ਅੰਮ੍ਰਿਤਸਰ (11 ਮਾਰਚ): ਤੀਜੇ ਘੱਲੂਘਾਰੇ ਤੋਂ ਬਾਅਦ ਉੱਠੇ ਸੰਘਰਸ਼ ਦੀਆਂ ਆਗੂ, ਸਹਿਯੋਗੀ ਅਤੇ ਹਮਦਰਦ ਸਫਾ ਵਿਚ ਰਹੀਆਂ ਪੰਥ ਸੇਵਕ ਸ਼ਖ਼ਸੀਅਤਾਂ ਨੇ ਅੱਜ ਇਕੱਠੇ ਤੌਰ ਉੱਤੇ ਇਹ ਐਲਾਨ ਕੀਤਾ ਕਿ ਮੌਜੂਦਾ ਹਾਲਾਤ ਵਿਚੋਂ ਸਿੱਖਾਂ ਨੂੰ ਕੱਢਣ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਤਹਿਤ ਮੀਰੀ ਪੀਰੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਜਾਵੇਗੀ। ਇਸ ਇਕੱਤਰਤਾ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ ਬਾਰੇ ਪੰਥਕ ਰਿਵਾਇਤ ਅਨੁਸਾਰ ਸਾਂਝਾ ਫੈਸਲਾ ਲਿਆ ਜਾਵੇਗਾ।
ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਇਸ ਵੇਲੇ ਜਦੋਂ ਸੰਸਾਰ, ਦੱਖਣੀ ਏਸ਼ੀਆ ਦੇ ਖਿੱਤੇ ਤੇ ਹਿੰਦੁਸਤਾਨ ਦੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ ਤਾਂ ਇਸ ਦਾ ਅਸਰ ਪੰਜਾਬ ਅਤੇ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਦਿੱਲੀ ਦਰਬਾਰ (ਹਿੰਦ ਸੇਟਟ) ਸਿੱਖ ਵਿੱਚ ਆਏ ਵਰਤਮਾਨ ਖਿੰਡਾਓ ਨੂੰ ਹੋਰ ਵਧਾ ਰਿਹਾ ਹੈ। ਸਿੱਖਾਂ ਦੇ ਮਸਲਿਆਂ, ਆਪਸੀ ਵਖਰੇਵਿਆਂ, ਮਤਭੇਦਾਂ ਅਤੇ ਵਿਵਾਦਤ ਮੁੱਦਿਆਂ ਨੂੰ ਇੱਕੋ ਵੇਲੇ ਹਵਾ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਹਿੰਦੁਸਤਾਨ ਦੀਆਂ ਏਜੰਸੀਆਂ ਤੇ ਦਿੱਲੀ ਦਰਬਾਰ ਪੱਖੀ ਖਬਰਖਾਨਾ (ਮੀਡੀਆ) ਲਗਾਤਾਰ ਪੰਜਾਬ ਤੇ ਸਿੱਖਾਂ ਬਾਰੇ ਨਕਾਰਾਤਮਿਕ ਬਿਰਤਾਂਤ ਖੜ੍ਹਾ ਕਰ ਰਿਹਾ ਹੈ। ਇਹ ਸਭ ਕੁਝ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਤੇ ਸਿੱਖਾਂ ਵਲੋਂ ਦਰਸਾਈ ਸਮਰੱਥਾ ਤੋਂ ਬਾਅਦ ਦਿੱਲੀ ਦਰਬਾਰ ਵੱਲੋਂ ਮੋੜਵੀਂ ਵਿਓਂਤਬੰਦੀ ਤਹਿਤ ਸ਼ੁਰੂ ਹੋਇਆ ਹੈ। ਇਹ ਵਰਤਾਰਾ ਹੁਣ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਦਰਬਾਰ ਇਹ ਹਾਲਾਤ ਲਗਾਤਾਰ ਬਣਾਈ ਰੱਖਣਾ ਚਾਹੁੰਦਾ ਹੈ।
