ਚੰਡੀਗੜ੍ਹ : ਅੱਜ ਸੰਗਰਾਂਦ ਦੇ ਦਿਹਾੜੇ ਉੱਤੇ ਸਿੱਖ ਸੰਗਤਾਂ ਦੇ “ਸੰਗਤ ਲਾਂਘਾ ਕਰਤਾਰਪੁਰ” ਜਥੇ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਭਾਰਤ-ਪਾਕਿਸਤਾਨ ਦੀ ਸਰਹੱਦ ਉੱਤੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ । “ਸੰਗਤ ਲਾਂਘਾ ਕਰਤਾਰਪੁਰ” ਵਲੋਂ ਬੀਤੇ ਕਈਂ ਸਾਲਾਂ ਤੋਂ ਹਰ ਸੰਗਰਾਦ ਉੱਤੇ ਡੇਰਾ ਬਾਬਾ ਨਾਨਕ ਵਿਖੇ ਜਾ ਕੇ ਲਾਂਘੇ ਦੀ ਅਰਦਾਸ ਕੀਤੀ ਜਾਂਦੀ ਹੈ ।
1947 ਵਿੱਚ ਹੋਈ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਿੱਖ ਆਬਾਦੀ ਆਪਣੇ ਇਤਿਹਾਸਿਕ ਗੁਰਧਾਮਾਂ ਤੋਂ ਦੂਰ ਹੋ ਗਈ ਸੀ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਪਿੰਡ ਨਾਰੋਵਾਲ, (ਸ੍ਰੀ ਕਰਤਾਰਪੁਰ ਸਾਹਿਬ) ਭਾਰਤੀ ਸਰਹੱਦ ਤੋਂ ਸਿਰਫ ਚਾਰ ਕਿਲੋਮੀਟਰ ਦੀ ਵਿੱਥ ਉੱਤੇ ਹੀ ਹੈ, ਅਨੇਕਾਂ ਸੰਗਤਾਂ ਡੇਰਾ ਬਾਬਾ ਨਾਨਕ ਤੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਵਾਲੇ ਅਸਥਾਨ ਦੇ ਦੂਰੋਂ ਦਰਸ਼ਨ ਕਰਦੀਆਂ ਹਨ ।
ਪੂਰਬੀ ਪੰਜਾਬ ਵਿੱਚ ਰਹਿੰਦੇ ਸਿੱਖਾਂ ਦੀ ਇਹ ਭਾਵਨਾ ਹੈ ਕਿ ਕਰਤਾਪੁਰ ਸਾਹਿਬ ਨੂੰ ਲਾਂਘਾ ਖੋਲ੍ਹ ਦਿੱਤਾ ਜਾਵੇ, ਤਾਂ ਜੋ ਸਿੱਖ ਬਗੈਰ ਵੀਜ਼ੇ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ ।
ਦੱਸਣਯੋਗ ਹੈ ਕੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਗਏ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਲਾਂਘਾ ਖੋਲ੍ਹੇ ਜਾਣ ਬਾਰੇ ਪਾਕਿਸਤਾਨ ਦੀ ਸਕਰਾਤਮਕ ਭਾਵਨਾ ਬਾਰੇ ਦੱਸਿਆ ਸੀ। ਉਸ ਤੋਂ ਬਾਅਦ ਵੀ ਪਾਕਿਸਤਾਨ ਦੇ ਕਈਂ ਅਧਿਕਾਰੀਆਂ ਨੇ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੀ ਭਾਵਨਾ ਬਾਰੇ ਬਿਆਨ ਦਿੱਤੇ ਸਨ, ਪਰ ਭਾਰਤ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਕੋਈ ਪਹਿਲਕਦਮੀ ਨਾ ਕੀਤੇ ਜਾਣ ਕਾਰਨ ਅਜੇ ਤੱਕ ਲਾਂਘਾ ਖੁੱਲਣ ਦੀ ਆਸ ਨੂੰ ਬੂਰ ਨਹੀਂ ਪੈ ਸਕਿਆ।
ਅਰਦਾਸ ਮੌਕੇ ਬੀ. ਐਸ. ਗੁਰਾਇਆ ਤੋਂ ਇਲਾਵਾ ਭਜਨ ਸਿੰਘ ਰੋਡਵੇਜ, ਸਰਬਜੀਤ ਸਿੰਘ ਕਲਸੀ, ਤਰਸੇਮ ਸਿੰਘ ਬੱਲ, ਗੁਰਬਚਨ ਸਿੰਘ ਸੁਲਤਾਨਵਿੰਡ, ਰਤਨ ਸਿੰਘ, ਮਨੋਹਰ ਸਿੰਘ ਚੇਤਨਪੁਰਾ, ਹੋਰ ਅਨੇਕਾਂ ਸ਼ਰਧਾਲੂ ਸ਼ਾਮਲ ਸਨ।