Site icon Sikh Siyasat News

ਖਾਲਸਾ ਸਿਰਜਣਾ ਦਿਵਸ ‘ਤੇ ਸਰੀ ਵਿੱਚ ਹੋਣ ਵਾਲੀ “ਖ਼ਾਲਸਾ ਪਰੇਡ” ਦੀਆਂ ਤਿਆਰੀਆਂ ਮੁਕੰਮਲ

ਸਰੀ (10 ਅਪ੍ਰੈਲ , 20145): ਖਾਲਸਾ ਸਿਰਜਣਾ ਦਿਵਸ ‘ਤੇ ਹੋਣ ਵਾਲੀ ਸਰੀ ਦੀ ਸਾਲਾਨਾ ‘ਖ਼ਾਲਸਾ ਡੇਅ ਪਰੇਡ’ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਪਰੇਡ ਪੰਜਾਬ ਤੋਂ ਬਾਹਰ ਸਿੱਖਾਂ ਦੇ ਸਭ ਤੋਂ ਵੱਡੇ ਇਕੱਠ ਲਈ ਜਾਣੀ ਜਾਂਦੀ ਹੈ।

\n18 ਅਪ੍ਰੈਲ ਦਿਨ ਸਨਿੱਚਰਵਾਰ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਵੱਲੋਂ ਸਮੂਹ ਸੰਗਤਾਂ ਅਤੇ ਸਥਾਨਕ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਕੱਢੇ ਜਾਣ ਵਾਲੇ ਇਸ ਨਗਰ ਕੀਰਤਨ ਸਬੰਧੀ ਗਰੈਂਡ ਤਾਜ ਬੈਂਕੁਇਟ ਹਾਲ ਵਿਖੇ ਪੱਤਰਕਾਰਾਂ ਦੇ ਭਰਵੇਂ ਇਕੱਠ ‘ਚ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਿਟੀ ਆਫ਼ ਸਰੀ, ਆਰ. ਸੀ. ਐਮ. ਪੀ, ਹੈਲਥ ਕੈਨੇਡਾ, ਸਥਾਨਕ ਫਾਇਰ ਡਿਪਾਰਟਮੈਂਟ ਅਤੇ ਹੋਰ ਸਰਕਾਰੀ ਤੇ ਗੈਰ-ਸਰਕਾਰੀ ਜ਼ਿੰਮੇਵਾਰ ਸੰਸਥਾਵਾਂ ਨਾਲ ਲੋੜੀਂਦੀਆਂ ਮਿਲਣੀਆਂ ਕਰਕੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ।

ਖਾਲਸਾ ਪਰੇਡ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ

ਪਿਛਲੇ ਸਾਲ ਵਾਲੇ ਰੂਟ ‘ਤੇ ਹੀ ਨਿਕਲਣ ਵਾਲੀ ਇਸ ਪਰੇਡ ਦੌਰਾਨ ਮੁੱਖ ਸਟੇਜ 128 ਸਟਰੀਟ ਅਤੇ 76 ਐਵੇਨਿਊ ਵਾਲੀਆਂ ਲਾਈਟਾਂ ‘ਤੇ ਹੀ ਲੱਗੇਗੀ, ਜਿੱਥੇ ਢਾਡੀ ਵਾਰਾਂ ਅਤੇ ਕਵੀਸ਼ਰੀ ਤੋਂ ਇਲਾਵਾ ਪ੍ਰਮੁੱਖ ਬੁਲਾਰੇ ਆਪਣੇ ਵਿਚਾਰ ਪੇਸ਼ ਕਰਨਗੇ।

ਇਸ ਸਾਲ ਵੀ ਕੈਨੇਡੀਅਨ ਫ਼ੌਜ ਦੇ ਜਵਾਨ ਆਰੰਭ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦੇਣਗੇ ਅਤੇ ਫਿਰ ਫ਼ੌਜੀ ਗੱਡੀਆਂ ਸਮੇਤ ਨਗਰ ਕੀਰਤਨ ਦਾ ਹਿੱਸਾ ਬਣਨਗੇ।