ਸਿੱਖਾਂ ਦੀ ਅੰਦਰੂਨੀ ਰਾਜਨੀਤਕ ਸਥਿਤੀ ਤੇ ਇਸ ਦੇ ਪੈ ਰਹੇ ਅਸਰ ਬਾਰੇ ਉਹਨਾਂ ਕਿਹਾ ਕਿ ਸਦੀ ਪਹਿਲਾਂ ਸੰਘਰਸ਼ ਵਿੱਚੋਂ ਨਿੱਕਲੀਆਂ ਸਿੱਖ ਸੰਸਥਾਵਾਂ ਦਿੱਲੀ ਦਰਬਾਰ ਦੀ ਰਾਜਸੀ ਅਧੀਨਗੀ ਹੇਠ ਆ ਜਾਣ ਦੇ ਨਾਲ-ਨਾਲ ਕਈ ਹੋਰ ਅੰਦਰੂਨੀ ਕਮਜ਼ੋਰੀਆਂ ਦਾ ਵੀ ਸ਼ਿਕਾਰ ਹੋ ਚੁੱਕੀਆਂ ਹਨ। ਇਸ ਕਾਰਨ ਇਹ ਸਿੱਖਾਂ ਵਿੱਚ ਆਪਣੀ ਮਾਨਤਾ ਅਤੇ ਅਸਰ ਰਸੂਖ ਗਵਾਈ ਜਾ ਰਹੀਆਂ ਹਨ। ਵਰਤਮਾਨ ਗੈਰ ਸਿਧਾਂਤਕ ਪ੍ਰਬੰਧ ਕਾਰਨ ਖਾਲਸਾ ਪੰਥ ਦੇ ਕੇਂਦਰੀ ਧੁਰੇ ਵਜੋਂ ਅਗਵਾਹੀ ਕਰਨ ਵਾਲੇ ਸਰਵਉੱਚ ਤੇ ਸਰਵਪਰਵਾਨਤ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੱਡੀ ਆਂਚ ਆਈ ਹੈ ਅਤੇ ਇਥੋਂ ਸਹੀ ਅਗਵਾਹੀ ਨਾ ਮਿਲਣ ਕਾਰਨ ਸਿੱਖ ਆਪੋ-ਧਾਪੀ ਦੀ ਮਾਰ ਝੱਲ ਰਹੇ ਹਨ। ਦਿੱਲੀ ਦਰਬਾਰ ਇਸ ਮਾਹੌਲ ਨੂੰ ਹੋਰ ਭੜਕਾ ਕੇ ਸਿੱਖਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਆਪਸੀ ਸ਼ਕ ਤੇ ਭੰਬਲਭੂਸੇ ਖੜ੍ਹੇ ਕਰ ਰਿਹਾ ਹੈ।
ਸਿੱਖ ਸੰਸਥਾਵਾਂ ਵਿੱਚ ਦਿੱਲੀ ਦਰਬਾਰ ਦੀ ਦਖਲ-ਅੰਦਾਜ਼ੀ ਬਾਰੇ ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ ਮੋਦੀ-ਸ਼ਾਹ ਦੀ ਬਿੱਪਰਵਾਦੀ ਸਰਕਾਰ, ਸਿੱਖ ਸੰਸਥਾਵਾਂ ਦੇ ਪ੍ਰਬੰਧ ਵਿੱਚ ਸਿਰਫ਼ ਦਖਲ ਅੰਦਾਜ਼ੀ ਹੀ ਨਹੀਂ ਕਰ ਰਹੀ, ਸਗੋਂ ਅਸਿੱਧੇ ਤੌਰ ‘ਤੇ ਇਨ੍ਹਾਂ ਦੇ ਪ੍ਰਬੰਧ ’ਤੇ ਕਬਜ਼ਾ ਜਮਾ ਰਹੀ ਹੈ। ਹੁਣ ਤੱਕ ਇਸ ਦੀਆਂ ਅਨੇਕਾਂ ਮਿਸਾਲਾਂ ਸਾਹਮਣੇ ਆ ਚੁੱਕੀਆਂ ਹਨ। ਮੋਦੀ ਸਰਕਾਰ ਪੰਜਾਬ ਤੋਂ ਬਾਹਰਲੇ ਤਖ਼ਤ ਸਾਹਿਬਾਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿੱਚ ਸਿੱਧਾ ਦਖਲ ਦੇ ਕੇ ਇਹਨਾਂ ਦੇ ਪ੍ਰਬੰਧ ਉੱਤੇ ਆਪਣੀਆਂ ਕਠਪੁਤਲੀਆਂ ਨੂੰ ਕਾਬਜ਼ ਕਰਵਾ ਰਹੀ ਹੈ।
ਦਿੱਲੀ ਦਰਬਾਰ ਦੀ ਮਨਸ਼ਾ ਬਾਰੇ ਗੱਲ ਕਰਦਿਆਂ ਪੰਥ ਸੇਵਕਾਂ ਨੇ ਕਿਹਾ ਕਿ ਇਹ ਸਮੁੱਚੇ ਹਾਲਾਤ ਇੰਨੇ ਗੰਭੀਰ ਹਨ ਕਿ ਇਨ੍ਹਾਂ ਦਾ ਨਤੀਜਾ ਦਿੱਲੀ ਦਰਬਾਰ ਵੱਲੋਂ ਪੰਜਾਬ ਤੇ ਸਿੱਖਾਂ ਨੂੰ ਇਕੱਲਿਆਂ ਨਿਖੇੜ ਕੇ ਸਿੱਧੇ ਨਿਸ਼ਾਨੇ ਉੱਤੇ ਲਿਆਉਣ ਵੱਲ ਹੀ ਨਿੱਕਲਦਾ ਵਿਖਾਈ ਦੇ ਰਿਹਾ ਹੈ।
