Site icon Sikh Siyasat News

ਅਦਾਲਤ ਵਲੋਂ ਸੰਮਨ ਮਾਮਲਾ: ਸੁਖਪਾਲ ਖਹਿਰਾ ਵਲੋਂ ਸੱਦਣ ‘ਤੇ 14 ਵਿਧਾਇਕਾਂ ਨੇ ਮੀਟਿੰਗ ’ਚ ਭਰੀ ਹਾਜ਼ਰੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਕੱਲ੍ਹ (7 ਨਵੰਬਰ, 2017) ਚੰਡੀਗੜ੍ਹ ਵਿਖੇ ਸੱਦੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲ ਦੀ ਮੀਟਿੰਗ ਵਿਚੋਂ ਪਾਰਟੀ ਪ੍ਰਧਾਨ ਭਗਵੰਤ ਮਾਨ ਸਣੇ 6 ਵਿਧਾਇਕ ਗੈਰ-ਹਾਜ਼ਰ ਰਹੇ, ਜਦਕਿ 14 ਵਿਧਾਇਕ ਖਹਿਰਾ ਦੀ ਹਮਾਇਤ ਵਿਚ ਖੜ੍ਹੇ ਹੋਏ।

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ (ਫਾਈਲ ਫੋਟੋ)

ਜ਼ਿਕਰਯੋਗ ਹੈ ਕਿ ਖਹਿਰਾ ਨੇ ਆਪਣੇ ਵਿਰੁੱਧ ਫਾਜ਼ਿਲਕਾ ਦੀ ਅਦਾਲਤ ਵੱਲੋਂ ਨਸ਼ਾ ਤਸਕਰੀ ਮਾਮਲੇ ਵਿਚ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ ਦੇ ਮੁੱਦੇ ਉਪਰ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਸੱਦੀ ਸੀ। ਮੀਟਿੰਗ ਵਿਚੋਂ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋਫੈਸਰ ਬਲਜਿੰਦਰ ਕੌਰ, ਅਮਰਜੀਤ ਸਿੰਘ ਸੰਦੋਆ, ਵਿਧਾਇਕ ਐਚਐਸ ਫੂਲਕਾ, ਕੰਵਰ ਸੰਧੂ ਅਤੇ ਪ੍ਰਿੰਸੀਪਲ ਬੁੱਧ ਰਾਮ ਗੈਰਹਾਜ਼ਰ ਰਹੇ। ਮੀਟਿੰਗ ਵਿਚ 14 ਵਿਧਾਇਕਾਂ ਸਮੇਤ ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਸਮੇਤ ਮੀਟਿੰਗ ਵਿਚੋਂ ਗੈਰ-ਹਾਜ਼ਰ ਸਮੂਹ 6 ਵਿਧਾਇਕਾਂ ਨਾਲ ਉਨ੍ਹਾਂ ਦੀ ਫੋਨ ’ਤੇ ਗੱਲ ਹੋ ਗਈ ਹੈ ਅਤੇ ਉਹ ਹੋਰ ਰੁਝੇਵਿਆਂ ਕਾਰਨ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁੱਦੇ ਉਪਰ ਮੀਡੀਏ ਵਿਚ ਗਲਤ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਲਈ ਮੀਟਿੰਗ ਵਿਚ ਮੌਜੂਦ ਵਿਧਾਇਕ ਅਤੇ ਪਾਰਟੀ ਦੇ ਮੀਤ ਪ੍ਰਧਾਨ ਅਮਨ ਅਰੋੜਾ ਨੂੰ ਕਹਿ ਦਿੱਤਾ ਗਿਆ ਹੈ। ਅਰੋੜਾ ਨੇ ਕਿਹਾ ਕਿ ਉਹ ਇਸ ਮੌਕੇ ਖਹਿਰਾ ਨਾਲ ਖੜ੍ਹੇ ਹਨ, ਪਰ ਪਾਰਟੀ ਦੇ ਸਿਧਾਂਤ ਸਭ ਤੋਂ ਉੱਚੇ ਹਨ ਅਤੇ ਪਾਰਟੀ ਦੇ ਸਿਧਾਂਤਾਂ ਅਨੁਸਾਰ ਹੀ ਫੈਸਲੇ ਲਏ ਜਾਣਗੇ।

ਖਹਿਰਾ ਨੇ ਦੋਸ਼ ਲਾਇਆ ਕਿ ਕਾਂਗਰਸ, ਬਾਦਲ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ ਦੀ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਨੂੰ ਬੰਦ ਕਰਨ ਲਈ ਗਠਜੋੜ ਬਣਾ ਕੇ ਸਾਂਝੇ ਤੌਰ ’ਤੇ ਇਹ ਸਾਜਿਸ਼ ਘੜੀ ਹੈ। ਸਮਾਂ ਆਉਣ ’ਤੇ ਉਹ ਇਸ ਨੂੰ ਬੇਨਕਾਬ ਕਰਨਗੇ। ਮੀਟਿੰਗ ਵਿਚ ਅਰੋੜਾ ਸਮੇਤ ਰੁਪਿੰਦਰ ਰੂਬੀ, ਨਾਜਰ ਸਿੰਘ ਮਾਨਸ਼ਾਹੀਆ, ਕੁਲਵੰਤ ਪੰਡੋਰੀ, ਹਰਪਾਲ ਸਿੰਘ ਚੀਮਾ, ਮੀਤ ਹੇਅਰ, ਜਗਤਾਰ ਸਿੰਘ, ਪਿਰਮਲ ਸਿੰਘ, ਜੈ ਕਿਸ਼ਨ ਸਿੰਘ ਰੋੜੀ, ਜਗਦੇਵ ਸਿੰਘ ਕਮਾਲੂ ਆਦਿ ਮੌਜੂਦ ਸਨ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਤੋਂ ਬਾਹਰ ਗਏ ਪਾਣੀਆਂ ਦੀ ਰਾਸ਼ੀ ਰਾਜਸਥਾਨ, ਹਰਿਆਣਾ ਤੇ ਦਿੱਲੀ ਤੋਂ ਵਸੂਲਣ ਲਈ 16 ਨਵੰਬਰ 2016 ਨੂੰ ਪਾਸ ਹੋਏ ਮਤੇ ਉਪਰ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਉਹ ਹਰੇਕ ਹਫ਼ਤੇ ਇਕ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਧਰਨਾ ਮਾਰਨ ਦੀ ਲੜੀ ਚਲਾਉਣਗੇ।

ਸਬੰਧਤ ਖ਼ਬਰ:

ਸੁਖਪਾਲ ਖਹਿਰਾ ਦੀ ਅੰਦਰੋਂ ਮਖ਼ਾਲਫ਼ਤ ਮਹਿੰਗੀ ਪੈ ਸਕਦੀ ਹੈ ‘ਆਪ’ ਨੂੰ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version