Site icon Sikh Siyasat News

‘ਸਿਆਸੀ ਸ਼ਰਨ’ ਲੈਣ ਪਿੱਛੇ ਭਾਰਤੀ ਜ਼ੁਲਮ, ਨਾ ਕਿ ਚੰਦੂਮਾਜਰੇ ਮੁਤਾਬਕ ‘ਮਾਲੀ ਹਾਲਤ’:ਮਾਨ ਦਲ

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਵਲੋਂ ਪ੍ਰੈਸ ਬਿਆਨ ਜਾਰੀ ਕਰਕੇ ਬਾਦਲ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰੇ ਦੇ ਉਸ ਬਿਆਨ ਦਾ ਜਵਾਬ ਦਿੱਤਾ ਗਿਆ ਜਿਸ ਵਿਚ ਚੰਦੂਮਾਜਰਾ ਨੇ ਸਿੱਖਾਂ ਵਲੋਂ ‘ਮਾਲੀ ਹਾਲਤ’ ਕਰਕੇ ਵਿਦੇਸ਼ਾਂ ‘ਚ ‘ਸਿਆਸੀ ਪਨਾਹ’ ਲੈਣ ਦੀ ਗੱਲ ਕਹੀ ਸੀ। ਜਾਰੀ ਪ੍ਰੈਸ ਬਿਆਨ ‘ਚ ਪਾਰਟੀ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਹਿੰਦੂਤਵ ਹੁਕਮਰਾਨਾਂ ਨੂੰ ਖੁਸ਼ ਕਰਨ ਲਈ ਦਿੱਤੇ ਬਿਆਨ ਦੀ ਨਿੰਦਾ ਕੀਤੀ।

ਸ. ਮਾਨ ਨੇ ਕਿਹਾ ਕਿ ਜੇਕਰ ਪੰਜਾਬੀਆਂ ਅਤੇ ਸਿੱਖ ਨੌਜਵਾਨਾਂ ਦੀ ਬਾਹਰਲੇ ਮੁਲਕਾਂ ਵਿਚ ਜਾਣ ਦੀ ਵਜ੍ਹਾ ਮਾਲੀ ਹਾਲਤ ਹੁੰਦੀ ਤਾਂ ਜਿਸ ਸਰਕਾਰ ਦੇ ਚੰਦੂਮਾਜਰਾ ਭਾਈਵਾਲ ਹਨ, ਉਨ੍ਹਾਂ ਦੀ ਪੰਜਾਬ ਵਿਚ ਲਗਾਤਾਰ 10 ਸਾਲ ਸਰਕਾਰ ਰਹੀ ਹੈ, ਉਨ੍ਹਾਂ ਨੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਠੀਕ ਕਰਨ ਲਈ ਕੀ ਕੀਤਾ? ਕੈਪਟਨ ਅਮਰਿੰਦਰ ਸਿੰਘ ਦੀ ਪਹਿਲੇ ਵੀ 5 ਸਾਲ ਸਰਕਾਰ ਰਹੀ ਹੈ, ਉਨ੍ਹਾਂ ਨੇ ਇਸ ਦਿਸ਼ਾ ਵੱਲ ਕੀ ਕੀਤਾ? ਜਦੋਂਕਿ ਆਪਣੇ ਸੂਬੇ ਦੇ ਬਾਸ਼ਿੰਦਿਆਂ ਦੀ ਮਾਲੀ ਹਾਲਤ ਅਤੇ ਜੀਵਨ ਪੱਧਰ ਦੀ ਬਿਹਤਰੀ ਕਰਨ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ। ਮਾਨ ਨੇ ਅੱਗੇ ਕਿਹਾ ਕਿ ਹਿੰਦੂਤਵ ਹੁਕਮਰਾਨਾਂ ਦੀਆਂ ਸਿੱਖ ਵਿਰੋਧੀ ਸਾਜਿ਼ਸਾਂ ਦਾ ਹਿੱਸਾ ਬਣਕੇ ਚੰਦੂਮਾਜਰਾ ਵਰਗੇ ਆਗੂ ਆਪਣੀ ਮਾਲੀ ਹਾਲਤ ਮਜਬੂਤ ਕਰਨ ਵਿਚ ਮਸਰੂਫ ਰਹਿੰਦੇ ਹਨ।

