Site icon Sikh Siyasat News

ਪੰਜਾਬ ਪੁਲਿਸ ਨੂੰ ਹੁਣ ਸਿਰਫ ਬਰਾਮਦ ਨਸ਼ੇ ਦੀ ਮਾਤਰਾ ਦੱਸਣ ਦੇ ਹੁਕਮ, ਕੀਮਤ ਨਹੀਂ

ਮੋਗਾ: ਪੰਜਾਬ ਪੁਲਿਸ ਹੁਣ ਮੀਡੀਆ ਕੋਲ ਬਰਾਮਦ ਕੀਤੇ ਨਸ਼ਿਆਂ ਦੀ ਕੀਮਤ ਦਾ ਦਾਅਵਾ ਨਹੀਂ ਕਰ ਸਕੇਗੀ। ਵਧੀਕ ਡੀਜੀਪੀ-ਕਮ-ਵਿਸ਼ੇਸ਼ ਟਾਸਕ ਫੋਰਸ (ਐਸਟੀਐਫ਼) ਮੁਖੀ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਮੀਡੀਆ ਵਿੱਚ ਬਰਾਮਦ ਨਸ਼ਿਆਂ ਦੀ ਕੀਮਤ ਦੱਸਣ ’ਤੇ ਪਾਬੰਦੀ ਲਾ ਦਿੱਤੀ ਹੈ।

ਵਧੀਕ ਪੰਜਾਬ ਪੁਲਿਸ ਮੁਖੀ ਤੇ ਵਿਸ਼ੇਸ਼ ਟਾਸਕ ਫੋਰਸ ਐਂਡ ਬਾਰਡਰ, ਪੰਜਾਬ ਨੇ ਸਾਰੇ ਪੰਜਾਬ ਪੁਲਿਸ ਕਮਿਸ਼ਨਰਾਂ, ਜ਼ੋਨਲ ਆਈਜ਼, ਡੀਆਈਜ਼, ਜ਼ਿਲ੍ਹਾ ਪੁਲਿਸ ਮੁਖੀਆਂ, ਏਆਈਜੀ, ਗੌਰਮਿੰਟ ਰੇਲਵੇ ਪੁਲੀਸ ਤੇ ਏਆਈਜ਼ ਐਸਟੀਐੱਫ਼ ਨੂੰ ਪੱਤਰ ਜਾਰੀ ਕਰ ਕੇ ਮੀਡੀਆ ਵਿੱਚ ਬਰਾਮਦ ਨਸ਼ਿਆਂ ਦੀ ਕੀਮਤ ਦੱਸਣ ’ਤੇ ਪਾਬੰਦੀ ਲਾ ਦਿੱਤੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਨਸ਼ਾ ਤਸਕਰੀ: ਪੰਜਾਬ ਪੁਲਿਸ ਅਤੇ ਨਸ਼ਾ (ਪ੍ਰਤੀਕਾਤਮਕ ਤਸਵੀਰ)

ਪੱਤਰ ਵਿੱਚ ਕਿਹਾ ਗਿਆ ਹੈ ਕਿ ਵੇਖਣ ਵਿੱਚ ਆਇਆ ਹੈ ਕਿ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਬਰਾਮਦ ਕੀਤੇ ਗਏ ਨਸ਼ੇ ਬਾਰੇ ਮੀਡੀਆ ਨੂੰ ਇਹ ਬਿਆਨ ਦਿੰਦੇ ਹਨ ਕਿ ਬਰਾਮਦ ਨਸ਼ੇ ਦੀ ਮਾਰਕੀਟ ਵਿੱਚ ਏਨੇ ਕਰੋੜ ਰੁਪਏ ਕੀਮਤ ਹੈ ਜਦੋਂਕਿ ਬਰਾਮਦ ਨਸ਼ੇ ਦੀ ਇਹ ਅਸਲ ਕੀਮਤ ਨਹੀਂ ਹੁੰਦੀ, ਜਿਸ ਕਾਰਨ ਆਮ ਜਨਤਾ ਵਿੱਚ ਇਹ ਭੁਲੇਖੇ ਪੈਦਾ ਹੁੰਦੇ ਹਨ ਕਿ ਨਸ਼ੇ ਦੀ ਸਮੱਗਲਿੰਗ/ਸਪਲਾਈ ਵਿੱਚ ਮੋਟਾ ਮੁਨਾਫ਼ਾ ਹੈ। ਮੀਡੀਆ ਅੱਗੇ ਸਿਰਫ਼ ਬਰਾਮਦ ਨਸ਼ੇ ਦੀ ਮਾਤਰਾ ਹੀ ਦੱਸਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version