Site icon Sikh Siyasat News

ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਓੜੀ ਤੇ ਮੁੜ ਚੱਲਿਆ ਕਾਰਸੇਵਾ ਦਾ ਹਥੌੜਾ

ਤਰਨ ਤਾਰਨ: ਲੰਘੀ ਰਾਤ ਕਾਰਸੇਵਾ ਵਾਲਿਆਂ ਨੇ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਓੜੀ ਮੁੜ ਢਾਹੁਣੀ ਸ਼ੁਰੂ ਕਰ ਦਿੱਤੀ।
ਸ਼ਨਿੱਚਰਵਾਰ (30 ਮਾਰਚ ਨੂੰ) ਰਾਤ ਤਕਰੀਬਨ 9 ਵਜੇ ਤੋਂ ਬਾਅਦ ਬਾਬਾ ਜਗਤਾਰ ਸਿੰਘ ਕਾਰਸੇਵਾ ਨਾਲ ਸੰਬੰਧਤ ‘ਸੇਵਾਦਾਰਾਂ’ ਨੇ ਸਿੱਖ ਰਾਜ ਦੀ ਇਸ ਨਿਸ਼ਾਨੀ ਨੂੰ ਬਦਾਨਾਂ ਤੇ ਹਥੌੜਿਆਂ ਦੀਆਂ ਮਾਰਾਂ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਤਾਂ ਆਲੇ-ਦੁਆਲੇ ਦੇ ਕਾਫੀ ਲੋਕ ਇਕੱਠੇ ਹੋ ਗਏ।

ਸ਼ਨਿੱਚਰਵਾਰ ਰਾਤ (30 ਤੇ 31 ਮਾਰਚ ਦਰਮਿਆਨੀ ਰਾਤ) ਨੂੰ ਦਰਸ਼ਨੀ ਡਿਓੜੀ ਢਾਹੇ ਜਾਣ ਦਾ ਇਕ ਦ੍ਰਿਸ਼

ਇਸ ਤੋਂ ਪਹਿਲਾਂ ਲੰਘੇ ਸਾਲ ਸਤੰਬਰ ਵਿਚ ਵੀ ਕਾਰਸੇਵਾ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮਨਜੂਰੀ ਲੈ ਕੇ ਇਸ ਇਤਿਹਾਸਕ ਵਿਰਾਸਤ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਸੀ ਪਰ ਸਿੱਖ ਨੌਜਵਾਨਾਂ ਤੇ ਸੰਗਤਾਂ ਦੇ ਵਿਰੋਧ ਕਾਰਨ ਉਹ ਉਸ ਵੇਲੇ ਅਜਿਹਾ ਨਹੀਂ ਸਨ ਕਰ ਸਕੇ।

⊕ ਇਹ ਖਬਰ ਅੰਗਰੇਜ਼ੀ ਚ ਪੜ੍ਹੋ: Historic Darshani Deori of Tarn Taran Sahib Being Demolished

ਲੰਘੀ ਰਾਤ ਜਦੋਂ ਕਾਰਸੇਵਾ ਵਾਲਿਆਂ ਨੇ ਦਰਸ਼ਨੀ ਡਿਓੜੀ ਨੂੰ ਮੁੜ ਢਾਹੁਣਾ ਸ਼ੁਰੂ ਕੀਤਾ ਤਾਂ ਕੁਝ ਸਿੱਖ ਨੌਜਵਾਨਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ। ਇਨ੍ਹਾਂ ਨੌਜਵਾਨਾਂ ਨੇ ਕਾਰਸੇਵਾ ਵਾਲਿਆਂ ਦੇ ਕਰਿੰਦਿਆਂ ਨੂੰ ਬੇਨਤੀ ਕੀਤੀ ਕਿ ਇਸ ਇਤਿਹਾਸਕ ਨਿਸ਼ਾਨੀ ਨੂੰ ਨਾ ਮੇਟਿਆ ਜਾਵੇ ਪਰ ‘ਸੇਵਾਦਾਰਾਂ’ ਨੇ ਉਨ੍ਹਾਂ ਦੀ ਇਕ ਨਾ ਸੁਣੀ। ਕਾਰਸੇਵਾ ਦੇ ਕਰਿੰਦਿਆਂ ਦਾ ਕਹਿਣਾ ਸੀ ਕਿ ਉਹ ‘ਸੇਵਾ’ ਕਰ ਰਹੇ ਹਨ। ਜਦੋਂ ਨੌਜਵਾਨਾਂ ਨੇ ਕਿਹਾ ਕਿ ਇਤਿਹਾਸਕ ਨਿਸ਼ਾਨੀਆਂ ਮੇਟਣੀਆਂ ਕੋਈ ਸੇਵਾ ਨਹੀਂ ਹੁੰਦੀ ਤਾਂ ਕਾਰਸੇਵਕਾਂ ਨੇ ਜਵਾਬ ਦਿੱਤਾ ਕਿ ‘ਇਸ ਬਾਰੇ ਉਨ੍ਹਾਂ ਨੂੰ ਨਹੀਂ ਪਤਾ ਤੇ ਉਹ ਉਹੀ ਕੰਮ ਕਰਨਗੇ ਜਿਸ ਦਾ ‘ਬਾਬਾ ਜੀ’ ਹੁਕਮ ਕਰਨਗੇ’।

ਸਿੱਖ ਸਿਆਸਤ ਨਾਲ ਗੱਲ ਕਰਦਿਆਂ ਇਨ੍ਹਾਂ ਸਿੱਖ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰ-ਵਾਰ ਕਹਿਣ ਤੇ ਵੀ ਕਾਰਸੇਵਾ ਵਾਲੇ ਦਰਸ਼ਨੀ ਡਿਓੜੀ ਢਾਹੁਣੋਂ ਨਹੀਂ ਹਟੇ। ਉਨ੍ਹਾਂ ਕਿਹਾ ਕਿ ਕਾਰਸੇਵਾ ਵਾਲਿਆਂ ਦੇ ਕਰਿੰਦਿਆਂ ਨੇ ਦਰਸ਼ਨੀ ਡਿਓਟੀ ਨਾ ਢਾਹੁਣ ਦੀ ਬੇਨਤੀਆਂ ਕਰ ਰਹੇ ਇਕ ਨੌਜਵਾਨ ਉੱਤੇ ਹਮਲਾ ਕਰ ਦਿੱਤਾ ਤੇ ਬਾਕੀਆਂ ਨੇ ਮਸਾਂ ਉਸ ਨੂੰ ਓਥੋਂ ਬਚਾ ਕੇ ਕੱਢਿਆ।

ਰਾਤ (30 ਤੇ 31 ਮਾਰਚ ਦਰਮਿਆਨੀ) ਕਰੀਬ 12 ਵਜੇ ਆਖਰੀ ਖਬਰਾਂ ਮਿਲਣ ਤੱਕ ਦਰਸ਼ਨੀ ਡਿਓੜੀ ਢਾਹੁਣ ਦਾ ਕੰਮ ਬੇਰੋਕ ਜਾਰੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version