Site icon Sikh Siyasat News

ਪੁਲਿਸ ਨੇ ਵਿੱਕੀ ਗੌਂਡਰ ਨੂੰ ਪੇਸ਼ ਹੋਣ ਲਈ ਗੱਲਬਾਤ ਬਹਾਨੇ ਬੁਲਾ ਕੇ ਝੂਠੇ ਮੁਕਾਬਲੇ ‘ਚ ਮਾਰਿਆ: ਪਰਵਾਰ ਦਾ ਦੋਸ਼, ਜਾਂਚ ਮੰਗੀ

ਅਬੋਹਰ/ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ਪੁਲਿਸ ਵੱਲੋਂ ਮਾਰੇ ਗਏ “ਗੈਂਗਸਟਰ” ਵਿੱਕੀ ਗੌਂਡਰ ਦੇ ਪਰਿਵਾਰਕ ਮੈਂਬਰਾਂ ਪੁਲਿਸ ਮੁਕਾਬਲੇ ਝੂਠਾ ਦੱਸਦਿਆਂ ਇਸ ਦੀ ਜਾਂਚ ਮੰਗੀ ਹੈ। ਪਰਿਵਾਰ ਨੇ ਕਿਹਾ ਕਿ ਜੇਕਰ ਸਰਕਾਰ ਇਸ ਦੀ ਨਿਰਪੱਖ ਜਾਂਚ ਨਹੀਂ ਕਰਦੀ ਤਾਂ ਉਹ ਅਦਾਲਤ ਵਿੱਚ ਜਾਣਗੇ।

ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਮਾਮੇਂ ਗੁਰਭੇਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿੱਕੀ ਤੇ ਮੁਕਾਬਲਾ ਬਣਾਉਣ ਵਾਲੀ ਪੁਲਿਸ ਟੀਮ ਵਿੱਚ ਮੌਜੂਦ ਇੰਸਪੈਕਟਰ ਵਿਕਰਮ ਬਰਾੜ ਇੱਕ-ਦੂਜੇ ਨਾਲ ਸੰਪਰਕ ਵਿੱਚ ਸਨ।

ਵਿੱਕੀ ਗੌਂਡਰ ਦਾ ਮਾਮਾ ਗੁਰਭੇਜ ਸਿੰਘ(ਸੱਜੇ), ਹਰਿਜੰਦਰ ਸਿੰਘ ਉਰਫ ਵਿੱਕੀ ਗੌਂਡਰ(ਖੱਬੇ) ਦੀ ਤਸਵੀਰ

 ਉਨ੍ਹਾਂ ਦੱਸਿਆ ਕਿ ਵਿੱਕੀ ਤੇ ਉਸ ਦੇ ਸਾਥੀਆਂ ਦੀ ਇੰਸਪੈਕਟਰ ਵਿਕਰਮ ਬਰਾੜ ਨਾਲ ਪੁਲਿਸ ਕੋਲ ਪੇਸ਼ ਹੋਣ ਬਾਰੇ ਗੱਲਬਾਤ ਵੀ ਚੱਲ ਰਹੀ ਸੀ। ਵਿੱਕੀ ਦੇ ਮਾਮੇ ਮੁਤਾਬਕ ਮੁਕਾਬਲੇ ਤੋਂ ਕੁਝ ਘੰਟੇ ਪਹਿਲਾਂ ਉਸਦੀ ਗੌਂਡਰ ਨਾਲ ਵਟਸਐਪ ਤੇ ਗੱਲਬਾਤ ਹੋਈ ਸੀ ਜਿਸ ਵਿਚ ਵਿੱਕੀ ਗੌਂਡਰ ਨੇ ਉਸਨੂੰ ਦੱਸਿਆ ਸੀ ਕਿ ਉਹ ਪੇਸ਼ ਹੋਣ ਬਾਰੇ ਗੱਲਬਾਤ ਕਰਨ ਲਈ ਵਿਕਰਮ ਬਰਾੜ ਨੂੰ ਮਿਲਣ ਜਾ ਰਿਹਾ ਹੈ। ਗੁਰਭੇਜ ਸਿੰਘ ਨੇ ਕਿਹਾ ਕਿ ਉਸਨੇ ਵਿੱਕੀ ਗੌਂਡਰ ਨੂੰ ਕਿਹਾ ਵੀ ਸੀ ਕਿ ਉਹ ਪੁਲਿਸ ਵਾਲਿਆਂ ‘ਤੇ ਇੰਨਾ ਜ਼ਿਆਦਾ ਯਕੀਨ ਨਾ ਕਰੇ ਪਰ ਅੱਗੇ ਉਸਨੇ ਕਿਹਾ ਕਿ ਵਿਕਰਮ ਬਰਾੜ ਉਸਦਾ ਦੋਸਤ ਤੇ ਭਰਾ ਹੈ ਤੇ ਉਸਨੂੰ ਉਸ ਤੇ ਭਰੋਸਾ ਹੈ। ਗੁਰਭੇਜ ਸਿੰਘ ਨੇ ਦੱਸਿਆ ਕਿ ਵਿੱਕੀ ਤੇ ਵਿਕਰਮ ਬਰਾੜ ਸਪੋਰਟਸ ਕਾਲਜ ਜਲੰਧਰ ਵਿੱਚ ਇਕੱਠੇ ਪੜ੍ਹੇ ਤੇ ਖੇਡਦੇ ਸਨ ਤੇ ਵਿਕਰਮ ਬਰਾੜ ਖੇਡ ਕੋਟੇ ਵਿੱਚੋਂ ਹੀ ਪੁਲਿਸ ਵਿੱਚ ਭਰਤੀ ਹੋਇਆ ਹੈ।

