Site icon Sikh Siyasat News

ਮੱਕੜ ਜੂਨ 84, ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਖਿਲਾਫ ਵੀ ਪਰਚਾ ਦਰਜ ਕਰਵਾਏ : ਖਾਲੜਾ ਮਿਸ਼ਨ

ਤਰਨ ਤਾਰਨ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ ਪਰਚਾ ਦਰਜ ਕਰਵਾਉਣ ਦੇ ਨਾਲ-ਨਾਲ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੇ ਦੋਸ਼ੀਆਂ ਕੁਲਦੀਪ ਬਰਾੜ, ਕਾਂਗਰਸ, ਭਾਜਪਾ, ਆਰ.ਐਸ.ਐਸ. ਅਤੇ ਬਾਦਲ ਦੇ ਖਿਲਾਫ ਵੀ ਪਰਚਾ ਦਰਜ ਕਰਵਾਉਣ ਦੀ ਹਿੰਮਤ ਦਿਖਾਉਣ। ਉਨ੍ਹਾਂ ਕਿਹਾ ਕਿ ਸਿੱਖ ਪੰਥ ਤੇ ਪੰਜਾਬ ਦੇ ਲੋਕ 1997 ਤੋਂ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਉਪਰੋਕਤ ਦੋਸ਼ੀਆਂ ਖਿਲਾਫ ਐਫ.ਆਈ.ਆਰ. ਦਰਜ ਹੋਵੇ ਪਰ ਅੱਜ ਤਕ ਕਿਸੇ ਇਕ ਵੀ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਹੋਈ।

ਜੂਨ 1984 ਵਿਚ ਦਰਬਾਰ ਸਾਹਿਬ ‘ਤੇ ਹਮਲੇ ਤੋਂ ਬਾਅਦ ਅਤੇ ਪੰਜਾਬ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਤਸਵੀਰਾਂ

ਖਾਲੜਾ ਮਿਸ਼ਨ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ, ਪ੍ਰਧਾਨ ਹਰਮਨਦੀਪ ਸਿੰਘ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪ੍ਰਚਾਰ ਸਕੱਤਰ ਡਾ. ਕਾਬਲ ਸਿੰਘ, ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ, ਐਡਵੋਕੇਟ ਜਗਦੀਪ ਸਿੰਘ ਨੇ ਕਿਹਾ ਕਿ ਮੱਕੜ ਹਿੰਮਤ ਜੁਟਾਉਣ ਝੂਠੇ ਮੁਕਾਬਲਿਆਂ ਦੇ ਮਹਾਂ ਦੋਸ਼ੀਆਂ ਕੇ.ਪੀ.ਐਸ. ਗਿੱਲ ਅਤੇ ਇਜ਼ਹਾਰ ਆਲਮ ਵਰਗਿਆਂ ਖਿਲਾਫ ਐਫ.ਆਈ.ਆਰ. ਦਰਜ ਕਰਾਉਣ ਦੀ।

ਉਨ੍ਹਾਂ ਕਿਹਾ ਕਿ ਮੱਕੜ ਐਫ.ਆਈ.ਆਰ. ਦਰਜ ਕਰਾਉਣ ਪੰਜਾਬ ਨੂੰ ਨਸ਼ਿਆਂ ਵਿਚ ਬਰਬਾਦ ਕਰਨ ਵਾਲਿਆਂ ਖਿਲਾਫ ਅਤੇ ਜਿਨ੍ਹਾਂ ਨੇ ਕਿਸਾਨਾਂ, ਗਰੀਬਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਉਹ ਐਫ.ਆਈ. ਆਰ. ਦਰਜ ਕਰਾਉਣ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਵੱਡੇ ਪੱਧਰ ‘ਤੇ ਜਾਇਦਾਦਾਂ ਬਣਾਈਆਂ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਕਾਂਗਰਸ, ਬਾਦਲਕੇ, ਭਾਜਪਾਕੇ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ਰਾਹੀਂ ਆਪਣੇ ਆਪ ਨੂੰ ਸਿੱਖ ਤੇ ਪੰਜਾਬ ਦੇ ਹਿਤੈਸ਼ੀ ਹੋਣ ਦਾ ਦਿਖਾਵਾ ਕਰਕੇ ਆਪਣੀ ਮੱਕਾਰੀ ਅਤੇ ਗੱਦਾਰੀ ਉੱਪਰ ਪਰਦਾ ਪਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਥ ਅਤੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਤੋਂ ਮੂੰਹ ਫੇਰ ਕੇ ਪੰਜਾਬ ਅੰਦਰ ਰਾਜ ਭਾਗ ਦੇ ਸੁਪਨੇ ਲੈ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version