ਸੰਕਟ ਦੇ ਮੌਜੂਦਾ ਦੌਰ ਵਿਚ ਸਿੱਖਾਂ ਨੂੰ ਕੀ ਕਰਨ ਦੀ ਲੋੜ ਹੈ ਇਸ ਬਾਰੇ ਪੰਥਕ ਸ਼ਖ਼ਸੀਅਤਾਂ ਨੇ ਆਪਣੀ ਰਾਏ ਪੇਸ਼ ਕਰਦਿਆਂ ਕਿਹਾ ਕਿ ਆਪੋ ਧਾਪੀ ਦਾ ਮਾਹੌਲ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਿੱਤ ਵਿੱਚ ਨਹੀਂ। ਗੁਰੂ ਸਾਹਿਬ ਨੇ ਸਿੱਖਾਂ ਨੂੰ ਅਜਿਹੇ ਹਾਲਾਤ ਵਿੱਚ ਆਪਸੀ ਸੰਵਾਦ ਰਾਹੀਂ ਏਕਾ ਬਣਾੳਣ ਦਾ ਮਾਰਗ ਬਖਸ਼ਿਸ਼ ਕੀਤਾ ਹੈ। ਇਸ ਵੇਲੇ ਗੁਰੂ ਖਾਲਸਾ ਪੰਥ ਅਤੇ ਗੁਰ-ਸੰਗਤ ਨੂੰ ਆਪਣੀ ਸਮੂਹਿਕ ਭਾਵਨਾ ਦੇ ਪ੍ਰਗਟਾਵੇ ਲਈ ਪੰਥਕ ਰਿਵਾਇਤ ਦਾ ਪੱਲਾ ਫੜਨ ਦੀ ਸਖਤ ਲੋੜ ਹੈ। ਇਸ ਵਾਸਤੇ ਦੋ ਪੱਖਾਂ ਉੱਤੇ ਸਾਂਝੇ ਯਤਨਾਂ ਦੀ ਲੋੜ ਹੈ। ਪਹਿਲਾ, ਪੰਚ ਪ੍ਰਧਾਨੀ ਪ੍ਰਣਾਲੀ ਰਾਹੀਂ ਸਾਂਝੀ ਪੰਥਕ ਅਗਵਾਹੀ ਉਭਾਰਨਾ ਅਤੇ ਦੂਜਾ ਗੁਰੂ ਖਾਲਸਾ ਪੰਥ ਦੇ ਸਾਂਝੇ ਫੈਸਲੇ ਲੈਣ ਲਈ ਗੁਰਮਤਾ ਵਿਧੀ ਵਿਧਾਨ ਲਾਗੂ ਕਰਨਾ।
ਪੱਤਰਕਾਰ ਨਾਲ ਗੱਲਬਾਤ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਅਸੀਂ ਪਿਛਲੇ ਛੇ ਮਹੀਨਿਆਂ ਦੌਰਾਨ ਸਿੱਖ ਸੰਪਰਦਾਵਾਂ, ਸੰਸਥਾਵਾਂ, ਪੰਥਕ ਸਖ਼ਸ਼ੀਅਤਾਂ, ਵਿਚਾਰਵਾਨਾਂ, ਵਿਦਵਾਨਾਂ, ਨੌਜੁਆਨਾਂ ਅਤੇ ਪ੍ਰਚਾਰਕਾਂ ਨਾਲ ਸੰਵਾਦ ਕੀਤਾ ਹੈ। ਇਸ ਦੀ ਅਗਲੀ ਕੜੀ ਤਹਿਤ 28 ਜੂਨ 2023 ਨੂੰ ਮੀਰੀ-ਪੀਰੀ ਦਿਵਸ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਜਾਵੇਗੀ, ਜਿਸ ਵਿੱਚ ਸ਼ਮੂਲੀਅਤ ਲਈ ਦੇਸ-ਵਿਦੇਸ ਤੋਂ ਸਿੱਖ ਸੰਪਰਦਾਵਾਂ, ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿਤਾ ਜਾਵੇਗਾ। ਵਿਸ਼ਵ ਸਿੱਖ ਇਕੱਤਰਤਾ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਨ ਅਤੇ ਇਸ ਦੀ ਸੇਵਾ ਸੰਭਾਲ ਪੰਥਕ ਰਿਵਾਇਤਾਂ ਅਨੁਸਾਰ ਕਰਨ ਬਾਰੇ ਸਾਂਝਾ ਫੈਸਲਾ ਲਿਆ ਜਾਵੇ।
ਉਹਨਾ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਸੇਵਾ-ਸੰਭਾਲ ਵਿੱਚ ਪੰਚ ਪ੍ਰਧਾਨੀ ਅਗਵਾਹੀ ਅਤੇ ਗੁਰਮਤੇ ਦੀ ਬਹਾਲੀ ਨਾਲ ਹੀ ਦਿੱਲੀ ਦਰਬਾਰ ਦੇ ਹਮਲੇ ਠੱਲ੍ਹੇ ਜਾ ਸਕਦੇ ਹਨ ਤੇ ਸਿੱਖ ਮੌਜੂਦਾ ਸਮੇ ਦੀਆਂ ਚੁਣੌਤੀਆਂ ਪਿੱਛੇ ਛੁਪੀਆਂ ਸੰਭਾਵਨਾਵਾਂ ਨੂੰ ਪ੍ਰਾਪਤ ਕਰ ਸਕਦੇ ਹਨ।