Site icon Sikh Siyasat News

ਨਤੀਜਾ: ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿਚ ਐਸਐਫਐਸ ਅਤੇ ਸੋਈ ਦਾ ਫਸਵਾਂ ਮੁਕਾਬਲਾ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵਿਦਿਆਰਥੀ ਕਾਉਂਸਲ ਲਈ ਅੱਜ ਵਿਦਿਆਰਥੀ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਤੇ ਹੁਣ ਤਕ ਦੇ ਰੁਝਾਨਾਂ ਮੁਤਾਬਕ ਪ੍ਰਧਾਨ ਦੇ ਅਹੁਦੇ ਲਈ ਐਸ ਐਫ ਐਸ (ਸਟੂਡੈਂਟ ਫਾਰ ਸੁਸਾਇਟੀ) ਪਾਰਟੀ ਅਤੇ ਸੋਈ (ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ) ਪਾਰਟੀ ਦਰਮਿਆਨ ਫਸਵਾਂ ਮੁਕਾਬਲਾ ਹੈ। ਹੁਣ ਤਕ ਦੇ ਨਤੀਜਿਆਂ ਮੁਤਾਬਕ ਐਸ ਐਫ ਐਸ ਦੀ ਪ੍ਰਧਾਨਗੀ ਅਹੁਦੇ ਦੀ ਉਮੀਦਵਾਰ ਕਨੂਪ੍ਰਿਆ 1333 ਵੋਟਾਂ ਹਾਸਿਲ ਕਰਕੇ ਸਭ ਤੋਂ ਅੱਗੇ ਚਲ ਰਹੀ ਹੈ ਜਦਕਿ ਦੂਜੇ ਸਥਾਨ ‘ਤੇ ਸੋਈ ਦਾ ਉਮੀਦਵਾਰ ਇਕਬਾਲਪ੍ਰੀਤ ਸਿੰਘ 834 ਵੋਟਾਂ ਨਾਲ ਉਸ ਨੂੰ ਮੁਕਾਬਲਾ ਦੇ ਰਿਹਾ ਹੈ।

ਤੀਜੇ ਸਥਾਨ ‘ਤੇ ਏਬੀਵੀਪੀ 651 ਵੋਟਾਂ ਨਾਲ ਚਲ ਰਹੀ ਹੈ ਜਦਕਿ ਐਨਐਸਯੂਆਈ 519 ਵੋਟਾਂ ਨਾਲ ਚੌਥੇ ਸਥਾਨ ‘ਤੇ ਚਲ ਰਹੀ ਹੈ।

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕਾਉਂਸਲ ਵਿਚ ਚਾਰ ਅਹੁਦਿਆਂ ਲਈ ਮੁਕਾਬਲਾ ਹੁੰਦਾ ਹੈ, ਜਿਸ ਵਿਚ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ ਅਤੇ ਜਾਇੰਟ ਸਕੱਤਰ ਦੇ ਅਹੁਦੇ ਸ਼ਾਮਿਲ ਹਨ।

ਯੂਨੀਵਰਸਿਟੀ ਤੋਂ ਇਲਾਵਾ ਚੰਡੀਗੜ੍ਹ ਵਿਚਲੇ ਯੂਨੀਵਰਸਿਟੀ ਦੇ ਕਾਲਜਾਂ ਵਿਚ ਵੀ ਵਿਦਿਆਰਥੀ ਚੋਣਾਂ ਹੋਈਆਂ ਹਨ ਤੇ ਸਾਰੇ ਨਤੀਜੇ ਸ਼ਾਮ ਤਕ ਸਾਹਮਣੇ ਆ ਜਾਣਗੇ।

ਗੌਰਤਲਬ ਹੈ ਕਿ ਪਿਛਲੇ ਸਾਲ ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦੀ ਪ੍ਰਧਾਨਗੀ ਦੀ ਜਿੱਤ ਹਾਸਿਲ ਕੀਤੀ ਸੀ, ਪਰ ਇਸ ਵਾਰ ਪਾਰਟੀ ਚੌਥੀ ਥਾਂ ‘ਤੇ ਖਿਸਕ ਗਈ ਹੈ। ਮੁੱਖ ਮੁਕਾਬਲਾ ਹੁਣ ਐਸਐਫਐਸ ਅਤੇ ਸੋਈ ਦਰਮਿਆਨ ਹੀ ਰਹਿ ਗਿਆ ਹੈ। ਐਸਐਫਐਸ ਨੂੰ ਖੱਬੇ ਪੱਖੀ ਵਿਚਾਰਧਾਰਾ ਵਾਲੀ ਪਾਰਟੀ ਮੰਨਿਆ ਜਾਂਦਾ ਹੈ ਜਦਕਿ ਸੋਈ ਬਾਦਲ ਦਲ ਦੀ ਵਿਦਿਆਰਥੀ ਇਕਾਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version