ਖਬਰਾਂ ਅਨੁਸਾਰ ਗੁਰਭੇਜ ਸਿੰਘ ਨੇ ਇਹ ਵੀ ਕਿਹਾ ਕਿ ਗੌਂਡਰ ਦੇ ਨਾਲ ਹੀ ਮਾਰੇ ਗਏ ਪ੍ਰੇਮਾ ਲਾਹੌਰੀਆ ਨੇ ਵੀ ਸ਼ੁੱਕਰਵਾਰ ਨੂੰ ਆਪਣੀ ਪਤਨੀ ਨੂੰ ਫ਼ੋਨ ‘ਤੇ ਇਸ ਦੀ ਜਾਣਕਾਰੀ ਦਿੱਤੀ ਸੀ।

ਪਰਿਵਾਰ ਨੇ ਪੁਲਿਸ ਦੀ ਮੁਕਾਬਲੇ ਵਾਲੀ ਕਹਾਣੀ ‘ਤੇ ਸਵਾਲ ਚੁੱਕੇ ਹਨ ਕਿ ਜਿਸ ਹਾਲਤ ਵਿੱਚ ਗੌਂਡਰ ਦੀ ਲਾਸ਼ ਮਿਲੀ ਹੈ ਉਹ ਕੱਪੜੇ ਠੰਢ ਰੋਕਣ ਲਈ ਕਾਫੀ ਨਹੀਂ ਸੀ। ਪੁਲਿਸ ਮੁਤਾਬਕ ਵੱਡਾ ਗੈਂਗਸਟਰ ਹੋਣ ਦੇ ਬਾਵਜੂਦ ਵਿੱਕੀ ਕੋਲੋਂ ਇੱਕ ਘਟੀਆ ਦਰਜੇ ਦਾ ਪਿਸਤੌਲ ਹੀ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਪੇਸ਼ ਹੋਣ ਬਾਰੇ ਗੱਲਬਾਤ ਲਈ ਬੁਲਾ ਕੇ ਤਿੰਨਾ ਦਾ ਮੁਕਾਬਲਾ ਬਣਾ ਦਿੱਤਾ।

ਉਨ੍ਹਾਂ ਮੰਗ ਕੀਤੀ ਕਿ ਵਿੱਕੀ ਤੇ ਉਸ ਦੇ ਸਾਥੀਆਂ ਦੇ ਪੁਲਿਸ ਮੁਕਾਬਲੇ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ। ਗੁਰਭੇਜ ਸਿੰਘ ਨੇ ਕਿਹਾ ਕਿ ਇਸ ਬਾਰੇ ਰਾਜਸਥਾਨ ਪੁਲਿਸ ਤੇ ਸਰਕਾਰ ਵੱਲੋਂ ਵੀ ਜਾਂਚ ਕਰਵਾਈ ਜਾ ਰਹੀ ਹੈ ਪਰ ਜੇਕਰ ਇਸ ਨਾਲ ਮਾਮਲੇ ਦੀ ਤਹਿ ਨਹੀਂ ਖੁੱਲ੍ਹਦੀ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version