Site icon Sikh Siyasat News

ਅਮਰੀਕਾ ਤੋਂ ਚੱਲ ਰਹੇ ਫੇਸਬੁੱਕ ਪੇਜ਼ “ਜੂਨ 1984 ਮੂਵਮੈਂਟ” ‘ਤੇ ਭਾਰਤ ਸਰਕਾਰ ਨੇ ਲਾਈ ਪਾਬੰਦੀ

ਨਿਊਯਾਰਕ,ਅਮਰੀਕਾ (12 ਮਈ, 2015): ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀਆਂ ਗਤੀਵਿਧਆਂ ਰੋਕਣ ਲਈ ਭਾਰਤ ਸਰਕਾਰ ਨੇ ਬਾਹਰਲੇ ਮੁਲਕਾਂ ਦੇ ਸਿੱਖਾਂ ਵੱਲੋਂ ਚਲਾਏ ਜਾ ਰਹੇ ਫੇਸਬੁੱਕ ਪੇਜ਼ਾਂ ਨੂੰ ਭਾਰਤ ਵਿੱਚ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਭਾਰਤ ਸਰਕਾਰ ਵੱਲੋਂ ਅਮਰੀਕੀ ਸਿੱਖ ਜੱਥੇਬੰਦੀ “ਸਿੱਖਸ ਫਾਰ ਜਸਟਿਸ” ਦੇ ਫੇਸਬੁੱਕ ਪੇਜ਼ ਨੂੰ ਬੰਦ ਕਰਨ ਤੋਂ ਬਾਅਦ ਅਮਰੀਕਾ ਦੇ ਸਿੱਖਾਂ ਵੱਲੋਂ ਚਲਾਇਆ ਜਾ ਰਹੇ ਇੱਕ ” ਜੂਨ 1984 ਮੂਵਮੈਂਟ” ਨਾਮ ਦੇ ਪੇਜ਼ ‘ਤੇ ਭਾਰਤ ਵਿੱਚ ਪਾਬੰਦੀ ਲਾ ਦਿੱਤੀ ਹੈ। ਇਸ ਪੇਜ਼ ਦੇ 9000 ਤੋਂ ਜਿਆਦਾ ਪ੍ਰਸੰਸਕ ਸਨ।

ਫੇਸਬੁੱਕ ਪੇਜ਼ “ਜੂਨ 1984 ਮੂਵਮੈਂਟ” ‘ਤੇ ਭਾਰਤ ਸਰਕਾਰ ਨੇ ਲਾਈ ਪਾਬੰਦੀ

ਸਿੱਖ ਸਿਆਸਤ ਨੂੰ “ਜੂਨ 1984 ਮੂਵਮੈਂਟ” ਦੇ ਸੰਚਲਕਾਂ ਨੇ ਫੋਨ ‘ਤੇ ਦੱਸਿਆ ਕਿ ਉਨ੍ਹਾਂ ਦੇ ਫੇਸਬੁੱਕ ਪੇਜ਼ ‘ਤੇ ਭਾਰਤ ਵਿੱਚ ਪਾਬੰਦੀ ਲਾ ਦਿੱਤੀ ਹੈ।

“ਜੂਨ 1984 ਮੂਵਮੈਂਟ” ਦੇ ਇੱਕ ਪ੍ਰਤੀਨਿਧੀ ਨੇ ਦੱਸਿਆ ਕਿ ਇਹ ਪੇਜ਼ ਸਿੱਖ ਕੌਮ ਨਾਲ ਸਬੰਧਿਤ ਘਟਨਾਵਾਂ ਦੀ ਜਾਣਕਾਰੀ ਅਤੇ ਸਿੱਖ ਕੌਮ ਵਿੱਚ ਜਾਗਰਿਤੀ ਪੈਦਾ ਕਰਨ ਲਈ ਬਣਾਇਆ ਗਿਆ ਸੀ ਅਤੇ ਸ਼ੁਰੂ ਵਿੱਚ ਇਹ ਪੇਜ਼ ਭਾਰਤ ਵਿੱਚ ਵੀ ਵੇਖਿਆ ਜਾ ਸਕਦਾ ਸੀ, ਪਰ ਹੁਣ ਇਸ ਪੇਜ਼ ਨੂੰ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਿੱਛਲੇ ਸਮੇਂ ਵਿੱਚ ਭਾਰਤ ਸਰਕਾਰ ਅਤੇ ਭਾਰਤ ਦੇ ਰਾਜਨੀਤਕ ਵਿਅਕਤੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਅਮਰੀਕਾ ਦੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਦੇ ਫੇਸਬੁੱਕ ਪੇਜ਼ ‘ਤੇ ਵੀ ਭਾਰਤ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ।

ਅਮਰੀਕਾ ਅਤੇ ਕੈਨੇਡਾ ਵਿੱਚ ਭਾਰਤੀ ਰਾਜਨੀਤਕ ਵਿਅਕਤੀ ਖਿਾਲਫ ਰੋਸ ਮੁਜ਼ਹਾਰੇ ਕਰਨ ਤੋਂ ਇਲਾਵਾ ਸਿੱਖਸ ਫਾਰ ਜਸਟਿਸ ਨੇ ਕਾਂਗਰਸ ਆਗੂ ਕਮਲ ਨਾਥ, ਸੋਨੀਆ ਗਾਂਧੀ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬਾਰਤ ਦੇ ਪ੍ਰਧਾਨ ਮੰਤਰੀ ਨਰਿੰਦ ਰਮੋਦੀ ਖਿਲਾਫ ਅਮਰੀਕਾ ਅਤੇ ਕੈਨੇਡਾ ਦੀਆਂ ਸੰਘੀ ਅਦਾਲਤਾਂ ਵਿੱਚ ਮਨੁੱਖੀ ਅਧਿਕਾਰਾਂ ਦੀ ੳੇਲੰਘਣਾ ਦਾ ਕੇਸ ਦਰਜ਼ ਕਰਵਾਇਆ ਸੀ।

ਇੱਥੇ ਇਹ ਵਰਨਣਯੋਗ ਹੈ ਕਿ “ਸਿੱਖ ਫਾਰ ਜਸਟਿਸ” ਅਤੇ “ਜੂਨ 1984 ਮੂਵਮੈਂਟ” ਪੇਜ਼ ਭਾਰਤ ਤੋਂ ਬਾਹਰ ਵੇਖੇ ਜਾ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version