Site icon Sikh Siyasat News

ਖਾਲੜਾ ਮਿਸ਼ਨ ਆਰਗਨਾਈਜੇਸ਼ਨ ਨੇ ਤਰਸਿੱਕਾ ਵਿਖੇ ਮਨੁੱਖੀ ਹੱਕਾਂ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਸ੍ਰੀ ਅੰਮ੍ਰਿਤਸਰ ਸਾਹਿਬ: ਬੀਤੇ ਕੱਲ੍ਹ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਤਰਸਿੱਕਾ (ਸ੍ਰੀ ਅੰਮ੍ਰਿਤਸਰ ਸਾਹਿਬ ) ਵਿਖੇ ਕੌਮਾਂਤਰੀ ਮਨੁੱਖੀ ਹੱਕ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪ੍ਰਵਾਨ ਕੀਤੇ ਗਏ ਮਤਿਆਂ ਵਿੱਚ ਕਿਹਾ ਗਿਆ “ਕਿ 25 ਹਜਾਰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਗਏ ਸਿੱਖਾਂ ਅਤੇ ਧਰਮਯੁੱਧ ਮੋਰਚੇ ਦੇ ਸਾਰੇ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈਆਂ ਜਾਣ ਅਤੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਦੇ ਨਾਮ ਵੀ ਤਸਵੀਰਾਂ ਦੇ ਨਾਲ ਦਰਜ ਕੀਤੇ ਜਾਣ।”

ਇਸ ਮੌਕੇ ਇਹ ਮੰਗ ਕੀਤੀ ਗਈ ਕਿ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ 84 ਕਤਲੇਆਮ ਨੂੰ ਸਿੱਖੀ ਉੱਪਰ ਅੱਤਵਾਦੀ ਹਮਲਾ ਕਰਾਰ ਦਿੱਤਾ ਜਾਵੇ ਅਤੇ ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਵੇ। ਸਮਾਗਮ ਵਿੱਚ ਮੰਗ ਕੀਤੀ ਗਈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਸਾਥੀ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਭੁੱਲਾਂ ਬਖਸ਼ਾਉਣ ਦੀ ਆੜ ਵਿੱਚ ਆਪਣੇ ਅਪਰਾਧਾਂ ਉੱਪਰ ਪਰਦਾ ਪਾਉਣਾ ਚਾਹੁੰਦੀ ਹੈ ਅਤੇ ਸਿੱਖ ਪੰਥ ਨਾਲ ਫਿਰ ਰਾਜਨੀਤਿਕ ਠੱਗੀ ਮਾਰਨੀ ਚਾਹੀਦੀ ਹੈ। ਮਤਿਆਂ ਵਿੱਚ ਕਿਹਾ ਗਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੀ ਮੰਡਲੀ ਨੇ ਮੰਨ ਲਿਆ ਹੈ ਕਿ ਬਾਦਲ ਨੇ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀ ਯੋਜਨਾਬੰਦੀ ਵਿੱਚ ਸ਼ਾਮਲ ਹੋ ਕੇ ਸਿੱਖ ਪੰਥ ਦਾ ਘਾਣ ਕਰਵਾਇਆ ਹੈ।

ਖਾਲੜਾ ਮਿਸ਼ਨ ਆਰਗਨਾਈਜੇਸ਼ਨ ਨੇ ਤਰਸਿੱਕਾ ਵਿਖੇ ਮਨੁੱਖੀ ਹੱਕਾਂ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਬਾਦਲਕੇ ਜਿੰਨੇ ਮਰਜੀ ਪਾਖੰਡ ਕਰਨ ਨਾ ਵਾਹਿਗੁਰੂ ਮੁਆਫ ਕਰੇਗਾ, ਨਾ ਸਿੱਖ ਪੰਥ ਮੁਆਫ ਕਰੇਗਾ। ਉਨ੍ਹਾਂ ਨੇ ਕਿਹਾ ਕਿ ਬਰਗਾੜੀ ਮੋਰਚੇ ਵਾਲਿਆਂ ਨੂੰ ਝੂਠੀ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਅਤੇ ਨਸਲਕੁਸ਼ੀ ਦੀ ਦੋਸ਼ੀ ਪਾਰਟੀ ਦਾ ਇਤਬਾਰ ਨਹੀ ਕਰਨਾ ਚਾਹੀਦਾ।

ਸਮਾਗਮ ਵਿੱਚ ਮਤਿਆਂ ਰਾਂਹੀ ਫੌਜੀ ਹਮਲੇ ਝੂਠੇ ਮੁਕਾਬਲਿਆਂ ਅਤੇ ਨਸ਼ਿਆਂ ਰਾਂਹੀ ਨਸਲਕੁਸ਼ੀ ਦੀ ਨਿਰਪੱਖ ਪੜਤਾਲ ਦੀ ਮੰਗ ਕੀਤੀ ਗਈ । ਇਸ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਕੁਲਦੀਪ ਬਰਾੜ, ਲਾਲ ਕ੍ਰਿਸ਼ਨ ਅਡਵਾਨੀ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਸੁਮੇਧ ਸੈਣੀ, ਇਜਹਾਰ ਆਲਮ, ਉਮਰਾ ਨੰਗਲ, ਗੁਰਮੀਤ ਰਾਮ ਰਹੀਮ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਰਗਿਆਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ ਤਾਂ ਕਿ ਬੇਅਦਬੀਆਂ, ਨਸ਼ਿਆਂ, ਨਸਲਕੁਸ਼ੀ ਅਤੇ ਪੰਜਾਬ ਦੀ ਲੁੱਟ ਦਾ ਸੱਚ ਸਾਹਮਣੇ ਆ ਸਕੇ।

ਇਸ ਸਮਾਗਮ ਵਿਚ ਖਾਲੜਾ ਮਿਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਗੁਰਜੀਤ ਸਿੰਘ, ਸਿਮਰਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ। ਸਮਾਗਮ ਵਿੱਚ ਬੁਲਾਰਿਆ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਪਾਪੀਆਂ ਨਾਲੋਂ ਤੋੜ ਵਿਛੋੜਾ ਕਰਨਾ ਚਾਹੀਦਾ ਹੈ। ਸਮਾਗਮ ਵਿੱਚ ਬਾਬਾ ਗੁਰਦੇਵ ਸਿੰਘ ਜੀ, ਰਾਜਵਿੰਦਰ ਸਿੰਘ, ਸੁਰਿੰਦਰ ਕੌਰ ਡੇਅਰੀਵਾਲ, ਹਰਮਨਜੀਤ ਸਿੰਘ, ਸੁਖਰਾਜ ਸਿੰਘ, ਆਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version