਨ ਇਕ ਕਿਰਸਾਨ ਦੀ ਲੱਤ ਗਿੱਟੇ ਤੋਂ ਉੱਪਰ ਟੁੱਟ ਗਈ ਅਤੇ ਇਸੇ ਤਰ੍ਹਾਂ ਇਕ ਹੋਰ ਨੌਜਵਾਨਾਂ ਦੇ ਚਿਹਰੇ ਉੱਤੇ ਗੋਲਾ ਵੱਜਣ ਕਾਰਨ ਉਸ ਦੀ ਅੱਖ ਨੁਕਸਾਨੇ ਜਾਣ ਦੀ ਖਬਰ ਹੈ।

ਪੰਜਾਬ ਸਰਕਾਰ ਦੇ ਅਫਸਰਾਂ ਦੀ ਵਿਚੋਲਗੀ ਨਾਲ ਕਿਰਸਾਨ ਆਗੂਆਂ ਅਤੇ ਕੇਂਦਰ ਸਰਕਾਰ ਦਰਮਿਆਨ ਅੱਜ (15 ਫਰਵਰੀ) ਦੀ ਬੈਠਕ ਚੰਡੀਗੜ੍ਹ ਵਿਚ ਹੋਣੀ ਤਹਿ ਹੋਈ ਹੈ। 

ਸ਼ੰਭੂ ਬੈਰੀਅਰ ਵਿਖੇ ਪਤੰਗ ਰਾਹੀਂ ਸੁੱਟੇ ਗਏ ਡਰੋਨ ਦੇ ਦ੍ਰਿਸ਼ ਭਰਨ ਲਈ ਇਕ ਖਬਰ ਏਜੰਸੀ ਦੇ ਪੱਤਰਕਾਰ ਤੇ ਕੈਮਰਾਮੈਨ, ਜਿਹਨਾ ਨੇ ਫੌਜੀਆਂ ਵਰਗੇ ਹੈਲਮਟ ਅਤੇ ਜੈਕਟਾਂ ਪਾਈਆਂ ਸਨ, ਨਾਲ ਕੁਝ ਨੌਜਵਾਨਾਂ ਵੱਲੋਂ ਹੱਥੋ-ਪਾਈ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਆਗੂਆਂ ਨੇ ਪੱਤਰਕਾਰ ਭਾਈਚਾਰੇ ਤੋਂ ਮਾਫੀ ਮੰਗੀ ਅਤੇ ਅਗਾਂਹ ਤੋਂ ਅਜਿਹੀ ਘਟਨਾ ਨਾ ਹੋਣ ਦੇਣ ਲਈ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ।

ਖਨੌਰੀ ਮੋਰਚੇ ਵਿਖੇ ਕਿਸਾਨਾਂ ਵਿਚ ਭੇਸ ਵਟਾ ਜਸੂਸੀ ਕਰ ਰਹੇ ਇਕ ਸੀ.ਆਈ.ਡੀ. ਦੇ ਮੁਲਾਜਮ ਨੂੰ ਕਿਸਾਨਾਂ ਨੇ ਪਛਾਣ ਕੇ ਕਾਬੂ ਕਰ ਲਿਆ ਜਿਸ ਤੋਂ ਪੱਤਰਕਾਰਾਂ ਨੇ ਕਾਫੀ ਸਵਾਲ ਜਵਾਬ ਕੀਤੇ। ਇਹ ਮੁਲਾਜਮ ਕੇ ਹਰਿਆਣੇ ਦੇ ਕਿਸਾਨਾਂ ਦੇ ਨਾਮ ਤੇ ਗੱਡੀਆਂ ਦੇ ਨੰਬਰ ਤੇ ਤਸਵੀਰਾਂ ਪ੍ਰਸ਼ਾਸਨ ਨੂੰ ਭੇਜ ਰਿਹਾ ਸੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਨੇ ਸ਼ਾਂਤਮਈ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੇ ਘੁਸਪੈਠੀਏ ਭੇਜੇ ਹੋਏ ਹਨ ਜੋ ਕਿਸਾਨਾਂ ਦੇ ਭੇਸ ਵਿਚ ਕੋਈ ਸ਼ਰਾਰਤ ਕਰਕੇ ਮਹੌਲ ਭੜਕਾਅ ਸਕਦੇ ਹਨ।

ਕਿਸਾਨ ਆਗੂਆਂ ਨੇ ਸ਼ੰਭੂ ਮੋਰਚੇ ਤੋਂ ਕੀਤੀ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਉਹ 15 ਫਰਵਰੀ ਨੂੰ ਸਰਕਾਰ ਨਾਲ ਗੱਲਬਾਤ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਲਈ ਸਦਾ ਤਿਆਰ ਹਨ ਪਰ ਕਿਸਾਨੀ ਦੇ ਮਸਲੇ ਸਰਕਾਰ ਵੱਲੋਂ ਹੱਲ ਨਾ ਕਰਨ ਦੀ ਸੂਰਤ ਵਿਚ ਉਹ ‘ਦਿੱਲੀ ਕੂਚ’ ਦੇ ਸੱਦੇ ਉੱਤੇ ਦ੍ਰਿੜ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version