ਸ੍ਰੀ ਅੰਮ੍ਰਿਤਸਰ: ਝੂਠੇ ਪੁਲਿਸ ਮੁਕਾਬਲਿਆਂ ਅਤੇ ਸਾਕਾ ਬਹਿਬਲ ਕਲਾਂ 2015 ਨਾਲ ਸੰਬੰਧਤ ਮਾਮਲਿਆਂ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਵਾਦਿਤ ਤੇ ਮੁਅੱਲਤ ਪੁਲਿਸ ਅਫਸਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਸਨਮਾਨਿਤ ਕਰਨ ਦੇ ਮਾਮਲੇ ਵਿਚ ਸਿੱਖ ਜਥੇਬੰਦੀਆਂ ਤੇ ਮਨੁੱਖਾਂ ਹੱਕਾਂ ਦੀਆਂ ਸੰਸਥਾਵਾਂ ਵੱਲੋਂ ਕਰੜੀ ਨਿਖੇਧੀ ਦਾ ਸਾਹਮਣਾ ਕਰ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਨੇ ਇਸ ਮਾਮਲੇ ਉੱਤੇ ਇਕ ਜਾਂਚ ਕਮੇਟੀ ਬਣਾ ਦਿੱਤੀ ਹੈ।
ਜਿਕਰਯੋਗ ਹੈ ਕਿ ਸ਼੍ਰੋ.ਗੁ.ਪ੍ਰ.ਕ. ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਅਤੇ ਹੋਰਨਾਂ ਅਧਿਕਾਰੀਆਂ ਨੇ ਪਰਮਰਾਜ ਉਮਰਾਨੰਗਲ ਨੂੰ ਸ੍ਰੀ ਗੁਰੂ ਰਾਮਦਾਸ ਲੰਗਰ ਵਾਸਤੇ ਰਸਦ ਭੇਟ ਕਰਨ ਉੱਤੇ ਸਨਮਾਨਤ ਕੀਤਾ ਸੀ। ਜਦੋਂ ਇਸ ਸਬੰਧੀ ਜਾਣਕਾਰੀ ਅਤੇ ਤਸਵੀਰ ਜਨਤਕ ਹੋਈ ਤਾਂ ਸਿੱਖ ਜਥੇਬੰਦੀਆਂ ਤੇ ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਵੱਲੋਂ ਸ਼੍ਰੋ.ਗੁ.ਪ੍ਰ.ਕ. ਦੀ ਇਸ ਕਾਰਵਾਈ ਦੀ ਕਰੜੀ ਨਿਖੇਧੀ ਕੀਤੀ ਗਈ। ਜਿਸ ਤੋਂ ਬਾਅਦ ਲੰਘੇ ਦਿਨ (23 ਅਪ੍ਰੈਲ) ਨੂੰ ਸ਼੍ਰੋ.ਗੁ.ਪ੍ਰ.ਕ. ਦੇ ਮੀਤ ਸਕੱਤਰ ਵੱਲੋਂ ਜਾਰੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਨ ਲਈ ਇਕ ਚਾਰ ਮੈਂਬਰੀ ਸਬ ਕਮੇਟੀ ਬਣਾਈ ਗਈ ਹੈ।
ਇਸ ਸਬ ਕਮੇਟੀ ਵਿੱਚ ਰਾਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਭਲਾਈਪੁਰ, ਮੋਹਨ ਸਿੰਘ ਬੰਗੀ ਅਤੇ ਅਤੇ ਸਕੱਤਰ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।
ਦੋ ਸਤਰਾਂ ਦੀ ਇਸ ਚਿੱਠੀ ਵਿੱਚ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਸ ਜਾਂਚ ਕਮੇਟੀ ਦੀ ਜਾਂਚ ਦਾ ਦਾਇਰਾ ਕੀ ਹੋਵੇਗਾ ਅਤੇ ਇਸ ਵੱਲੋਂ ਕਦੋਂ ਤੱਕ ਆਪਣੀ ਰਿਪੋਰਟ ਪੇਸ਼ ਕੀਤੀ ਜਾਵੇਗੀ।
ਪਿਛਲਾ ਤਜਰਬਾ ਦੱਸਦਾ ਹੈ ਕਿ ਅਜਿਹੀਆਂ ਜਾਂਚ ਕਮੇਟੀਆਂ ਮਾਮਲਿਆਂ ਨੂੰ ਠੰਢੇ ਬਸਤੇ ਵਿੱਚ ਪਾਉਣ ਦੇ ਹੀ ਕੰਮ ਆਉਂਦੀਆਂ ਹਨ।