Site icon Sikh Siyasat News

ਸੌਦਾ ਸਾਧ ਦੀ ਫਿਲਮ ਜਾਰੀ ਹੋਣ ਦੇ ਮੱਦੇ ਨਜ਼ਰ ਸਥਿਤੀ ਤਨਾਅ ਪੂਰਣ

ਅੰਮਿ੍ਤਸਰ (17 ਸਤੰਬਰ, 2015): ਸੌਦਾ ਸਾਧ ਦੀ ਵਿਵਾਦਿਤ ਫ਼ਿਲਮ ‘ਮੈਸੰਜਰ ਆਫ਼ ਗੌਡ’ -2 ਜੋ ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ, ਉਸ ‘ਤੇ ਸੂਬਾ ਸਰਕਾਰ ਦੀ ਮੁੜ ਪਾਬੰਦੀ ਬਾਰੇ ਕਿਸੇ ਐਲਾਨ ਦੀ ਅਣਹੋਂਦ ‘ਚ ਜਿਥੇ ਸਿਨੇਮਾ ਘਰਾਂ ਵੱਲੋਂ ਲੁੱਕ ਲੁਕਾ ਕੇ ਪੋਸਟਰ ਲਗਾਏ ਜਾ ਰਹੇ ਹਨ, ਓਥੇ ਸਿੱਖ ਜਥੇਬੰਦੀਆਂ ਦੇ ਵਿਰੋਧ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਤਣਾਅ ਦੀ ਸਥਿਤੀ ਹੈ |

ਸੌਦਾ ਸਾਧ ਦੀ ਫਿਲਮ ਜਾਰੀ ਹੋਣ ਦੇ ਮੱਦੇ ਨਜ਼ਰ ਸਥਿਤੀ ਤਨਾਅ ਪੂਰਣ

ਫ਼ਿਲਮ ਐਮ. ਐਸ. ਜੀ-2 ਕੱਲ੍ਹ 18 ਸਤੰਬਰ ਨੂੰ ਸਿਨੇਮਿਆਂ ‘ਚ ਲੱਗੇਗੀ, ਜਿਸ ਦੇ ਪਿੰ੍ਰਟ ਖਰੀਦਣ ਵਾਲੇ ਸਿਨੇਮਿਆਂ ‘ਚ ਪੁਲਿਸ ਦੀ ਤਾਇਨਾਤੀ ਹੋ ਗਈ ਹੈ, ਜੋ ਫ਼ਿਲਮ ਦੇ ਜਾਰੀ ਹੋਣ ਦੀ ਸਥਿਤੀ ਸਪੱਸ਼ਟ ਕਰਦੀ ਹੈ |

ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸੰਪਰਕ ਦੀ ਕੋਸ਼ਿਸ਼ ਤਹਿਤ ਉਨ੍ਹਾਂ ਦੇ ਦਫ਼ਤਰੀ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਸਿੰਘ ਸਾਹਿਬ ਪਿਛਲੀ ਫ਼ਿਲਮ ਮੌਕੇ ਸਰਕਾਰ ਨੂੰ ਪਾਬੰਦੀ ਲਾਉਣ ਦੇ ਨਿਰਦੇਸ਼ ਦੇ ਚੁਕੇ ਹਨ ਤੇ ਉਨ੍ਹਾਂ ਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਹੈ |

ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਨਾਲ ਰਾਬਤਾ ਕੀਤੇ ਜਾਣ ‘ਤੇ ਉਨ੍ਹਾਂ ਕਿਹਾ ਕਿ ਫ਼ਿਲਮ ‘ਤੇ ਰੋਕ ਲਗਾਉਣਾ ਸਰਕਾਰ ਦੇ ਅਧਿਕਾਰ ਖੇਤਰ ‘ਚ ਹੈ ਅਤੇ ਹਲਾਤ ਵਿਗੜਣ ਦੀਆਂ ਸੰਭਾਵਨਾਵਾਂ ਦੇ ਮੱਦੇ ਨਜ਼ਰ ਸਰਕਾਰ ਹੀ ਕੋਈ ਫ਼ੈਸਲਾ ਲਵੇਗੀ |

ਅੰਮਿ੍ਤਸਰ ਦੇ ਦੋ ਸਿਨੇਮਿਆਂ ‘ਚ ਇਸ ਫ਼ਿਲਮ ਦੇ ਲੱਗਣ ਦੀ ਸੂਚਨਾ ਮਗਰੋਂ ਜਦੋਂ ‘ਅਜੀਤ’ ਦੇ ਕੈਮਰਾਮੈਨ ਨੇ ਇਕ ਸਿਨੇਮੇ ‘ਚ ਲੱਗੇ ਪੋਸਟਰਾਂ ਦੀਆਂ ਤਸਵੀਰਾਂ ਕੀਤੀਆਂ ਤਾਂ ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਵੱਲੋਂ ਸਿਨੇਮਾ ਕਰਮਚਾਰੀਆਂ ਨੂੰ ਪਰਦੇ ਨਾਲ ਪੋਸਟਰ ਉਤਾਰ ਦੇਣ ਲਈ ਨਿਰਦੇਸ਼ ਦੇ ਦਿੱਤੇ |

ਇਸ ਸਬੰਧੀ ਕਮਿਸ਼ਨਰ ਪੁਲਿਸ ਸ: ਜਤਿੰਦਰਪਾਲ ਸਿੰਘ ਔਲਖ ਨੇ ਕਿਹਾ ਕਿ ਸਰਕਾਰ ਵੱਲੋਂ ਕਿਸੇ ਪਾਬੰਦੀ ਦੀ ਹੁਣ ਤੱਕ ਸੂਚਨਾ ਨਹੀਂ ਹੈ ਅਤੇ ਪੁਲਿਸ ਵੱਲੋਂ ਹਾਲਾਤਾਂ ਨੂੰ ਆਮ ਰੱਖਣ ਲਈ ਮੁਸ਼ਤੈਦੀ ਬਣਾਈ ਜਾ ਰਹੀ ਹੈ |

ਡਿਪਟੀ ਕਮਿਸ਼ਨਰ ਅੰਮਿ੍ਤਸਰ ਸ੍ਰੀ ਰਵੀ ਭਗਤ ਨੇ ਸਰਕਾਰ ਵੱਲੋਂ ਫ਼ਿਲਮ ‘ਤੇ ਕਿਸੇ ਰੋਕ ਦੇ ਹੁਕਮਾਂ ਨੂੰ ਨਕਾਰਦਿਆਂ ਕਿਹਾ ਕਿ ਹਾਲਾਤਾਂ ਨੂੰ ਸ਼ਾਂਤ ਰੱਖਣਾ ਪੁਲਿਸ ਦੀ ਜ਼ਿੰਮੇਵਾਰੀ ਹੋਵੇਗੀ |

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version