Site icon Sikh Siyasat News

ਔਕਸਫੋਰਡ ਕਾਲਜ ਨੇ ਮਿਆਂਮਾਰ ਆਗੂ ‘ਆਂਗ ਸਾਂ ਸੂ ਕੀ’ ਦੀ ਪੇਂਟਿੰਗ ਹਟਾਈ

ਲੰਦਨ: ਔਕਸਫੋਰਡ ਯੂਨੀਵਰਸਿਟੀ ਕਾਲਜ ਨੇ ਆਂਗ ਸਾਂ ਸੂ ਕੀ ਦੀ ਪੇਂਟਿੰਗ ਆਪਣੇ ਮੁੱਖ ਦੁਆਰ ਤੋਂ ਹਟਾ ਦਿੱਤੀ ਹੈ। ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਕਾਰਨ ਮਿਆਂਮਾਰ ਆਗੂ ਦੀ ਹੋ ਰਹੀ ਆਲੋਚਨਾ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਜਾਪਦੀ ਹੈ।

ਸੂ ਕੀ ਨੇ ਸੇਂਟ ਹਿਊ’ਜ਼ ਕਾਲਜ ਤੋਂ 1967 ’ਚ ਗਰੈਜੁਏਸ਼ਨ ਕੀਤੀ ਸੀ ਅਤੇ 1999 ’ਚ ਉਸ ਦੀ ਤਸਵੀਰ ਕਾਲਜ ਦੇ ਮੁੱਖ ਦੁਆਰ ’ਤੇ ਲਾਈ ਗਈ ਸੀ। ਕਲਾਕਾਰ ਚੇਨ ਯਾਨਿੰਗ ਨੇ 1997 ’ਚ ਇਹ ਪੇਂਟਿੰਗ ਬਣਾਈ ਸੀ ਅਤੇ ਇਹ ਸੂ ਕੀ ਦੇ ਪਤੀ ਔਕਸਫੋਰਡ ਪ੍ਰੋਫ਼ੈਸਰ ਮਾਈਕਲ ਏਰਿਸ ਕੋਲ ਸੀ ਅਤੇ ਉਨ੍ਹਾਂ ਦੀ ਮੌਤ ਮਗਰੋਂ ਇਹ ਤਸਵੀਰ ਕਾਲਜ ਨੂੰ ਦੇ ਦਿੱਤੀ ਗਈ ਸੀ।

ਮਿਆਂਮਾਰ ਆਗੂ ‘ਆਂਗ ਸਾਂ ਸੂ ਕੀ’ ਦੀ ਪੁਰਾਣੀ ਤਸਵੀਰ।

ਕਾਲਜ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਸੇ ਮਹੀਨੇ ਨਵੀਂ ਪੇਂਟਿੰਗ ਮਿਲੀ ਹੈ ਜਿਸ ਨੂੰ ਹੁਣ ਦਰਸਾਇਆ ਜਾਵੇਗਾ ਅਤੇ ਆਂਗ ਸਾਂ ਸੂ ਕੀ ਦੀ ਪੇਂਟਿੰਗ ਨੂੰ ਹਟਾ ਕੇ ਸਟੋਰ ’ਚ ਰੱਖ ਦਿੱਤਾ ਗਿਆ ਹੈ। ਪੇਂਟਿੰਗ ਨੂੰ ਹਟਾਉਣ ਬਾਰੇ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ ਪਰ ਨਵਾਂ ਅਕੈਡਮਿਕ ਵਰ੍ਹਾ ਸ਼ੁਰੂ ਹੋਣ ਤੋਂ ਪਹਿਲਾਂ ਇਸ ਨੂੰ ਖੁੱਡੇ ਲਾਇਆ ਗਿਆ ਹੈ।

ਬਰਮਾ ਮੁਹਿੰਮ ਯੂਕੇ ਗਰੁੱਪ ਦੇ ਡਾਇਰੈਕਟਰ ਮਾਰਕ ਫਾਰਮੈਨਰ ਨੇ ਅਖ਼ਬਾਰ ਗਾਰਜੀਅਨ ਨੂੰ ਦੱਸਿਆ ਕਿ ਜੇਕਰ ਆਂਗ ਸਾਂ ਸੂ ਕੀ ਦੀ ਤਸਵੀਰ ਰੋਹਿੰਗਿਆ ਮੁਸਲਮਾਨਾਂ ਖ਼ਿਲਾਫ਼ ਕਾਰਵਾਈ ਤਹਿਤ ਹਟਾਈ ਗਈ ਹੈ ਤਾਂ ਉਨ੍ਹਾਂ ਨੂੰ ਖੁਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version