‘ਸਿੱਖ ਮੋਟਰ ਸਾਈਕਲ ਕਲੱਬ’ ਵੱਲੋਂ ਸ਼ਮੂਲੀਅਤ ਕਰਦਿਆਂ ਮੌਕੇ ‘ਤੇ ਚਾਹਵਾਨਾਂ ਦੇ ਦਸਤਾਰਾਂ ਸਜਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਿਸ਼ਾਨ ਸਾਹਿਬ ਦੀ ਸੇਵਾ ਇਕ ਹਫ਼ਤਾ ਪਹਿਲਾਂ 12 ਅਪ੍ਰੈਲ ਦਿਨ ਐਤਵਾਰ ਨੂੰ ਹੋਵੇਗੀ ਅਤੇ ਇਸੇ ਹੀ ਦਿਨ ਦਸਤਾਰ ਮੁਕਾਬਲੇ ਕਰਵਾਏ ਜਾਣਗੇ। 16 ਅਪ੍ਰੈਲ ਦਿਨ ਵੀਰਵਾਰ ਨੂੰ ਸਰੀ ਦੇ ਐਰੀਆ ਬੈਂਕੁਇਟ ਹਾਲ ਵਿਖੇ ‘ਖ਼ਾਲਸਾ ਪੰਥ ਦੀ ਸਿਰਜਣਾ ਅਤੇ ਮਨੋਰਥ’ ਵਿਸ਼ੇ ‘ਤੇ ਇਕ ਸੈਮੀਨਾਰ ਵੀ ਕਰਵਾਇਆ ਜਾਵੇਗਾ, ਜਿਸ ਵਿਚ ਇੰਗਲੈਂਡ ਤੋਂ ਵਿਦਵਾਨ ਡਾ: ਇਕਦਤਾਰ ਕਰਾਮਾਤ ਚੀਮਾ ਅਤੇ ਅਮਰੀਕਾ ਤੋਂ ਸਿੱਖ ਚਿੰਤਕ ਹਰਿੰਦਰ ਸਿੰਘ ਟੈਕਸਸ ਸਮੇਤ ਹੋਰ ਕਈ ਨਾਮਵਰ ਪਤਵੰਤੇ ਆਪਣੇ ਪਰਚੇ ਪੜ੍ਹਨਗੇ।

ਨਗਰ ਕੀਰਤਨ ਤੋਂ ਦੂਜੇ ਦਿਨ 19 ਅਪ੍ਰੈਲ ਤੜਕਸਾਰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ ਲਗਭਗ 2 ਲੱਖ 60 ਹਜ਼ਾਰ ਸੰਗਤਾਂ ਨੇ ਨਗਰ ਕੀਰਤਨ ‘ਚ ਹਿੱਸਾ ਲਿਆ ਅਤੇ ਇਸ ਵਾਰ ਵੀ ਆਸ ਹੈ ਕਿ ਵੱਡੀ ਤਾਦਾਦ ਵਿਚ ਸੰਗਤਾਂ ਦੁਨੀਆ ਦੇ ਕੋਨੇ-ਕੋਨੇ ‘ਚੋਂ ਸਰੀ ਪੁੱਜਣਗੀਆਂ।
ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਨਗਰ ਕੀਰਤਨ ਦੀ ਸਫਲਤਾ ਲਈ ਖ਼ੁਦ ਜ਼ਿੰਮੇਵਾਰੀ ਨਿਭਾਉਂਦਿਆਂ ਸਫ਼ਾਈ ਦਾ ਖ਼ਿਆਲ ਰੱਖਣ ਦੇ ਨਾਲ-ਨਾਲ ਅਨੁਸ਼ਾਸਨ ਵੀ ਕਾਇਮ ਰੱਖਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version