ਬਰਲਿਨ, ਜਰਮਨੀ: ਐਸਨ ‘ਚ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਨਾਨਕਸਰ ਦਰਬਾਰ ਵਿਚ ਹੋਏ ਬੰਬ ਧਮਾਕੇ ਦੀ ਜਾਂਚ ਕਰਨ ਦੇ ਲਈ ਜਰਮਨ ਸਰਕਾਰ ਨੇ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਹੈ। ਐਸਨ ਦੇ ਪੁਲਿਸ ਕਮਿਸ਼ਨਰ ਰਿਚਰ ਨੇ ਕੁਮਾਰ ਨੂੰ ਦੱਸਿਆ ਕਿ ਪੁਲਿਸ ਵਿਭਾਗ ਨੇ ਧਮਾਕੇ ਦੀ ਜਾਂਚ ਦੇ ਲਈ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਹੈ। ਹੁਣ ਤੱਕ ਦੀ ਜਾਂਚ ਵਿਚ ਪੁਲਿਸ ਨੂੰ ਇਸ ਧਮਾਕੇ ਦਾ ਅੱਤਵਾਦੀ ਘਟਨਾ ਹੋਣ ਬਾਰੇ ਕੋਈ ਸੰਕੇਤ ਨਹੀਂ ਮਿਲਿਆ, ਪ੍ਰੰਤੂ ਅਸੀ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ ਅਤੇ ਇਸ ਲਈ ਅਸੀ ਲਗਾਤਾਰ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਵਿਚ ਹਾਂ’।
ਐਸਨ ਸ਼ਹਿਰ ਅਤੇ ਪੁਲਿਸ ਕਮਿਸ਼ਨਰ ਦੇ ਦਫਤਰ ਵੱਲੋਂ ਜਾਰੀ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਮੇਅਰ ਨੇ ਸਿੱਖ ਨੂੰ ਭਰੋਸਾ ਦਿਵਾਇਆ ਹੈ ਕਿ ਸ਼ਹਿਰ ਦਾ ਪ੍ਰਸ਼ਾਸਨ, ਪੁਲਿਸ ਅਤੇ ਰਾਜ ਦਾ ਪ੍ਰਾਸੀਕਿਊਟਰ ਦਫ਼ਤਰ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹਰ ਜ਼ਰੂਰੀ ਕਦਮ ਚੁੱਕੇਗਾ।
ਮੇਅਰ ਥਾਮਸ ਕੁਫਿਨ ਨੇ ਕਿਹਾ ਕਿ ਜਰਮਨ ਸਮਾਜ ‘ਚ ਧਾਰਮਿਕ ਆਜ਼ਦੀ ਦੀ ਪੂਰਨ ਗਾਰੰਟੀ ਹੈ, ਧਾਰਮਿਕ ਘੱਟ ਗਿਣਤੀ ਵਰਗ ਖਿਲਾਫ ਕਿਸੇ ਤਰਾਂ ਦੀ ਹਿੰਸਾ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
ਐਸਨ ਦੇ ਮੇਅਰ ਥਾਮਸ ਕੁਫਿਨ ਨੇ ਗੁਰੂਘਰ ਦਾ ਦੌਰਾ ਕੀਤਾ ਅਤੇ ਉਥੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਰੋਸਾ ਦਿਵਾਇਆ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।