Site icon Sikh Siyasat News

ਪਰਮਜੀਤ ਸਿੰਘ ਪੰਮਾ ਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ; ਪਰਿਵਾਰ ਨੇ ਪੁਰਤਗਾਲ ਅਦਾਲਤ ਨੂੰ ਲਿਖਿਆ ਪੱਤਰ

ਚੰਡੀਗੜ੍ਹ (21 ਦਸੰਬਰ , 2015): ਪੁਰਤਗਾਲ ਵਿੱਚ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤੇ ਪਰਮਜੀਤ ਸਿੰਘ ਪੰਮਾ ਦੇ ਮਾਪਿਆਂ ਨੇ ਪੁਰਤਗਾਲ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਇਸ ਮਾਮਲੇ ‘ਚ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜੇ ਉਸਨੂੰ ਅਦਾਲਤ ਵੱਲੋਂ ਭਾਰਤ ਭੇਜਣ ਦੇ ਹੁਕਮ ਦੇ ਦਿੱਤੇ ਗਏ ਤਾਂ ਇੱਥੋਂ ਦੀ ਪੰਜਾਬ ਪੁਲਿਸ ਹੋਰ ਨੌਜਵਾਨਾਂ ਵਾਂਗ ਉਸ ‘ਤੇ ਵੀ ਤਸ਼ੱਦਦ ਕਰੇਗੀ, ਇਸ ਲਈ ਉਸਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ।

ਮੁਹਾਲੀ ਦੇ ਫੇਸ-3ਬੀ-2 ਵਿਖੇ ਰਹਿਣ ਵਾਲੇ ਪੰਮੇ ਦੇ ਮਾਪਿਆਂ ਨੇ ਪੁਰਤਗਾਲ ਅਦਾਲਤ ਨੂੰ ਭੇਜੀ ਬੇਨਤੀ ‘ਚ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ 12 ਅਗਸਤ 1999 ਨੂੰ ਭਾਰਤ ਛੱਡ ਦਿੱਤਾ ਸੀ ਤੇ ਉਹ ਇੰਗਲੈਂਡ ਚਲਾ ਗਿਆ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਮਜੀਤ ਸਿੰਘ ਦੇ ਮਾਂ-ਪਿਓੁ ਅਤੇ ਐਡਵੋਕੇਟ ਹਰਪਾਲ ਸਿੰਘ ਚੀਮਾ

ਭਾਰਤ ਵੱਲੋਂ ਪਰਮਜੀਤ ਸਿੰਘ ਪੰਮਾ ਦੀ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਕਤਲ ਕੇਸ ਵਿੱਚ ਭਾਰਤ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ।

ਅੱਜ ਇੱਥੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਵਕੀਲ ਚੈਂਬਰ-5 ਵਿਚ ਚੋਣਵੇਂ ਮੀਡੀਆ ਨਾਲ ਗੱਲਬਾਤ ਦੌਰਾਨ ਪੰਮੇ ਦੇ ਪਿਤਾ ਅਮਰੀਕ ਸਿੰਘ, ਮਾਤਾ ਰਤਨ ਕੌਰ ਤੇ ਸਿੱਖਸ ਫਾਰ ਜਸਟਿਸ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਮੇ ਵੱਲੋਂ ਭਾਰਤ ਛੱਡਣ ਦਾ ਕਾਰਨ ਇਹ ਸੀ ਕਿ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਵੱਲੋਂ ਵਾਰ ਵਾਰ ਉਸਦੇ ਮਾਤਾ ਪਿਤਾ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ ‘ਚ ਲੈ ਲਿਆ ਜਾਂਦਾ ਸੀ।

ਪਰਮਜੀਤ ਸਿੰਘ ਦੀ ਮਾਤਾ ਰਤਨ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵੀ ਪੁਲਿਸ ਅਧਿਕਾਰੀ ਸੁਮੇਧ ਸੈਣੀ ਵੱਲੋਂ ਕੀਤੇ ਤਸ਼ੱਦਦ ਦਾ ਸ਼ਿਕਾਰ ਹੈ, ਉਨ੍ਹਾਂ ਦੇ ਇੱਕ ਪੁੱਤਰ ਪਰਮਿੰਦਰ ਸਿੰਘ ਉਰਫ਼ ਰਾਜਾ ਬੌਸ ਨੂੰ ਚੰਡੀਗੜ੍ਹ ਪੁਲਿਸ ਨੇ ਚੁੱਕ ਲਿਆ ਸੀ ਅਤੇ ਝੂਠੇ ਪੁਲਿਸ ਮੁਕਾਬਲੇ ‘ਚ ਮਾਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਪੰਮੇ ਨੂੰ ਇਹ ਡਰ ਸੀ ਕਿ ਉਸਨੂੰ ਵੀ ਉਸਦੇ ਭਰਾ ਵਾਂਗ ਮਾਰ ਦਿੱਤਾ ਜਾਵੇਗਾ ਅਤੇ ਉਸਦੇ ਪਿਤਾ ਅਤੇ ਮਾਤਾ ਨੂੰ ਪ੍ਰੇਸ਼ਾਨ ਕੀਤਾ ਜਾਵੇਗਾ, ਜਿਸਦੇ ਚੱਲਦਿਆਂ 1999 ‘ਚ ਉਹ ਇੰਗਲੈਂਡ ਜਾ ਵਸਿਆ ਸੀ ਤੇ ਪਿਛਲੇ ਦਿਨੀਂ ਉਹ ਆਪਣੀ ਪਤਨੀ ਨਾਲ ਪੁਰਤਗਾਲ ਘੁੰਮਣ ਗਿਆ ਸੀ, ਜਿੱਥੇ ਇੰਟਰਪੋਲ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਐਡਵੋਕੇਟ ਚੀਮਾ ਨੇ ਦੱਸਿਆ ਕਿ ਰੁਲਦਾ ਸਿੰਘ ਕੇਸ ‘ਚ ਪੰਜਾਬ ਪੁਲਿਸ ਨੇ ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ, ਉਹ ਸਭ ਨਿਰਦੋਸ਼ ਸਾਬਿਤ ਹੋਏ ਹਨ ਤੇ ਬਾਅਦ ਵਿਚ ਜਗਤਾਰ ਸਿੰਘ ਤਾਰੇ ਨੂੰ ਵੀ ਇਸੇ ਦੋਸ਼ ‘ਚ ਫੜਿਆ ਗਿਆ, ਜਿਸ ਖਿਲਾਫ਼ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version