Site icon Sikh Siyasat News

ਪੰਜ ਪਿਆਰਿਆਂ ਵੱਲੋਂ ਸਰਬੱਤ ਖਾਲਸਾ ਸੰਸਥਾ ਨੂੰ ਪੁਨਰ ਸਰਜੀਤ ਕਰਨ ਦਾ ਸੱਦਾ;ਪਿੰਡ ਪਿੰਡ ਜਾ ਕੇ ਕਰਨਗੇ ਅੰਮ੍ਰਿਤ ਸੰਚਾਰ ਤੇ ਪ੍ਰਚਾਰ

ਅੰਮ੍ਰਿਤਸਰ ਸਾਹਿਬ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਇੱਕ ਨਵਾਂ ਗੁਰਮਤਾ ਜਾਰੀ ਕਰਦਿਆਂ ਖਾਲਸਾ ਪੰਥ ਨੂੰ ਅਪੀਲ਼ ਕੀਤੀ ਗਈ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਰਬੱਤ ਖਾਲਸਾ ਸੰਸਥਾ ਨੂੰ ਪੁਨਰ ਸੁਰਜੀਤ ਕੀਤਾ ਜਾਵੇ।

ਪੰਜ ਪਿਆਰੇ

ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ, ਭਾਈ ਸਤਿਨਾਮ ਸਿੰਘ, ਭਾਈ ਮੇਜਰ ਸਿੰਘ ਨੇ ਜਾਰੀ ਬਿਆਨ ਰਾਹੀਂ ਕਿਹਾ ਕਿ ਮੋਜੂਦਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਸਾਹਿਬਾਨ ਨੂੰ ਰਾਜਨੀਤਿਕ ਪ੍ਰਭਾਵ ਵਿੱਚੋਂ ਕੱਢਣਾ ਬਹੁਤ ਜਰੂਰੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਂਸਲੇ ਲੈਣ ਦੀ ਜੁਗਤ ਬਾਰੇ ਸਰਬੱਤ ਖਾਲਸਾ ਸੰਸਥਾ ਨੂੰ ਮੁੜ ਸੁਰਜੀਤ ਕੀਤਾ ਜਾਵੇ, ਪਰ ਇਸ ਸੰਸਥਾ ਦੀ ਬਣਤਰ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਤੇ ਸਿੱਖਾਂ ਦੀ ਨੁਮਾਇੰਦਗੀ ਤਹਿਤ ਲਾਜ਼ਮੀ ਹੋਵੇ।

ਪੰਜ ਪਿਆਰਿਆਂ ਵੱਲੋਂ ਖਾਲਸਾ ਪੰਥ ਨੂੰ ਦਿੱਤੇ ਗਏ ਜਥੇਦਾਰਾਂ ਦੇ ਸਮਾਜਿਕ ਬਾਈਕਾਟ ਦੇ ਸੰਦੇਸ਼ ਨੂੰ ਪੰਥ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਮੁੱਚੀ ਸਿੱਖ ਕੌਮ ਦੇ ਸੇਵਾਦਾਰ ਹਨ ਤੇ ਕਿਸੇ ਖਾਸ ਸੰਸਥਾ, ਸੰਪਰਦਾ, ਜਥਾ ਜਾ ਰਾਜਸੀ ਧਿਰ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ।

ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਸਿੱਖ ਸਿਆਸਤ ਨਾਲ ਗੱਲ ਕਰਦਿਆਂ ਜਾਣਕਾਰੀ ਦਿੱਤੀ ਕਿ ਉਹ ਪੰਜ ਪਿਆਰਿਆਂ ਦੇ ਰੂਪ ਵਿੱਚ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਅਨੁਸਾਰ ਪਿੰਡ ਪਿੰਡ ਜਾ ਕੇ ਅੰਮ੍ਰਿਤ ਸੰਚਾਰ ਅਤੇ ਪ੍ਰਚਾਰ ਦੀ ਸੇਵਾ ਨਿਭਾਉਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version