ਸਿਮਰਨਜੀਤ ਸਿੰਘ ਮਾਨ, ਪ੍ਰੇਮ ਸਿੰਘ ਚੰਦੂਮਾਜਰਾ (ਫਾਈਲ ਫੋਟੋ)

ਪਾਰਟੀ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਵੱਖ-ਵੱਖ ਮੁਲਕਾਂ ਵਿਚ ਭਾਰਤੀ ਕੌਂਸਲੇਟ ਖੋਲ੍ਹਕੇ ਸਿੱਖ ਨੌਜਵਾਨਾਂ ਦੀ ਮਦਦ ਕਰਨ ਦੀ ਗੱਲ ਕਰਕੇ ਚੰਦੂਮਾਜਰਾ ਅਸਲ ‘ਚ ਕੀ ਕਹਿਣਾ ਚਾਹੁੰਦੇ ਹਨ। ਜਦਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਕੌਂਸਲੇਟਾਂ ਵਿਚ ਵੱਡੇ ਅਧਿਕਾਰੀ ਬਦਨਾਮ ਖੁਫੀਆ ਏਜੰਸੀ ਰਾਅ ਅਤੇ ਇੰਟੈਲੀਜੈਂਸਟ ਬਿਊਰੋ (ਆਈ.ਬੀ.) ਨਾਲ ਸੰਬੰਧਤ ਹੁੰਦੇ ਹਨ। ਇਹ ਅਧਿਕਾਰੀ ਹੀ ਸਿੱਖ ਕੌਮ ਦੀਆਂ ਕਾਲੀਆਂ ਸੂਚੀਆਂ ਬਣਾਉਂਦੇ ਹਨ। ਬਿਆਨ ‘ਚ ਕਿਹਾ ਗਿਆ ਕਿ ਨਾਲ ਇਹ ਕੌਂਸਲੇਟ ਉਥੇ ਖੋਲ੍ਹੇ ਜਾਂਦੇ ਹਨ ਜਿਥੇ ਆਪਣੇ ਬਾਸ਼ਿੰਦਿਆਂ ਦੀ ਵਸੋਂ ਹੋਵੇ। ਸ. ਮਾਨ ਨੇ ਬਿਆਨ ਰਾਹੀਂ ਚੰਦੂਮਾਜਰਾ ਨੂੰ ਪੁੱਛਿਆ ਕਿ ਅਫ਼ਗਾਨਿਸਤਾਨ ਵਰਗੇ ਮੁਲਕ ‘ਚ ਜਿਸ ਦੀ ਸਰਹੱਦ ਵੀ ਭਾਰਤ ਨਾਲ ਨਹੀਂ ਲਗਦੀ, ਨਾ ਹੀ ਉਥੇ ਹਿੰਦੂ ਰਹਿੰਦੇ ਹਨ, ‘ਚ ਕਾਫੀ ਗਿਣਤੀ ‘ਚ ਕੌਂਸਲੇਟ ਖੋਲ੍ਹਣ ਦਾ ਕੀ ਮਤਲਬ? ਅਜਿਹੇ ਕੌਸਲਟ ਕਿਸੇ ਦੀ ਬਿਹਤਰੀ ਲਈ ਨਹੀਂ, ਬਲਕਿ ਸਿੱਖ ਕੌਮ ਅਤੇ ਉਸ ਦੇਸ਼ ‘ਚ ਮੰਦਭਾਵਨਾ ਅਧੀਨ ਜਾਸੂਸੀ ਕਰਨ ਅਤੇ ਆਜ਼ਾਦੀ ਪਸੰਦ ਸਿੱਖਾਂ ਨੂੰ ਉਲਝਣ ਵਿਚ ਪਾਉਣ ਲਈ ਸਾਜਿ਼ਸ਼ਾਂ ਬਣਾਉਣ ਲਈ ਖੋਲ੍ਹੇ ਜਾਂਦੇ ਹਨ।

ਸਬੰਧਤ ਖ਼ਬਰ:

ਕਾਲੀ ਸੂਚੀ: ਭਾਰਤ ਨਹੀਂ ਛੱਡੇਗਾ ਵਿਦੇਸ਼ੀ ਸਿੱਖਾਂ ਦੇ ਰਾਜਨੀਤਕ ਸਰਗਰਮੀ ਨੂੰ ਕਾਬੂ ਕਰਨ ਦਾ ਹਥਿਆਰ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version